- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਥਾਨਕ ਗੁਰੂ ਨਾਨਕ ਦੇਵ ਭਵਨ ਵਿਖੇ ਇਕ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਅਗਲੇ ਪੜਾਅ 'ਤੇ ਲਿਜਾਂਦਿਆਂ 'ਸੂਰਮਾ' ਮੁਹਿੰਮ ਦੀ ਸ਼ੁਰੂਆਤ ਕੀਤੀ। ਮੁਹਿੰਮ ਦੀ ਸ਼ੁਰੂਆਤ ਮੌਕੇ ਉਨ੍ਹਾਂ ਨੇ ਨਸ਼ਾ ਮੁਕਤ ਹੋਏ ਨੌਜਵਾਨਾਂ ਨੂੰ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀਆਂ 'ਸੂਰਮਾ' ਛਾਪਾਂ (ਰਿੰਗ) ਅਤੇ ਟੀ-ਸ਼ਰਟਾਂ ਨਾਲ ਸਨਮਾਨਿਤ ਕੀਤਾ।

ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਸਥਾਨਕ ਗੁਰੂ ਨਾਨਕ ਦੇਵ ਭਵਨ ਵਿਖੇ ਇਕ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਅਗਲੇ ਪੜਾਅ 'ਤੇ ਲਿਜਾਂਦਿਆਂ 'ਸੂਰਮਾ' ਮੁਹਿੰਮ ਦੀ ਸ਼ੁਰੂਆਤ ਕੀਤੀ। ਮੁਹਿੰਮ ਦੀ ਸ਼ੁਰੂਆਤ ਮੌਕੇ ਉਨ੍ਹਾਂ ਨੇ ਨਸ਼ਾ ਮੁਕਤ ਹੋਏ ਨੌਜਵਾਨਾਂ ਨੂੰ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀਆਂ 'ਸੂਰਮਾ' ਛਾਪਾਂ (ਰਿੰਗ) ਅਤੇ ਟੀ-ਸ਼ਰਟਾਂ ਨਾਲ ਸਨਮਾਨਿਤ ਕੀਤਾ।
‘ਸੂਰਮਾ’ ਨੂੰ ਸੂਬੇ ਦੀ ਨਸ਼ਾ ਵਿਰੋਧੀ ਮੁਹਿੰਮ ਦਾ ਅਗਲਾ ਪੜਾਅ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਉਪਰਾਲੇ ਦਾ ਉਦੇਸ਼ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ 'ਉਮੀਦ ਦੇ ਦੂਤ' ਵਜੋਂ ਪੇਸ਼ ਕਰਨਾ ਹੈ, ਜੋ ਜ਼ਮੀਨੀ ਪੱਧਰ 'ਤੇ ਨਸ਼ਿਆਂ ਖ਼ਿਲਾਫ਼ ਜੰਗ ਦੀ ਅਗਵਾਈ ਕਰਨਗੇ। ਦੋ ਸਾਲਾਂ ਤੋਂ ਵੱਧ ਸਮੇਂ ਤੋਂ ਨਸ਼ਾ ਮੁਕਤ ਰਹਿਣ ਵਾਲੇ ਵਿਅਕਤੀਆਂ ਦਾ ਸਨਮਾਨ ਕਰਦਿਆਂ ਉਨ੍ਹਾਂ ਨੇ ਐਲਾਨ ਕੀਤਾ ਕਿ ਇਹ ਨੌਜਵਾਨ ਨਾ ਸਿਰਫ਼ ਦੂਜਿਆਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨਗੇ, ਸਗੋਂ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਰੋਜ਼ਗਾਰ ਦੇ ਮੌਕੇ ਵੀ ਮੁਹੱਈਆ ਕਰਵਾਏ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਦੇਸ਼ ਭਰ ਵਿੱਚੋਂ ਨੰਬਰ ਇਕ 'ਤੇ ਹੈ ਅਤੇ 47 ਲੱਖ ਪਰਿਵਾਰਾਂ ਨੂੰ ਮੁਫ਼ਤ ਇਲਾਜ ਲਈ 10 ਲੱਖ ਰੁਪਏ ਦੇ 'ਮੁੱਖ ਮੰਤਰੀ ਸਿਹਤ ਯੋਜਨਾ ਕਾਰਡ' ਮਿਲ ਚੁੱਕੇ ਹਨ। ਮਾਨ ਨੇ ਕਿਹਾ ਕਿ ਸਮਾਗਮ ਵਿੱਚ ਹਾਜ਼ਰ ਨੌਜਵਾਨਾਂ ਨੇ ਨਸ਼ਿਆਂ ਕਾਰਨ ਸਭ ਕੁੱਝ ਗੁਆਉਣ ਤੋਂ ਬਾਅਦ ਇਸ ਦਲਦਲ ਵਿੱਚੋਂ ਬਾਹਰ ਨਿਕਲ ਕੇ ਇਤਿਹਾਸਕ ਕਦਮ ਚੁੱਕਿਆ ਹੈ। ਮੁੱਖ ਮੰਤਰੀ ਨੇ ਕਿਹਾ ਨਸ਼ੇ ਦੀ ਲਤ ਇਕ ਸਮਾਜਿਕ ਕਲੰਕ ਹੈ। ਜਦੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਕੋਈ ਨਸ਼ਾ ਕਰਦਾ ਹੈ, ਤਾਂ ਉਹ ਉਸ ਵਿਅਕਤੀ ਨਾਲ ਗੱਲ ਕਰਨਾ ਵੀ ਬੰਦ ਕਰ ਦਿੰਦੇ ਹਨ। ਇਨ੍ਹਾਂ ਨੌਜਵਾਨਾਂ ਨੇ ਉਸ ਦਰਦ ਤੇ ਮਾਨਸਿਕ ਪੀੜਾ ਨੂੰ ਹੰਢਾਇਆ ਹੈ, ਪਰ ਅੱਜ ਉਹ ਨਵੀਂ ਸ਼ੁਰੂਆਤ ਕਰਨ ਅਤੇ ਸਮਾਜ ਦੀ ਸੇਵਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।
ਮੁੱਖ ਮੰਤਰੀ ਨੇ ਕਿਹਾ ਇਹ ਨੌਜਵਾਨ ਨਸ਼ੇ ਦੀ ਬਿਮਾਰੀ 'ਤੇ ਜਿੱਤ ਪ੍ਰਾਪਤ ਕਰ ਚੁੱਕੇ ਹਨ ਅਤੇ ਹੁਣ ਆਪਣੇ ਤਜਰਬੇ ਸਾਂਝੇ ਕਰਕੇ ਦੂਜਿਆਂ ਦੀ ਮਦਦ ਕਰ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਪੰਜਾਬ ਸਰਕਾਰ ਨਸ਼ਾ ਪੀੜਤਾਂ ਦੇ ਮੁੜ-ਵਸੇਬੇ ਲਈ ਲਗਾਤਾਰ ਯਤਨ ਕਰ ਰਹੀ ਹੈ ਅਤੇ ਸੂਬੇ ਭਰ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ ਵਿਸ਼ਵ ਪੱਧਰੀ ਮੁੜ-ਵਸੇਬਾ ਕੇਂਦਰ ਸਥਾਪਤ ਕੀਤੇ ਜਾ ਰਹੇ ਹਨ।
ਸਮਾਗਮ ਵਿੱਚ ਹਾਜ਼ਰ ਨਸ਼ਾ ਮੁਕਤ ਹੋਏ ਸਾਰੇ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਦੁਖਦਾਇਕ ਅਤੀਤ ਨੂੰ ਪਿੱਛੇ ਛੱਡ ਕੇ ਸੁਨਹਿਰੇ ਭਵਿੱਖ ਵੱਲ ਵਧ ਚੁੱਕੇ ਹਨ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਇਸ ਨੇਕ ਮਿਸ਼ਨ ਵਿੱਚ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦੇਵੇਗੀ। ਉਨ੍ਹਾਂ ਕਿਹਾ ਰੰਗਲੇ ਪੰਜਾਬ ਦੇ ਸੁਪਨੇ ਨੂੰ ਪੂਰਾ ਕਰਨ ਲਈ ਹੁਣ ਸਿਰਫ਼ ਇੱਕ ਹੀ ਰੰਗ ਬਾਕੀ ਰਹਿ ਗਿਆ ਹੈ ਅਤੇ ਉਹ ਵੀ ਜਲਦੀ ਹੀ ਭਰ ਦਿੱਤਾ ਜਾਵੇਗਾ, ਕਿਉਂਕਿ ਪੰਜਾਬ ਛੇਤੀ ਹੀ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਨਸ਼ਾ ਛੱਡਣ ਵਾਲੇ ਇਹ ਵਿਅਕਤੀ ਅਸਲੀ ‘ਸੂਰਮੇ’ ਹਨ, ਕਿਉਂਕਿ ਇਨ੍ਹਾਂ ਹਿੰਮਤ ਅਤੇ ਜਜ਼ਬੇ ਨਾਲ ਨਸ਼ੇ ‘ਤੇ ਜਿੱਤ ਹਾਸਲ ਕੀਤੀ ਹੈ। ਅੱਜ ਦਾ ਇਹ ਸਮਾਗਮ ਪੰਜਾਬ ਦੀ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਵਿੱਚ ਨਵੇਂ ਅਧਿਆਏ ਦੀ ਸ਼ੁਰੂਆਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸੂਰਮੇ ਹੁਣ ‘ਅੰਬੈਸਡਰ ਆਫ਼ ਰਿਕਵਰੀ’ ਵਜੋਂ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨਗੇ, ਜੋ ਹੋਰਨਾਂ ਲੋਕਾਂ ਨੂੰ ਨਸ਼ੇ ਦੀ ਲਤ ਤੋਂ ਛੁਟਕਾਰਾ ਪਾਉਣ ਅਤੇ ਆਪਣੀ ਜ਼ਿੰਦਗੀ ਨੂੰ ਮੁੜ ਨਵੇਂ ਸਿਰਿਓਂ ਸ਼ੁਰੂ ਕਰਨ ਲਈ ਪ੍ਰੇਰਿਤ ਕਰਨਗੇ।
ਮੁੱਖ ਮੰਤਰੀ ਨੇ ਹਰ ਸੂਰਮੇ ਨੂੰ ਸਰਕਾਰ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਹੁਣ ਦੂਜਿਆਂ ਨੂੰ ਨਸ਼ੇ ਦੀ ਲਤ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰਕੇ ਉਮੀਦ ਦੇ ਦੂਤ ਬਣਨਗੇ। ਉਨ੍ਹਾਂ ਕਿਹਾ ਪੰਜਾਬ ਸਰਕਾਰ ਨਸ਼ਾ ਛਡਾਊ ਕੇਂਦਰਾਂ, ਹੁਨਰ ਵਿਕਾਸ ਪ੍ਰੋਗਰਾਮਾਂ ਵਿੱਚ ਨਿਵੇਸ਼ ਕਰਨਾ ਜਾਰੀ ਰੱਖੇਗੀ ਅਤੇ ਨਸ਼ੇ ਦੀ ਲਤ ਨਾਲ ਜੁੜੇ ਕਲੰਕ ਨੂੰ ਖ਼ਤਮ ਕਰਨ ਲਈ ਯਤਨਸ਼ੀਲ ਰਹੇਗੀ, ਤਾਂ ਜੋ ਹਰ ਸਿਹਤਯਾਬ ਹੋਇਆ ਵਿਅਕਤੀ ਬਿਹਤਰ ਰੋਜ਼ਗਾਰ ਦੇ ਮੌਕਿਆਂ ਨਾਲ ਸਨਮਾਨਜਨਕ ਜੀਵਨ ਬਤੀਤ ਕਰ ਸਕੇ।
ਮੁੱਖ ਮੰਤਰੀ ਨੇ ਇਹ ਵੀ ਦੁਹਰਾਇਆ ਕਿ ਜਿੱਥੇ ਸਰਕਾਰ ਨਸ਼ਿਆਂ ਰਾਹੀਂ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ, ਉੱਥੇ ਹੀ ਮਦਦ ਦੀ ਮੰਗ ਕਰਨ ਵਾਲੇ ਹਰ ਵਿਅਕਤੀ ਨੂੰ ਪੂਰਾ ਸਹਿਯੋਗ ਦੇਣਾ ਜਾਰੀ ਰੱਖੇਗੀ। ਉਨ੍ਹਾਂ ਕਿਹਾ ਇਹ ‘ਯੁੱਧ ਨਸ਼ਿਆਂ ਵਿਰੁੱਧ ਪੜਾਅ-2’ ਦਾ ਅਸਲ ਉਦੇਸ਼ ਹੈ।
ਮੁੱਖ ਮੰਤਰੀ ਨੇ ਨਸ਼ਿਆਂ ਵਿਰੁੱਧ ਲੜ ਰਹੇ ਹਰ ਵਿਅਕਤੀ ਨੂੰ ਸਮਰਪਿਤ ਇੱਕ ਪ੍ਰੇਰਨਾਦਾਇਕ ਗੀਤ ਵੀ ਲਾਂਚ ਕੀਤਾ ਅਤੇ ਐਲਾਨ ਕੀਤਾ ਕਿ ਸੂਰਮਾ ਪ੍ਰੋਗਰਾਮ ਹੁਣ ਪੰਜਾਬ ਦੇ ਹਰ ਜ਼ਿਲ੍ਹੇ ਤੇ ਪਿੰਡ ਤੱਕ ਪਹੁੰਚੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੇ ਨਸ਼ਾ ਛਡਾਊ ਇਲਾਜ ਸਫ਼ਲਤਾਪੂਰਵਕ ਪੂਰਾ ਕਰ ਲਿਆ ਹੈ ਅਤੇ ਘੱਟੋ-ਘੱਟ ਦੋ ਸਾਲਾਂ ਤੋਂ ਨਸ਼ੇ ਤੋਂ ਦੂਰੀ ਬਣਾਈ ਰੱਖੀ ਹੈ, ਉਹ ਵਟਸਐਪ ਉੱਪਰ 9779142200 'ਤੇ ‘ਸੂਰਮਾ’ ਮੈਸੇਜ ਭੇਜ ਕੇ ਇਸ ਪ੍ਰੋਗਰਾਮ ਲਈ ਖ਼ੁਦ ਨੂੰ ਰਜਿਸਟਰ ਕਰ ਸਕਦੇ ਹਨ।
ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ, ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਵਿਧਾਇਕ ਚੌਧਰੀ ਮਦਨ ਲਾਲ ਬੱਗਾ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਜੀਵਨ ਸਿੰਘ ਸੰਗੋਵਾਲ, ਵਿਧਾਇਕ ਰਾਜਿੰਦਰਪਾਲ ਕੌਰ ਛੀਨਾ, ਵਿਧਾਇਕ ਹਾਕਮ ਸਿੰਘ ਠੇਕੇਦਾਰ ਅਤੇ ਕਈ ਹੋਰ ਪਤਵੰਤੇ ਵੀ ਹਾਜ਼ਰ ਸਨ।
15 ਜੁਲਾਈ ਤੱਕ 3,100 ਪਿੰਡਾਂ ਦੇ ਖੇਡ ਮੈਦਾਨ ਤੇ 3,000 ਜਿੰਮ ਚਾਲੂ ਹੋਣਗੇ
ਨਸ਼ਾ ਮੁਕਤ ਸਮਾਜ ਸਿਰਜਣ ਲਈ ਖੇਡਾਂ ਸਭ ਤੋਂ ਕਾਰਗਰ ਹਥਿਆਰ ਹਨ। ਮੁੱਖ ਮੰਤਰੀ ਨੇ 15 ਜੁਲਾਈ ਤੱਕ ਪੰਜਾਬ ਭਰ ਵਿੱਚ ਲਗਭਗ 3,100 ਪਿੰਡਾਂ ਦੇ ਖੇਡ ਮੈਦਾਨ ਅਤੇ 3,000 ਜਿੰਮ ਚਾਲੂ ਕਰਨ ਦਾ ਦਾਅਵਾ ਕੀਤਾ।