ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ: ਤੜਕਸਾਰ ਛਾਪੇਮਾਰੀ ਨਾਲ ਹਿੱਲਿਆ ਅਪਰਾਧ ਜਗਤ, 133 ਗ੍ਰਿਫ਼ਤਾਰ ਸ਼ਹਿਰ ਨੂੰ ਅਪਰਾਧ ਮੁਕਤ ਬਣਾਉਣ ਦੇ ਮਕਸਦ ਨਾਲ ਲੁਧਿਆਣਾ ਪੁਲਿਸ ਨੇ ਐਤਵਾਰ ਤੜਕੇ ਵਿਸ਼ੇਸ਼ ਮੁਹਿੰਮ 'ਆਪਰੇਸ਼ਨ ਪ੍ਰਹਾਰ-3' ਦੀ ਸ਼ੁਰੂਆਤ ਕਰਦਿਆਂ ਅਪਰਾਧਿਕ ਅਨਸਰਾਂ ਖ਼ਿਲਾਫ਼ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ। ਸਵੇਰ ਹੋਣ ਤੋਂ ਪਹਿਲਾਂ ਹੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪੁਲਿਸ ਦੀਆਂ ਟੀਮਾਂ ਨੇ ਇੱਕੋ ਸਮੇਂ ਅਪਰਾਧੀਆਂ ਦੇ ਘਰਾਂ ਅਤੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ, ਜਿਸ ਦੌਰਾਨ ਕੁੱਲ 133 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਅਚਨਚੇਤ ਕਾਰਵਾਈ ਨਾਲ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਵਿੱਚ ਹੜਕੰਪ ਮਚ ਗਿਆ।
Publish Date: Sun, 05 Jul 2026 01:02 PM (IST)
Updated Date: Sun, 05 Jul 2026 01:03 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਸ਼ਹਿਰ ਨੂੰ ਅਪਰਾਧ ਮੁਕਤ ਬਣਾਉਣ ਦੇ ਮਕਸਦ ਨਾਲ ਲੁਧਿਆਣਾ ਪੁਲਿਸ ਨੇ ਐਤਵਾਰ ਤੜਕੇ ਵਿਸ਼ੇਸ਼ ਮੁਹਿੰਮ 'ਆਪਰੇਸ਼ਨ ਪ੍ਰਹਾਰ-3' ਦੀ ਸ਼ੁਰੂਆਤ ਕਰਦਿਆਂ ਅਪਰਾਧਿਕ ਅਨਸਰਾਂ ਖ਼ਿਲਾਫ਼ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ। ਸਵੇਰ ਹੋਣ ਤੋਂ ਪਹਿਲਾਂ ਹੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪੁਲਿਸ ਦੀਆਂ ਟੀਮਾਂ ਨੇ ਇੱਕੋ ਸਮੇਂ ਅਪਰਾਧੀਆਂ ਦੇ ਘਰਾਂ ਅਤੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ, ਜਿਸ ਦੌਰਾਨ ਕੁੱਲ 133 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਅਚਨਚੇਤ ਕਾਰਵਾਈ ਨਾਲ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਵਿੱਚ ਹੜਕੰਪ ਮਚ ਗਿਆ।
ਇਸ ਵਿਸ਼ੇਸ਼ ਆਪਰੇਸ਼ਨ ਵਿੱਚ ਲੁਧਿਆਣਾ ਪੁਲਿਸ ਦੇ ਵੱਖ-ਵੱਖ ਥਾਣਿਆਂ ਦੀਆਂ ਟੀਮਾਂ, ਸੀਨੀਅਰ ਅਧਿਕਾਰੀਆਂ ਅਤੇ ਹੋਰ ਪੁਲਿਸ ਕਰਮਚਾਰੀਆਂ ਨੇ ਸਾਂਝੇ ਤੌਰ 'ਤੇ ਹਿੱਸਾ ਲਿਆ। ਕਾਰਵਾਈ ਦੌਰਾਨ ਸ਼ੱਕੀ ਅਤੇ ਅਪਰਾਧਿਕ ਪਿਛੋਕੜ ਵਾਲੇ ਵਿਅਕਤੀਆਂ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ ਅਤੇ ਕਈ ਥਾਵਾਂ 'ਤੇ ਤਲਾਸ਼ੀ ਅਭਿਆਨ ਵੀ ਚਲਾਇਆ ਗਿਆ।
ਇਸ ਸਬੰਧੀ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਫਿਰੋਜ਼ਪੁਰ ਰੋਡ ਸਥਿਤ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਕਬਜ਼ੇ ਵਿਚੋਂ ਦੋ ਗੈਰ-ਕਾਨੂੰਨੀ ਹਥਿਆਰ ਅਤੇ ਕੁਝ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬਰਾਮਦਗੀ ਦੇ ਆਧਾਰ 'ਤੇ ਸਬੰਧਤ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ 'ਆਪਰੇਸ਼ਨ ਪ੍ਰਹਾਰ-3' ਦਾ ਮੁੱਖ ਉਦੇਸ਼ ਸ਼ਹਿਰ ਵਿੱਚ ਅਪਰਾਧੀਆਂ, ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ 'ਤੇ ਸਖ਼ਤ ਸ਼ਿਕੰਜਾ ਕੱਸਣਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਲੁਧਿਆਣਾ ਵਿੱਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਅਜਿਹੀਆਂ ਵਿਸ਼ੇਸ਼ ਮੁਹਿੰਮਾਂ ਅੱਗੇ ਵੀ ਲਗਾਤਾਰ ਜਾਰੀ ਰਹਿਣਗੀਆਂ ਅਤੇ ਕਿਸੇ ਵੀ ਅਪਰਾਧੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।