- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਾਨਗਰ ਲੁਧਿਆਣਾ ਦੇ ਥਾਣਾ ਡੇਹਲੋਂ ਦੀ ਪੁਲਿਸ ਨੇ ਗੁਰੂਗ੍ਰਾਮ ਸਥਿਤ ਇੱਕ ਖੇਤੀਬਾੜੀ ਮਸ਼ੀਨਰੀ ਕੰਪਨੀ ਦੇ ਜਪਾਨੀ ਤੇ ਭਾਰਤੀ ਅਧਿਕਾਰੀਆਂ ਖ਼ਿਲਾਫ਼ ਧੋਖਾਧੜੀ, ਅਮਾਨਤ ’ਚ ਖ਼ਿਆਨਤ ਤੇ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਮਹਾਨਗਰ ਲੁਧਿਆਣਾ ਦੇ ਥਾਣਾ ਡੇਹਲੋਂ ਦੀ ਪੁਲਿਸ ਨੇ ਗੁਰੂਗ੍ਰਾਮ ਸਥਿਤ ਇੱਕ ਖੇਤੀਬਾੜੀ ਮਸ਼ੀਨਰੀ ਕੰਪਨੀ ਦੇ ਜਪਾਨੀ ਤੇ ਭਾਰਤੀ ਅਧਿਕਾਰੀਆਂ ਖ਼ਿਲਾਫ਼ ਧੋਖਾਧੜੀ, ਅਮਾਨਤ ’ਚ ਖ਼ਿਆਨਤ ਤੇ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ। ਦੋਸ਼ ਹੈ ਕਿ ਕੰਪਨੀ ਦੇ ਅਧਿਕਾਰੀਆਂ ਨੇ ਪ੍ਰਦਰਸ਼ਨ ਤੇ ਡੈਮੋ ਲਈ ਲਈਆਂ ਗਈਆਂ 4 ਮਹਿੰਗੀਆਂ ਖੇਤੀ ਮਸ਼ੀਨਾਂ ਵਾਪਸ ਨਾ ਕਰ ਕੇ ਲੱਖਾਂ ਰੁਪਏ ਦਾ ਨੁਕਸਾਨ ਕੀਤਾ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਪਿੰਡ ਆਲਮਗੀਰ ਸਥਿਤ ਜਗਤਸੁਖ ਇੰਡਸਟਰੀਜ਼ ਪ੍ਰਾਈਵੇਟ ਲਿਮ. ਦੇ ਨੁਮਾਇੰਦੇ ਜਗਜੀਤ ਸਿੰਘ ਨੇ ਦੱਸਿਆ ਕਿ ਸਾਲ 2023 ਦੌਰਾਨ ਗੁਰੂਗ੍ਰਾਮ ਆਧਾਰਿਤ ਖੇਤੀਬਾੜੀ ਮਸ਼ੀਨਰੀ ਕੰਪਨੀ ਦੇ ਅਧਿਕਾਰੀਆਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਡੈਮੋਨਸਟ੍ਰੇਸ਼ਨ, ਫੀਲਡ ਟਰਾਇਲਾਂ ਤੇ ਪ੍ਰਦਰਸ਼ਨੀਆਂ ਲਈ ਰਾਈਡ-ਆਨ ਬੂਮ ਸਪ੍ਰੇਅਰ ਮਸ਼ੀਨਾਂ ਦੀ ਮੰਗ ਕੀਤੀ ਸੀ।
ਕੰਪਨੀ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਪ੍ਰਦਰਸ਼ਨੀਆਂ ਦੇ ਖਤਮ ਹੋਣ ਉਪਰੰਤ ਮਸ਼ੀਨਾਂ ਵਾਪਸ ਕਰ ਦਿੱਤੀਆਂ ਜਾਣਗੀਆਂ। ਸ਼ਿਕਾਇਤਕਰਤਾ ਮੁਤਾਬਕ ਭਰੋਸੇ ਦੇ ਆਧਾਰ ’ਤੇ ਡਿਲੀਵਰੀ ਚਲਾਨਾਂ ਰਾਹੀਂ 4 ਮਸ਼ੀਨਾਂ ਕੰਪਨੀ ਨੂੰ ਸੌਂਪ ਦਿੱਤੀਆਂ ਗਈਆਂ। ਇਹ ਸਾਰੀ ਵਿਵਸਥਾ ਅਧਿਕਾਰਕ ਈ-ਮੇਲ ਰਾਹੀਂ ਵੀ ਤਸਦੀਕ ਕੀਤੀ ਗਈ ਸੀ। ਹਾਲਾਂਕਿ ਲਗਭਗ 2 ਸਾਲਾਂ ਤੱਕ ਲਗਾਤਾਰ ਮੰਗ ਕਰਨ ਦੇ ਬਾਵਜੂਦ ਮਸ਼ੀਨਾਂ ਵਾਪਸ ਨਹੀਂ ਕੀਤੀਆਂ ਗਈਆਂ। ਸ਼ਿਕਾਇਤ ’ਚ ਦੱਸਿਆ ਗਿਆ ਹੈ ਕਿ ਹਰ ਮਸ਼ੀਨ ਦੀ ਕੀਮਤ ਕਰੀਬ 15.4 ਲੱਖ ਰੁਪਏ ਸੀ ਤੇ ਚਾਰਾਂ ਮਸ਼ੀਨਾਂ ਦੀ ਕੁੱਲ ਕੀਮਤ 61.6 ਲੱਖ ਰੁਪਏ ਤੋਂ ਵੱਧ ਬਣਦੀ ਹੈ। ਇਹ ਮਸ਼ੀਨਾਂ ਹਰਿਆਣਾ ਤੇ ਮਹਾਰਾਸ਼ਟਰ ’ਚ ਡੈਮੋ ਤੇ ਪ੍ਰਦਰਸ਼ਨ ਲਈ ਭੇਜੀਆਂ ਗਈਆਂ ਸਨ।
ਦੋਸ਼ ਹੈ ਕਿ ਮੁਲਜ਼ਮਾਂ ਨੇ ਸਾਂਝੀ ਸਾਜ਼ਿਸ਼ ਤਹਿਤ ਡੈਮੋ ਦੇ ਨਾਂ ’ਤੇ ਮਸ਼ੀਨਾਂ ਹਾਸਲ ਕੀਤੀਆਂ ਤੇ ਬਾਅਦ ’ਚ ਉਨ੍ਹਾਂ ਨੂੰ ਆਪਣੇ ਕਬਜ਼ੇ ’ਚ ਹੀ ਰੱਖ ਲਿਆ। ਪੁਲਿਸ ਨੇ ਇਸ ਮਾਮਲੇ ’ਚ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਮੁਨੇਨੋਰੀ ਓਹਟਾ, ਡਿਪਟੀ ਡਾਇਰੈਕਟਰ ਤਾਕਾਯੂਕੀ ਸਾਈਤੋ, ਹਰਮੀਤ ਸਿੰਘ, ਰਿਤਵਿਕ ਦਾਸ ਤੇ ਤੋਸ਼ਿਓ ਕੋਂਡੋ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਡੇਹਲੋਂ ਦੇ ਇੰਚਾਰਜ ਸਬ-ਇੰਸਪੈਕਟਰ ਅਵਨੀਤ ਕੌਰ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਕਈ ਵਾਰ ਨੋਟਿਸ ਭੇਜੇ ਜਾਣ ਦੇ ਬਾਵਜੂਦ ਉਹ ਜਾਂਚ ’ਚ ਸ਼ਾਮਲ ਨਹੀਂ ਹੋਏ। ਹੁਣ ਉਨ੍ਹਾਂ ਨੂੰ ਦੁਬਾਰਾ ਤਲਬ ਕੀਤਾ ਜਾਵੇਗਾ ਤੇ ਮਾਮਲੇ ਦੀ ਜਾਂਚ ਜਾਰੀ ਹੈ।