- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
School Bus Accident : ਮੌਕੇ ’ਤੇ ਮੌਜੂਦ ਸਮਾਜ ਸੇਵੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਬੱਸ ਵਿੱਚ ਕਰੀਬ 20 ਤੋਂ 21 ਬੱਚੇ ਸਵਾਰ ਸਨ। ਲੋਕਾਂ ਦੀ ਮਦਦ ਨਾਲ ਸਾਰੇ ਬੱਚਿਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਗਿਆ। ਹਾਦਸੇ 'ਚ ਕਈ ਬੱਚਿਆਂ ਦੇ ਸੱਟਾਂ ਲੱਗਣ ਦੀ ਜਾਣਕਾਰੀ ਮਿਲੀ ਹੈ। ਕੁਝ ਬੱਚਿਆਂ ਨੂੰ ਗੁੱਝੀਆਂ ਸੱਟਾਂ ਵੀ ਲੱਗੀਆਂ ਦੱਸੀਆਂ ਜਾ ਰਹੀਆਂ ਹਨ।

ਗੌਰਵ ਕੁਮਾਰ ਸਲੂਜਾ, ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਦੇ ਅਮਨ ਨਗਰ ਇਲਾਕੇ 'ਚ ਮੰਗਲਵਾਰ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਬੱਚਿਆਂ ਨਾਲ ਭਰੀ ਇਕ ਨਾਮੀ ਸਕੂਲ ਦੀ ਬੱਸ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬਿਜਲੀ ਦਾ ਖੰਭਾ ਟੁੱਟ ਗਿਆ ਤੇ ਬਿਜਲੀ ਦੀਆਂ ਤਾਰਾਂ ਬੱਸ ’ਤੇ ਆ ਡਿੱਗੀਆਂ। ਹਾਦਸੇ ਤੋਂ ਬਾਅਦ ਬੱਸ ਵਿੱਚ ਸਵਾਰ ਬੱਚਿਆਂ 'ਚ ਦਹਿਸ਼ਤ ਫੈਲ ਗਈ। ਧਮਾਕੇ ਵਰਗੀ ਆਵਾਜ਼ ਸੁਣ ਕੇ ਆਸ-ਪਾਸ ਦੇ ਦੁਕਾਨਦਾਰ ਅਤੇ ਇਲਾਕਾ ਨਿਵਾਸੀ ਤੁਰੰਤ ਮੌਕੇ ’ਤੇ ਇਕੱਠੇ ਹੋ ਗਏ। ਲੋਕਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬੱਸ ਵਿੱਚ ਫਸੇ ਬੱਚਿਆਂ ਨੂੰ ਬਾਹਰ ਕੱਢਿਆ।
ਮੌਕੇ ’ਤੇ ਮੌਜੂਦ ਸਮਾਜ ਸੇਵੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਬੱਸ ਵਿੱਚ ਕਰੀਬ 20 ਤੋਂ 21 ਬੱਚੇ ਸਵਾਰ ਸਨ। ਲੋਕਾਂ ਦੀ ਮਦਦ ਨਾਲ ਸਾਰੇ ਬੱਚਿਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਗਿਆ। ਹਾਦਸੇ 'ਚ ਕਈ ਬੱਚਿਆਂ ਦੇ ਸੱਟਾਂ ਲੱਗਣ ਦੀ ਜਾਣਕਾਰੀ ਮਿਲੀ ਹੈ। ਕੁਝ ਬੱਚਿਆਂ ਨੂੰ ਗੁੱਝੀਆਂ ਸੱਟਾਂ ਵੀ ਲੱਗੀਆਂ ਦੱਸੀਆਂ ਜਾ ਰਹੀਆਂ ਹਨ। ਬੱਚਿਆਂ ਦੇ ਮਾਪਿਆਂ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਉਹ ਮੌਕੇ ’ਤੇ ਪਹੁੰਚੇ ਤੇ ਆਪਣੇ ਬੱਚਿਆਂ ਨੂੰ ਮੁੱਢਲੀ ਸਹਾਇਤਾ ਲਈ ਹਸਪਤਾਲ ਲੈ ਗਏ। ਇਲਾਕਾ ਨਿਵਾਸੀਆਂ ਨੇ ਦੋਸ਼ ਲਗਾਇਆ ਕਿ ਬੱਸ ਡਰਾਈਵਰ ਦੀ ਲਾਪਰਵਾਹੀ ਕਾਰਨ ਇਹ ਹਾਦਸਾ ਵਾਪਰਿਆ। ਲੋਕਾਂ ਮੁਤਾਬਕ ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਖ਼ਬਰ ਲਿਖੇ ਜਾਣ ਤਕ ਪੁਲਿਸ ਟੀਮ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਸੀ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਆਧਾਰ ’ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।