- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਠਵੀਂ ਜਮਾਤ ਵਿੱਚ ਪੜ੍ਹਦਾ 16 ਸਾਲਾ ਹਰਜੀਤ ਕੁਮਾਰ ਪਬਜੀ ਗੇਮ ਦੇ ਪ੍ਰਭਾਵ ਹੇਠ ਘਰ ਤੋਂ ਸੈਂਕੜੇ ਕਿਲੋਮੀਟਰ ਦੂਰ ਦਿੱਲੀ ਤੱਕ ਪਹੁੰਚ ਗਿਆ। ਇਸ ਘਟਨਾ ਨੇ ਨਾ ਸਿਰਫ਼ ਉਸਦੇ ਪਰਿਵਾਰ ਨੂੰ ਚਿੰਤਾ ਵਿੱਚ ਪਾ ਦਿੱਤਾ, ਸਗੋਂ ਇਹ ਸਮਾਜ ਅਤੇ ਮਾਪਿਆਂ ਲਈ ਵੀ ਇੱਕ ਵੱਡਾ ਸੁਨੇਹਾ ਛੱਡ ਗਈ ਹੈ।

ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ, ਲੁਧਿਆਣਾ : ਮੋਬਾਈਲ ਗੇਮਾਂ ਦੀ ਵੱਧ ਰਹੀ ਲਤ ਨੌਜਵਾਨਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਕਿਸ ਹੱਦ ਤੱਕ ਪ੍ਰਭਾਵਿਤ ਕਰ ਸਕਦੀ ਹੈ, ਇਸ ਦੀ ਤਾਜ਼ਾ ਮਿਸਾਲ ਲੁਧਿਆਣਾ ਦੇ ਥਾਣਾ ਡਾਬਾ ਇਲਾਕੇ ਵਿੱਚ ਪੈਂਦੀ ਮੈੜ ਕਲੋਨੀ ਵਿੱਚ ਸਾਹਮਣੇ ਆਈ ਹੈ। ਅੱਠਵੀਂ ਜਮਾਤ ਵਿੱਚ ਪੜ੍ਹਦਾ 16 ਸਾਲਾ ਹਰਜੀਤ ਕੁਮਾਰ ਪਬਜੀ ਗੇਮ ਦੇ ਪ੍ਰਭਾਵ ਹੇਠ ਘਰ ਤੋਂ ਸੈਂਕੜੇ ਕਿਲੋਮੀਟਰ ਦੂਰ ਦਿੱਲੀ ਤੱਕ ਪਹੁੰਚ ਗਿਆ। ਇਸ ਘਟਨਾ ਨੇ ਨਾ ਸਿਰਫ਼ ਉਸਦੇ ਪਰਿਵਾਰ ਨੂੰ ਚਿੰਤਾ ਵਿੱਚ ਪਾ ਦਿੱਤਾ, ਸਗੋਂ ਇਹ ਸਮਾਜ ਅਤੇ ਮਾਪਿਆਂ ਲਈ ਵੀ ਇੱਕ ਵੱਡਾ ਸੁਨੇਹਾ ਛੱਡ ਗਈ ਹੈ। ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਹਰਜੀਤ ਨੇ ਦਿੱਲੀ ਤੋਂ ਅਹਿਮਦਾਬਾਦ ਅਤੇ ਅਹਿਮਦਾਬਾਦ ਤੋਂ ਇੰਡੋਨੇਸ਼ੀਆ ਪਹੁੰਚਣਾ ਸੀ।
ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਸੁਰਿੰਦਰ ਕੁਮਾਰ ਨੇ ਦੱਸਿਆ ਪੜਤਾਲ ਦੇ ਦੌਰਾਨ ਸਾਹਮਣੇ ਆਇਆ ਹੈ ਕਿ ਹਰਜੀਤ ਕੁਮਾਰ ਪਿਛਲੇ ਕਰੀਬ ਇੱਕ ਸਾਲ ਤੋਂ ਪਬਜੀ ਗੇਮ ਖੇਡਣ ਦਾ ਆਦੀ ਹੋ ਚੁੱਕਾ ਸੀ। ਪਰਿਵਾਰਕ ਮੈਂਬਰ ਉਸਨੂੰ ਵਾਰ-ਵਾਰ ਗੇਮ ਖੇਡਣ ਤੋਂ ਰੋਕਦੇ ਸਨ ਅਤੇ ਉਸਦਾ ਜ਼ਿਆਦਾ ਸਮਾਂ ਮੋਬਾਈਲ 'ਤੇ ਬੀਤਣ ਕਾਰਨ ਚਿੰਤਤ ਰਹਿੰਦੇ ਸਨ। ਸਥਿਤੀ ਇਥੋਂ ਤੱਕ ਪਹੁੰਚ ਗਈ ਕਿ ਉਸਦੇ ਪਿਤਾ ਰਾਮ ਫਲਰਾਏ ਨੇ ਉਸ ਕੋਲੋਂ ਮੋਬਾਈਲ ਫੋਨ ਵੀ ਲੈ ਲਿਆ ਸੀ ਤਾਂ ਜੋ ਉਹ ਪੜ੍ਹਾਈ ਵੱਲ ਧਿਆਨ ਦੇ ਸਕੇ।
ਪਰਿਵਾਰ ਮੁਤਾਬਕ 19 ਜੂਨ ਦੀ ਸ਼ਾਮ ਕਰੀਬ 5:45 ਵਜੇ ਹਰਜੀਤ ਘਰੋਂ ਇਹ ਕਹਿ ਕੇ ਨਿਕਲਿਆ ਕਿ ਉਹ ਸਿਰਫ਼ 15 ਮਿੰਟਾਂ ਵਿੱਚ ਵਾਪਸ ਆ ਜਾਵੇਗਾ। ਪਰ ਸਮਾਂ ਬੀਤਣ ਦੇ ਬਾਵਜੂਦ ਜਦੋਂ ਉਹ ਘਰ ਨਾ ਪਰਤਿਆ ਤਾਂ ਪਰਿਵਾਰ ਦੀ ਚਿੰਤਾ ਵੱਧ ਗਈ। ਰਿਸ਼ਤੇਦਾਰਾਂ, ਦੋਸਤਾਂ ਅਤੇ ਜਾਣ-ਪਛਾਣ ਵਾਲਿਆਂ ਕੋਲ ਉਸਦੀ ਭਾਲ ਕੀਤੀ ਗਈ ਪਰ ਕੋਈ ਸੁਰਾਗ ਨਾ ਮਿਲਿਆ। ਆਖਿਰਕਾਰ ਪਰਿਵਾਰ ਨੇ ਥਾਣਾ ਡਾਬਾ ਪੁਲਿਸ ਨਾਲ ਸੰਪਰਕ ਕਰਕੇ ਸ਼ਿਕਾਇਤ ਦਰਜ ਕਰਵਾਈ।
ਸ਼ਿਕਾਇਤ ਵਿੱਚ ਪਰਿਵਾਰ ਨੇ ਸ਼ੱਕ ਜਤਾਇਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਆਪਣੇ ਨਿੱਜੀ ਸਵਾਰਥ ਲਈ ਉਨ੍ਹਾਂ ਦੇ ਪੁੱਤਰ ਨੂੰ ਅਗਵਾ ਕਰ ਲਿਆ ਹੈ। ਇਸ ਤੋਂ ਬਾਅਦ ਥਾਣਾ ਡਾਬਾ ਪੁਲਿਸ ਨੇ ਹਰਜੀਤ ਦੇ ਪਿਤਾ ਰਾਮ ਫਲਰਾਏ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਪੁਲਿਸ ਨੂੰ ਮਹੱਤਵਪੂਰਨ ਜਾਣਕਾਰੀ ਮਿਲੀ। ਜਾਂਚ ਵਿੱਚ ਸਾਹਮਣੇ ਆਇਆ ਕਿ ਹਰਜੀਤ ਨੂੰ ਪਬਜੀ ਗੇਮ ਨਾਲ ਸਬੰਧਤ ਇੱਕ ਪ੍ਰਤੀਯੋਗਤਾ ਬਾਰੇ ਜਾਣਕਾਰੀ ਮਿਲੀ ਸੀ। ਇਸ ਪ੍ਰਤੀਯੋਗਤਾ ਵਿੱਚ ਭਾਗ ਲੈਣ ਦੀ ਇੱਛਾ ਕਾਰਨ ਉਹ ਲੁਧਿਆਣਾ ਤੋਂ ਦਿੱਲੀ ਪਹੁੰਚ ਗਿਆ। ਪੁਲਿਸ ਨੂੰ ਇਹ ਵੀ ਪਤਾ ਲੱਗਾ ਕਿ ਦਿੱਲੀ ਤੋਂ ਬਾਅਦ ਉਸਦਾ ਅਗਲਾ ਟੀਚਾ ਅਹਿਮਦਾਬਾਦ ਜਾਣਾ ਸੀ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਹਰਜੀਤ ਦੇ ਮਨ ਵਿੱਚ ਇਹ ਧਾਰਨਾ ਬਣ ਚੁੱਕੀ ਸੀ ਕਿ ਜੇਕਰ ਉਹ ਇਸ ਗੇਮਿੰਗ ਮੁਕਾਬਲੇ ਵਿੱਚ ਕਾਮਯਾਬ ਹੋ ਜਾਂਦਾ ਤਾਂ ਉਸਨੂੰ ਅੱਗੇ ਅੰਤਰਰਾਸ਼ਟਰੀ ਪੱਧਰ 'ਤੇ ਖੇਡਣ ਦਾ ਮੌਕਾ ਮਿਲ ਸਕਦਾ ਹੈ। ਪੁਲਿਸ ਅਨੁਸਾਰ ਲੜਕੇ ਨੇ ਆਪਣੇ ਦੋਸਤਾਂ ਤੋਂ ਇਹ ਜਾਣਕਾਰੀ ਹਾਸਲ ਕੀਤੀ ਸੀ ਕਿ ਮੁਕਾਬਲੇ ਵਿੱਚ ਜਿੱਤਣ ਵਾਲਿਆਂ ਨੂੰ ਇੰਡੋਨੇਸ਼ੀਆ ਜਾਣ ਦਾ ਮੌਕਾ ਵੀ ਮਿਲ ਸਕਦਾ ਹੈ। ਇਸੇ ਸੁਪਨੇ ਨੂੰ ਪੂਰਾ ਕਰਨ ਲਈ ਉਹ ਘਰ ਤੋਂ ਬਿਨਾਂ ਕਿਸੇ ਨੂੰ ਦੱਸੇ ਨਿਕਲ ਪਿਆ।
ਏਐਸਆਈ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਹੁਣ ਪਰਿਵਾਰਕ ਮੈਂਬਰਾਂ ਨੂੰ ਹਰਜੀਤ ਦੇ ਦਿੱਲੀ ਵਿੱਚ ਹੋਣ ਬਾਰੇ ਜਾਣਕਾਰੀ ਮਿਲ ਗਈ ਹੈ ਅਤੇ ਉਮੀਦ ਹੈ ਕਿ ਐਤਵਾਰ ਸ਼ਾਮ ਤੱਕ ਪਰਿਵਾਰ ਉਸਨੂੰ ਸੁਰੱਖਿਅਤ ਲੁਧਿਆਣਾ ਵਾਪਸ ਲੈ ਆਵੇਗਾ। ਪੁਲਿਸ ਵੱਲੋਂ ਵੀ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ।
ਮੋਬਾਇਲ ਗੇਮਾਂ ਬੱਚਿਆਂ ਲਈ ਖਤਰੇ ਦੀ ਘੰਟੀ
ਇਹ ਘਟਨਾ ਇੱਕ ਵਾਰ ਫਿਰ ਇਹ ਸਵਾਲ ਖੜ੍ਹਾ ਕਰਦੀ ਹੈ ਕਿ ਕੀ ਮੋਬਾਈਲ ਗੇਮਾਂ ਦਾ ਬੇਕਾਬੂ ਇਸਤੇਮਾਲ ਬੱਚਿਆਂ ਦੇ ਭਵਿੱਖ ਲਈ ਖ਼ਤਰਾ ਬਣਦਾ ਜਾ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜਿੱਥੇ ਆਨਲਾਈਨ ਗੇਮਾਂ ਮਨੋਰੰਜਨ ਦਾ ਸਾਧਨ ਹਨ, ਉੱਥੇ ਇਨ੍ਹਾਂ ਦੀ ਜ਼ਿਆਦਾ ਵਰਤੋਂ ਬੱਚਿਆਂ ਨੂੰ ਹਕੀਕਤ ਤੋਂ ਦੂਰ ਲੈ ਜਾ ਸਕਦੀ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੀਆਂ ਆਨਲਾਈਨ ਗਤੀਵਿਧੀਆਂ 'ਤੇ ਨਜ਼ਰ ਰੱਖਣ ਅਤੇ ਉਨ੍ਹਾਂ ਨਾਲ ਖੁੱਲ੍ਹ ਕੇ ਗੱਲਬਾਤ ਕਰਨ।
ਬੱਚਿਆਂ ਲਈ ਸੰਦੇਸ਼
ਮੋਬਾਈਲ ਗੇਮਾਂ ਸਿਰਫ਼ ਮਨੋਰੰਜਨ ਲਈ ਹਨ, ਜ਼ਿੰਦਗੀ ਦਾ ਮਕਸਦ ਨਹੀਂ। ਅਸਲ ਜਿੱਤ ਪੜ੍ਹਾਈ, ਅਨੁਸ਼ਾਸਨ ਅਤੇ ਮਿਹਨਤ ਨਾਲ ਮਿਲਦੀ ਹੈ। ਕਿਸੇ ਵੀ ਆਨਲਾਈਨ ਗੇਮ ਜਾਂ ਸੋਸ਼ਲ ਮੀਡੀਆ 'ਤੇ ਮਿਲਣ ਵਾਲੀ ਜਾਣਕਾਰੀ ਦੇ ਆਧਾਰ 'ਤੇ ਘਰ ਛੱਡਣ ਜਾਂ ਅਣਜਾਣ ਥਾਵਾਂ 'ਤੇ ਜਾਣਾ ਬਹੁਤ ਖ਼ਤਰਨਾਕ ਹੋ ਸਕਦਾ ਹੈ। ਮਾਪਿਆਂ ਦੀ ਸਲਾਹ ਅਤੇ ਸੁਰੱਖਿਆ ਹਮੇਸ਼ਾ ਬੱਚਿਆਂ ਦੇ ਭਲੇ ਲਈ ਹੁੰਦੀ ਹੈ।
ਪਬਜੀ ਦੀ ਲਤ ਨਾਲ ਜੁੜੀਆਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਹਨ ਕਈ ਘਟਨਾਵਾਂ
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪਬਜੀ ਅਤੇ ਹੋਰ ਆਨਲਾਈਨ ਗੇਮਾਂ ਦੀ ਲਤ ਕਾਰਨ ਬੱਚਿਆਂ ਦੇ ਘਰੋਂ ਭੱਜਣ, ਪੜ੍ਹਾਈ ਛੱਡਣ ਅਤੇ ਪਰਿਵਾਰਾਂ ਨਾਲ ਝਗੜੇ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਕੁਝ ਸਾਲ ਪਹਿਲਾਂ ਕਈ ਸੂਬਿਆਂ ਵਿੱਚ ਅਜਿਹੇ ਮਾਮਲੇ ਦਰਜ ਹੋਏ ਜਿੱਥੇ ਨਾਬਾਲਗ ਬੱਚੇ ਗੇਮ ਖੇਡਣ ਲਈ ਘਰੋਂ ਪੈਸੇ ਲੈ ਕੇ ਭੱਜ ਗਏ ਸਨ। ਮਨੋਵਿਗਿਆਨੀਆਂ ਅਨੁਸਾਰ ਗੇਮਿੰਗ ਦੀ ਅਤਿ ਬੱਚਿਆਂ ਵਿੱਚ ਇਕੱਲਾਪਣ, ਚਿੜਚਿੜਾਪਣ ਅਤੇ ਹਕੀਕਤੀ ਜ਼ਿੰਦਗੀ ਤੋਂ ਦੂਰੀ ਪੈਦਾ ਕਰ ਸਕਦੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਮਾਪਿਆਂ ਨੂੰ ਬੱਚਿਆਂ ਲਈ ਮੋਬਾਈਲ ਵਰਤੋਂ ਦਾ ਸਮਾਂ ਨਿਰਧਾਰਤ ਕਰਨਾ ਚਾਹੀਦਾ ਹੈ ਅਤੇ ਖੇਡਾਂ, ਪੜ੍ਹਾਈ ਤੇ ਸਮਾਜਿਕ ਗਤੀਵਿਧੀਆਂ ਵੱਲ ਪ੍ਰੇਰਿਤ ਕਰਨਾ ਚਾਹੀਦਾ ਹ
ਇਹ ਘਟਨਾ ਭਾਵੇਂ ਸੁਖਦ ਅੰਤ ਵੱਲ ਵੱਧਦੀ ਨਜ਼ਰ ਆ ਰਹੀ ਹੈ, ਪਰ ਇਸ ਨੇ ਇੱਕ ਵਾਰ ਫਿਰ ਸਮਾਜ ਨੂੰ ਚੇਤਾਵਨੀ ਦਿੱਤੀ ਹੈ ਕਿ ਡਿਜੀਟਲ ਦੁਨੀਆ ਦੇ ਆਕਰਸ਼ਣ ਵਿੱਚ ਫਸੇ ਬੱਚਿਆਂ ਨੂੰ ਸਮੇਂ ਸਿਰ ਸਹੀ ਦਿਸ਼ਾ ਦੇਣਾ ਬਹੁਤ ਜ਼ਰੂਰੀ ਹੈ।