- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਰਾਜੀਵ ਟੰਡਨ 'ਤੇ ਹੋਏ ਹਮਲੇ ਦੇ ਵਿਰੋਧ ਵਿਚ ਮੰਗਲਵਾਰ ਨੂੰ ਕੱਢੇ ਗਏ ਰੋਸ ਮਾਰਚ ਦੌਰਾਨ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਨਿਹੰਗ ਸਿੰਘ ਅਤੇ ਸ਼ਿਵ ਸੈਨਾ ਦੇ ਨੇਤਾ ਆਹਮੋ-ਸਾਹਮਣੇ ਹੋ ਗਏ। ਦੋਵੇਂ ਪੱਖਾਂ ਵਿਚ ਪਹਿਲਾਂ ਤਿੱਖੀ ਸ਼ਬਦੀ ਜੰਗ ਹੋਈ ਅਤੇ ਫਿਰ ਗਾਲੀ-ਗਲੋਚ ਤੱਕ ਗੱਲ ਪਹੁੰਚ ਗਈ।

ਗਗਨ, ਪੰਜਾਬੀ ਜਾਗਰਣ, ਲੁਧਿਆਣਾ : ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਰਾਜੀਵ ਟੰਡਨ 'ਤੇ ਹੋਏ ਹਮਲੇ ਦੇ ਵਿਰੋਧ ਵਿਚ ਮੰਗਲਵਾਰ ਨੂੰ ਕੱਢੇ ਗਏ ਰੋਸ ਮਾਰਚ ਦੌਰਾਨ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਨਿਹੰਗ ਸਿੰਘ ਅਤੇ ਸ਼ਿਵ ਸੈਨਾ ਦੇ ਨੇਤਾ ਆਹਮੋ-ਸਾਹਮਣੇ ਹੋ ਗਏ। ਦੋਵੇਂ ਪੱਖਾਂ ਵਿਚ ਪਹਿਲਾਂ ਤਿੱਖੀ ਸ਼ਬਦੀ ਜੰਗ ਹੋਈ ਅਤੇ ਫਿਰ ਗਾਲੀ-ਗਲੋਚ ਤੱਕ ਗੱਲ ਪਹੁੰਚ ਗਈ। ਮੌਕੇ 'ਤੇ ਮੌਜੂਦ ਪੁਲਿਸ ਕਰਮਚਾਰੀਆਂ ਨੇ ਤੁਰੰਤ ਦਖ਼ਲ ਦੇ ਕੇ ਦੋਵੇਂ ਪੱਖਾਂ ਨੂੰ ਅਲੱਗ ਕੀਤਾ ਅਤੇ ਸਥਿਤੀ ਨੂੰ ਵਿਗੜਨ ਤੋਂ ਬਚਾ ਲਿਆ।
ਜਾਣਕਾਰੀ ਅਨੁਸਾਰ, ਭਾਰਤ ਨਗਰ ਚੌਕ ਸਥਿਤ ਫ੍ਰੈਂਡਜ਼ ਰੈਜ਼ੀਡੈਂਸੀ ਦੇ ਬਾਹਰ ਸੋਮਵਾਰ ਨੂੰ ਹੋਏ ਹਮਲੇ ਦੇ ਵਿਰੋਧ ਵਿਚ ਰਾਜੀਵ ਟੰਡਨ ਸਮੇਤ ਸ਼ਿਵ ਸੈਨਾ ਦੇ ਨੇਤਾਵਾਂ ਨੇ ਚੌੜਾ ਬਾਜ਼ਾਰ ਤੋਂ ਪੁਲਿਸ ਕਮਿਸ਼ਨਰ ਦਫ਼ਤਰ ਤੱਕ ਰੋਸ਼ ਮਾਰਚ ਕੱਢਿਆ। ਸ਼ੁਰੂ ਵਿਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਸੀਪੀ ਦਫ਼ਤਰ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਪਰ ਬਾਅਦ ਵਿਚ ਉਨ੍ਹਾਂ ਦੀ ਮੁਲਾਕਾਤ ਡੀਸੀਪੀ ਹਰਪਾਲ ਸਿੰਘ ਨਾਲ ਕਰਵਾਈ ਗਈ।
ਅਧਿਕਾਰੀਆਂ ਨਾਲ ਬੈਠਕ ਦੇ ਬਾਅਦ ਜਦੋਂ ਸ਼ਿਵ ਸੈਨਾ ਦੇ ਆਗੂ ਦਫ਼ਤਰ ਤੋਂ ਬਾਹਰ ਨਿਕਲੇ, ਤਾਂ ਉਨ੍ਹਾਂ ਦਾ ਸਾਹਮਣਾ ਕੁਝ ਨਿਹੰਗ ਸਿੰਘਾਂ ਨਾਲ ਹੋ ਗਿਆ। ਦੋਵੇਂ ਪੱਖਾਂ ਨੇ ਇਕ-ਦੂਜੇ ਨੂੰ ਲਲਕਾਰਨਾ ਸ਼ੁਰੂ ਕਰ ਦਿੱਤਾ। ਦੇਖਦਿਆਂ ਹੀ ਦੇਖਦਿਆਂ ਮਾਹੌਲ ਗਰਮ ਹੋ ਗਿਆ ਅਤੇ ਦੋਵੇਂ ਪੱਖਾਂ ਵਿਚ ਤਿੱਖੀ ਬਹਿਸ ਹੋਣ ਲੱਗੀ। ਸਥਿਤੀ ਨੂੰ ਤਣਾਅਪੂਰਨ ਹੁੰਦੇ ਦੇਖ ਕੇ ਪੁਲਿਸ ਨੇ ਤੁਰੰਤ ਦਖ਼ਲ ਦੇ ਕੇ ਦੋਵੇਂ ਪੱਖਾਂ ਨੂੰ ਅਲੱਗ ਕੀਤਾ ਅਤੇ ਸ਼ਿਵ ਸੈਨਾ ਦੇ ਨੇਤਾਵਾਂ ਨੂੰ ਉਥੋਂ ਵਾਪਸ ਭੇਜ ਦਿੱਤਾ। ਰਾਜੀਵ ਟੰਡਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਅਤੇ ਹੋਰ ਸ਼ਿਵ ਸੈਨਾ ਦੇ ਨੇਤਾਵਾਂ 'ਤੇ ਦੁਬਾਰਾ ਹਮਲਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਮਾਮਲੇ ਵਿਚ ਸ਼ਾਮਲ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਟੰਡਨ 'ਤੇ ਹਮਲਾ ਕਰਨ ਵਾਲੇ ਚਾਰ ਮੁਲਜ਼ਮਾਂ ’ਤੇ ਪਰਚਾ, ਇਕ ਗ੍ਰਿਫ਼ਤਾਰ
ਸੋਮਵਾਰ ਨੂੰ ਟੰਡਨ 'ਤੇ ਹੋਏ ਹਮਲੇ ਦੇ ਮਾਮਲੇ ਵਿਚ ਪੁਲਿਸ ਨੇ ਚਾਰ ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਥਾਣਾ ਡਵੀਜ਼ਨ ਨੰਬਰ-5 ਦੇ ਐਸਆਈ ਪੁਰਸ਼ੋਤਮ ਲਾਲ ਮੁਤਾਬਕ ਸੋਮਵਾਰ ਨੂੰ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ 20 ਤੋਂ 25 ਲੋਕ ਧਰਨੇ 'ਤੇ ਬੈਠੇ ਸਨ।
ਧਰਨੇ ਦੇ ਸਮਾਪਤ ਹੋਣ ਦੇ ਬਾਅਦ ਜਦੋਂ ਰਾਜੀਵ ਟੰਡਨ ਆਪਣੀ ਸਰਕਾਰੀ ਗੱਡੀ ਵਿਚ ਬੈਠ ਕੇ ਭਾਰਤ ਨਗਰ ਚੌਕ ਪਹੁੰਚੇ, ਤਾਂ ਤਰਨਜੋਤ ਨੇ ਤੇਜ਼ਧਾਰ ਹਥਿਆਰ ਨਾਲ ਉਨ੍ਹਾਂ ਦੀ ਕਾਰ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਦਾਨਿਸ਼ ਕਪੂਰ ਨੇ ਰੌਲਾ ਪਾ ਕੇ ਆਪਣੇ ਦੋ ਹੋਰ ਸਾਥੀਆਂ ਨੂੰ ਵੀ ਮੌਕੇ 'ਤੇ ਬੁਲਾਇਆ। ਵਾਰਦਾਤ ਦੇ ਬਾਅਦ ਮੁਲਜ਼ਮ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਐਸਆਈ ਪੁਰਸ਼ੋਤਮ ਲਾਲ ਦੀ ਸ਼ਿਕਾਇਤ 'ਤੇ ਥਾਣਾ ਡਵੀਜ਼ਨ ਨੰਬਰ-8 ਵਿਚ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਵਿਚ ਏਸੀਪੀ ਸਰਬਜੀਤ ਸਿੰਘ ਚੀਮਾ ਨੇ ਦੱਸਿਆ ਕਿ ਪੁਲਿਸ ਨੇ ਦਾਨਿਸ਼ ਕਪੂਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਮੁੱਖ ਮੁਲਜ਼ਮ ਤਰਨਜੋਤ ਸਮੇਤ ਦੋ ਹੋਰਨਾਂ ਦੀ ਤਲਾਸ਼ ਜਾਰੀ ਹੈ।