30 ਤੱਕ ਸੜਕਾਂ ਨੂੰ ਟੋਇਆ ਤੇ ਮੈਨਹੋਲ ’ਤੇ ਲਾਏ ਜਾਣ ਢੱਕਣ : ਬੈਂਸ
30 ਜੂਨ ਤੱਕ ਲੁਧਿਆਣਾ ਦੀਆਂ ਸੜਕਾਂ ਨੂੰ ਟੋਇਆ ਅਤੇ ਮੈਨਹੋਲ ਤੇ ਲਗਾਏ ਜਾਣ ਢੱਕਣ: ਹਰਜੋਤ ਸਿੰਘ ਬੈਂਸ
Publish Date: Fri, 12 Jun 2026 10:02 PM (IST)
Updated Date: Sat, 13 Jun 2026 04:09 AM (IST)

ਮਿਸ਼ਨ ਕਲੀਨ ਪੰਜਾਬ ਤਹਿਤ ਸਵੇਰੇ-ਸਵੇਰੇ ਲੁਧਿਆਣਾਂ ’ਚ ਅਚਨਚੇਤ ਨਿਰੀਖਣ ਲਈ ਪੁੱਜੇ ਮੰਤਰੀ ਸੀਵਰੇਜ ਸਫ਼ਾਈ ਤੇ ਮਾਨਸੂਨ ਤਿਆਰੀਆਂ ਦੀ ਕੀਤੀ ਸਮੀਖਿਆ ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ ਸਨਅਤੀ ਸ਼ਹਿਰ ਦੀ ਸਵੱਛਤਾ ਤੇ ਸਫਾਈ ਦੇ ਹਲਾਤ ਦੇਖਣ ਲਈ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਬਿਨ੍ਹਾਂ ਕਿਸੇ ਨੂੰ ਜਾਣਕਾਰੀ ਦਿੱਤੇ ਪਹੁੰਚੇ। ਉਨ੍ਹਾਂ ਸ਼ਹਿਰ ’ਚ ਸਫਾਈ ਦੀ ਚੈਕਿੰਗ ਸਮਰਾਲਾ ਚੌਕ ਤੋਂ ਕੀਤੀ ਜਿੱਥੇ ਉਨ੍ਹਾਂ ਸੜਕ ਦੀ ਸਫਾਈ ਦਾ ਕੰਮ ਕਰ ਰਹੇ ਸਫਾਈ ਸੇਵਕ ਨਾਲ ਗੱਲ ਕੀਤੀ। ਮੌਕੇ ਤੇ ਮੰਤਰੀ ਨੂੰ ਦੇਖ ਸਫਾਈ ਸੇਵਕ ਵੀ ਹੈਰਾਨ ਸੀ, ਜਿਸ ਤੋਂ ਮੰਤਰੀ ਨੇ ਉਨ੍ਹਾਂ ਕੰਮ ਕਰਨ ਵਿੱਚ ਆ ਰਹੀ ਸਮੱਸਿਆ ਬਾਰੇ ਵੀ ਗੱਲ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਮਿਸ਼ਨ ਕਲੀਨ ਪੰਜਾਬ ਤਹਿਤ ਚੱਲ ਰਹੀ ਮੁਹਿੰਮ ਦਾ ਜਾਇਜ਼ਾ ਲਿਆ, ਜਦੋਂ ਤੱਕ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਮੰਤਰੀ ਦੇ ਲੁਧਿਆਣਾ ਵਿੱਚ ਆਉਣ ਦੀ ਜਾਣਕਾਰੀ ਮਿਲੀ ਉਸ ਸਮੇਂ ਤੱਕ ਮੰਤਰੀ ਬੈਂਸ ਅੱਧੇ ਲੁਧਿਆਣਾ ਵਿੱਚ ਚੈਕਿੰਗ ਕਰ ਚੁੱਕੇ ਸਨ। ਉਨ੍ਹਾਂ ਤੁਰੰਤ ਨਗਰ ਨਿਗਮ ਅਧਿਕਾਰੀਆਂ ਨੂੰ ਜ਼ੋਨ ਏ ਤੇ ਮੀਟਿੰਗ ਲਈ ਬੁਲਾਇਆ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਹੈ ਕਿ 30 ਜੂਨ ਤੱਕ ਲੁਧਿਆਣਾ ਨੂੰ ਸੜਕਾਂ ਦੇ ਟੋਇਆਂ ਅਤੇ ਖਰਾਬ ਮੈਨਹੋਲਾਂ ਦੀ ਮੁਰੰਮਤ ਅਤੇ ਢੱਕਣ ਲਗਾਏ ਜਾਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਏ ਜਾ ਰਹੇ ਮਿਸ਼ਨ ਕਲੀਨ ਪੰਜਾਬ ਤਹਿਤ ਸਾਰੇ ਅਧਿਕਾਰੀ ਹਰ ਰੋਜ਼ ਸਵੇਰੇ 7 ਤੋਂ 8 ਵਜੇ ਤੱਕ ਮੈਦਾਨ ਵਿੱਚ ਉਤਰ ਕੇ ਚੱਲ ਰਹੇ ਕੰਮਾਂ ਦੀ ਨਿਗਰਾਨੀ ਕਰਨ। ਵੀਰਵਾਰ ਸਵੇਰੇ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਦਾ ਅਚਨਚੇਤ ਦੌਰਾ ਕਰਨ ਦੌਰਾਨ ਮੰਤਰੀ ਬੈਂਸ ਨੇ ਸ਼ਹਿਰ ਵਿੱਚੋਂ ਲੰਘਦੀਆਂ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੀਆਂ ਸੜਕਾਂ ’ਤੇ ਖੜ੍ਹੇ ਮੀਂਹ ਦੇ ਪਾਣੀ ਅਤੇ ਕੂੜੇ ਦੇ ਢੇਰਾਂ ਦਾ ਗੰਭੀਰ ਨੋਟਿਸ ਲਿਆ। ਤਿੰਨ ਘੰਟਿਆਂ ਤੱਕ ਚਲੇ ਨਿਰੀਖਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਜੇਕਰ ਐਨਐਚਏਆਈ ਆਪਣੇ ਅਧੀਨ ਆਉਂਦੀਆਂ ਸੜਕਾਂ ਦੀ ਸਫ਼ਾਈ ਕਰਨ ਵਿੱਚ ਨਾਕਾਮ ਰਹਿੰਦੀ ਹੈ ਤਾਂ ਨਗਰ ਨਿਗਮ ਇਹ ਕੰਮ ਕਰੇਗਾ ਅਤੇ ਇਸ ਦਾ ਖਰਚਾ ਸਬੰਧਤ ਅਥਾਰਟੀ ਤੋਂ ਵਸੂਲਿਆ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਦਾਇਗੀ ਨਾ ਕਰਨ ਦੀ ਸੂਰਤ ਵਿੱਚ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਮਾਨਸੂਨ ਦੇ ਮੱਦੇਨਜ਼ਰ ਬੈਂਸ ਨੇ ਨਗਰ ਨਿਗਮ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਸਮੀਖਿਆ ਮੀਟਿੰਗ ਵੀ ਕੀਤੀ। ਇਸ ਦੌਰਾਨ ਉਨ੍ਹਾਂ ਨਿਰਦੇਸ਼ ਦਿੱਤੇ ਕਿ ਸ਼ਹਿਰ ਦੀਆਂ ਸਾਰੀਆਂ ਸੀਵਰੇਜ ਲਾਈਨਾਂ ਦੀ ਸਫ਼ਾਈ 30 ਜੂਨ ਤੱਕ ਹਰ ਹਾਲਤ ਵਿੱਚ ਮੁਕੰਮਲ ਕੀਤੀ ਜਾਵੇ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਲੁਧਿਆਣਾ ਵਿੱਚ ਕੁੱਲ 220 ਕਿਲੋਮੀਟਰ ਸੀਵਰੇਜ ਲਾਈਨਾਂ ਦੀ ਸਫ਼ਾਈ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿੱਚੋਂ 49 ਕਿਲੋਮੀਟਰ ਨੂੰ ਤਰਜੀਹੀ ਆਧਾਰ ’ਤੇ ਸ਼ਾਮਲ ਕੀਤਾ ਗਿਆ ਹੈ। ਹੁਣ ਤੱਕ ਕਰੀਬ 47 ਫ਼ੀਸਦੀ ਗਾਰ ਕੱਢੀ ਜਾ ਚੁੱਕੀ ਹੈ ਅਤੇ ਬਾਕੀ ਕੰਮ ਨਿਰਧਾਰਤ ਸਮੇਂ ਅੰਦਰ ਪੂਰਾ ਕਰ ਲਿਆ ਜਾਵੇਗਾ। ਸਥਾਨਕ ਸਰਕਾਰਾਂ ਮੰਤਰੀ ਨੇ ਕਿਹਾ ਕਿ ਇਸ ਸਮੇਂ ਲੁਧਿਆਣਾ ਵਿੱਚ 172 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਵਿਕਾਸ ਅਤੇ ਮੁਰੰਮਤ ਨਾਲ ਸਬੰਧਤ ਪ੍ਰੋਜੈਕਟ ਚੱਲ ਰਹੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਖਰਾਬ ਅਤੇ ਗੁੰਮ ਹੋਏ ਮੈਨਹੋਲ ਕਵਰ ਤੁਰੰਤ ਬਦਲੇ ਜਾਣ ਅਤੇ ਸ਼ਹਿਰ ਭਰ ਦੀਆਂ ਸੜਕਾਂ ਦੀ ਮੁਰੰਮਤ ਦਾ ਕੰਮ 30 ਜੂਨ ਤੱਕ ਮੁਕੰਮਲ ਕੀਤਾ ਜਾਵੇ। ਮਾਨਸੂਨ ਦੌਰਾਨ ਪਾਣੀ ਭਰਨ, ਸੀਵਰੇਜ ਜਾਮ ਹੋਣ ਅਤੇ ਹੋਰ ਐਮਰਜੈਂਸੀ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਬੈਂਸ ਨੇ ਨਗਰ ਨਿਗਮ ਨੂੰ 24 ਘੰਟੇ ਅਤੇ ਸੱਤੋਂ ਦਿਨ ਕੰਮ ਕਰਨ ਵਾਲਾ ਵਿਸ਼ੇਸ਼ ਵਾਰ ਰੂਮ ਸਥਾਪਤ ਕਰਨ ਦੇ ਹੁਕਮ ਵੀ ਦਿੱਤੇ। ਉਨ੍ਹਾਂ ਕਿਹਾ ਕਿ ਸ਼ਿਕਾਇਤਾਂ ਦੀ ਰੀਅਲ ਟਾਈਮ ਨਿਗਰਾਨੀ ਕਰ ਕੇ ਲੋਕਾਂ ਨੂੰ ਤੁਰੰਤ ਰਾਹਤ ਦਿੱਤੀ ਜਾਵੇ। ਇਸ ਮੌਕੇ ਜ਼ੋਨ ਏ ਮੀਟਿੰਗ ਕਰਨ ਪੁੱਜੇ ਮੰਤਰੀ ਬੈਂਸ ਨੇ ਆਪਣੇ ਕੰਮ ਕਰਵਾਉਣ ਲਈ ਪੁੱਜੇ ਲੋਕਾਂ ਨਾਲ ਵੀ ਗੱਲਬਾਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨਗਰ ਨਿਗਮ ਨੂੰ ਆਪਣੀਆਂ ਝਾੜੀਆਂ ਕੱਟਣ ਵਾਲੀਆਂ ਮਸ਼ੀਨਾਂ ਖਰੀਦਣ, ਟ੍ਰੈਫਿਕ ਜੰਕਸ਼ਨਾਂ ਦੀ ਸੁੰਦਰਤਾ ਵਧਾਉਣ, ਸੜਕਾਂ ਦੇ ਕੋਨਿਆਂ ਨੂੰ ਰੰਗ ਕਰਨ, ਨਵੇਂ ਡਸਟਬਿਨ ਲਗਾਉਣ ਅਤੇ ਕੂੜਾ ਕੰਪੈਕਟਰਾਂ ਲਈ ਨਵੀਆਂ ਥਾਵਾਂ ਚਿੰਨ੍ਹਿਤ ਕਰਨ ਦੇ ਨਿਰਦੇਸ਼ ਦਿੱਤੇ। ਨਾਲ ਹੀ ਬੰਦ ਪਏ ਟਿਊਬਵੈੱਲਾਂ ਅਤੇ ਸਟਰੀਟ ਲਾਈਟਾਂ ਨੂੰ ਜਲਦ ਤੋਂ ਜਲਦ ਮੁੜ ਚਾਲੂ ਕਰਨ ਲਈ ਵੀ ਕਿਹਾ ਗਿਆ। ਇਸ ਮੌਕੇ ਵਿਧਾਇਕ ਰਜਿੰਦਰਪਾਲ ਕੌਰ ਛੀਨਾ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਚੇਅਰਮੈਨ ਵਿਜੇ ਦਾਨਵ, ਸੰਯੁਕਤ ਕਮਿਸ਼ਨਰ ਵਿਨੀਤ ਕੁਮਾਰ, ਅਮਨਪ੍ਰੀਤ ਸਿੰਘ, ਤਪਨ ਭਨੋਟ, ਜ਼ੋਨਲ ਕਮਿਸ਼ਨਰ ਨੀਰਜ ਜੈਨ, ਗੁਰਪਾਲ ਸਿੰਘ, ਜਸਦੇਵ ਸਿੰਘ ਸੇਖੋਂ, ਸਿਹਤ ਅਫ਼ਸਰ ਡਾ. ਵਿਪਲ ਮਲਹੋਤਰਾ ਅਤੇ ਹੋਰ ਅਧਿਕਾਰੀ ਮੌਜੂਦ ਸਨ।