ਲੁਧਿਆਣਾ ਦੇ ਉਦਯੋਗ ਹੁਣ ਪੁਰਤਗਾਲ ਨਾਲ ਜੋੜਨਗੇ ਕਾਰੋਬਾਰੀ ਰਿਸ਼ਤੇ, MSME ਲਈ ਖੁੱਲ੍ਹਣਗੇ ਨਵੇਂ ਬਾਜ਼ਾਰਾਂ ਦੇ ਰਾਹ
AICEP ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ 'ਚ ਭਾਰਤ 'ਚ ਪੁਰਤਗਾਲ ਦੇ ਦੂਤਾਵਾਸ ਦੇ ਇਕਨਾਮਿਕ ਐਂਡ ਟ੍ਰੇਡ ਕਾਊਂਸਲਰ ਮਿਗੁਏਲ ਸੀਐੱਮ ਕ੍ਰੇਸਪੋ, CFA ਅਤੇ AICEP ਦੀ ਸੀਨੀਅਰ ਟ੍ਰੇਡ ਐਂਡ ਇਨਵੈਸਟਮੈਂਟ ਅਫਸਰ ਦੀਕਸ਼ਾ ਚਾਵਲਾ ਨੇ ਪੁਰਤਗਾਲ ਦੇ ਕਾਰੋਬਾਰੀ ਮਾਹੌਲ, ਨਿਵੇਸ਼ ਪ੍ਰਬੰਧ ਅਤੇ ਭਾਰਤੀ ਉਦਯੋਗਾਂ ਲਈ ਉਪਲਬਧ ਵਪਾਰਕ ਮੌਕਿਆਂ ਬਾਰੇ ਜਾਣਕਾਰੀ ਦਿੱਤੀ।
Publish Date: Wed, 23 Sep 2026 02:55 PM (IST)
Updated Date: Wed, 23 Sep 2026 02:56 PM (IST)
ਮੁਨੀਸ਼ ਸ਼ਰਮਾ, ਜਾਗਰਣ, ਲੁਧਿਆਣਾ : ਲੁਧਿਆਣਾ ਦੇ ਉਦਯੋਗਾਂ ਨੂੰ ਹੁਣ ਪੁਰਤਗਾਲ ਦੇ ਬਾਜ਼ਾਰ 'ਚ ਕਾਰੋਬਾਰ ਅਤੇ ਬਰਾਮਦ ਦੇ ਨਵੇਂ ਮੌਕੇ ਤਲਾਸ਼ਣ ਦਾ ਮੌਕਾ ਮਿਲੇਗਾ। ਚੈਂਬਰ ਆਫ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (CICU) ਵੱਲੋਂ ਫੋਕਲ ਪੁਆਇੰਟ ਸਥਿਤ CICU ਕੰਪਲੈਕਸ 'ਚ ਪੁਰਤਗਾਲ ਨਾਲ ਬਿਜ਼ਨਸ ਡਾਇਲਾਗ ਦਾ ਆਯੋਜਨ ਕੀਤਾ ਗਿਆ। ਇਸ 'ਚ ਉਦਯੋਗਪਤੀਆਂ ਨੇ ਪੁਰਤਗਾਲੀ ਬਾਜ਼ਾਰ 'ਚ ਵਪਾਰ, ਨਿਵੇਸ਼, ਨਿਰਯਾਤ ਅਤੇ ਵਿਦੇਸ਼ੀ ਕੰਪਨੀਆਂ ਨਾਲ ਕਾਰੋਬਾਰੀ ਭਾਈਵਾਲੀ ਦੀਆਂ ਸੰਭਾਵਨਾਵਾਂ 'ਤੇ ਚਰਚਾ ਕੀਤੀ।
ਪੁਰਤਗਾਲੀ ਟ੍ਰੇਡ ਐਂਡ ਇਨਵੈਸਟਮੈਂਟ ਏਜੰਸੀ (AICEP) ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ 'ਚ ਭਾਰਤ 'ਚ ਪੁਰਤਗਾਲ ਦੇ ਦੂਤਾਵਾਸ ਦੇ ਇਕਨਾਮਿਕ ਐਂਡ ਟ੍ਰੇਡ ਕਾਊਂਸਲਰ ਮਿਗੁਏਲ ਸੀਐੱਮ ਕ੍ਰੇਸਪੋ, CFA ਅਤੇ AICEP ਦੀ ਸੀਨੀਅਰ ਟ੍ਰੇਡ ਐਂਡ ਇਨਵੈਸਟਮੈਂਟ ਅਫਸਰ ਦੀਕਸ਼ਾ ਚਾਵਲਾ ਨੇ ਪੁਰਤਗਾਲ ਦੇ ਕਾਰੋਬਾਰੀ ਮਾਹੌਲ, ਨਿਵੇਸ਼ ਪ੍ਰਬੰਧ ਅਤੇ ਭਾਰਤੀ ਉਦਯੋਗਾਂ ਲਈ ਉਪਲਬਧ ਵਪਾਰਕ ਮੌਕਿਆਂ ਬਾਰੇ ਜਾਣਕਾਰੀ ਦਿੱਤੀ।
ਪ੍ਰੋਗਰਾਮ ਦਾ ਸੰਚਾਲਨ CICU ਦੇ ਜੁਆਇੰਟ ਸਕੱਤਰ ਡਾ. ਐੱਸਬੀ ਸਿੰਘ ਨੇ ਕੀਤਾ। ਉਨ੍ਹਾਂ ਨੇ ਪੁਰਤਗਾਲ ਦੇ ਨੁਮਾਇੰਦਿਆਂ ਤੇ ਸਥਾਨਕ ਉਦਯੋਗਪਤੀਆਂ ਵਿਚਕਾਰ ਸੰਵਾਦ ਕਰਵਾਇਆ। ਉੱਥੇ ਹੀ CICU ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜੇਐੱਸ ਭੋਗਲ ਨੇ ਪੰਜਾਬ ਦੇ ਉਦਯੋਗਿਕ ਖੇਤਰ ਦੀ ਤਾਕਤ ਅਤੇ ਇੱਥੋਂ ਦੇ MSME ਦੀ ਸਮਰੱਥਾ ਨੂੰ ਵਿਦੇਸ਼ੀ ਬਾਜ਼ਾਰਾਂ ਤਕ ਪਹੁੰਚਾਉਣ ਦੀਆਂ ਸੰਭਾਵਨਾਵਾਂ ਬਾਰੇ ਪ੍ਰਜ਼ੈਂਟੇਸ਼ਨ ਦਿੱਤੀ।
ਨਵੇਂ ਬਾਜ਼ਾਰਾਂ ਨਾਲ ਜੁੜਨ 'ਤੇ ਜ਼ੋਰ
ਜੇਐੱਸ ਭੋਗਲ ਨੇ ਕਿਹਾ ਕਿ ਪੰਜਾਬ ਕੋਲ ਮਜ਼ਬੂਤ ਮੈਨੂਫੈਕਚਰਿੰਗ ਬੇਸ ਅਤੇ ਵੱਡੀ ਗਿਣਤੀ 'ਚ ਸਮਰੱਥ MSME ਹਨ। ਲੋੜ ਇਸ ਗੱਲ ਦੀ ਹੈ ਕਿ ਇਸ ਉਦਯੋਗਿਕ ਸਮਰੱਥਾ ਨੂੰ ਨਵੇਂ ਅੰਤਰਰਾਸ਼ਟਰੀ ਬਾਜ਼ਾਰਾਂ ਨਾਲ ਜੋੜਿਆ ਜਾਵੇ। ਪੁਰਤਗਾਲ ਭਾਰਤੀ ਕੰਪਨੀਆਂ ਲਈ ਵਪਾਰ, ਨਿਵੇਸ਼ ਅਤੇ ਰਣਨੀਤਕ ਕਾਰੋਬਾਰੀ ਭਾਈਵਾਲੀ ਦਾ ਨਵਾਂ ਮਾਧਿਅਮ ਬਣ ਸਕਦਾ ਹੈ। CICU ਉਦਯੋਗਾਂ ਨੂੰ ਸਿੱਧੇ ਵਿਦੇਸ਼ੀ ਬਾਜ਼ਾਰਾਂ ਅਤੇ ਸੰਸਥਾਵਾਂ ਨਾਲ ਜੋੜਨ ਲਈ ਅਜਿਹੇ ਸੰਵਾਦ ਅੱਗੇ ਵੀ ਜਾਰੀ ਰੱਖੇਗਾ।
CICU ਦੇ ਜਨਰਲ ਸਕੱਤਰ ਹਨੀ ਸੇਠੀ ਨੇ ਕਿਹਾ ਕਿ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਸਿੱਧੇ ਸੰਵਾਦ ਰਾਹੀਂ MSME ਨੂੰ ਨਵੇਂ ਬਾਜ਼ਾਰਾਂ ਦੀਆਂ ਲੋੜਾਂ ਅਤੇ ਕਾਰੋਬਾਰੀ ਸੰਭਾਵਨਾਵਾਂ ਨੂੰ ਸਮਝਣ 'ਚ ਮਦਦ ਮਿਲਦੀ ਹੈ। ਇਸ ਨਾਲ ਪੰਜਾਬ ਦੇ ਉਦਯੋਗ ਰਵਾਇਤੀ ਬਾਜ਼ਾਰਾਂ ਤੋਂ ਅੱਗੇ ਵਧ ਕੇ ਨਵੇਂ ਨਿਰਯਾਤ ਬਾਜ਼ਾਰ ਤਲਾਸ਼ ਸਕਦੇ ਹਨ।
ਪ੍ਰੋਗਰਾਮ 'ਚ ਵਿਦੇਸ਼ੀ ਕੰਪਨੀਆਂ ਨਾਲ ਬਿਜ਼ਨੈੱਸ ਪਾਰਟਨਰਸ਼ਿਪ, ਨਵੇਂ ਬਾਜ਼ਾਰਾਂ 'ਚ ਦਾਖ਼ਲਾ ਅਤੇ ਪੰਜਾਬ ਦੇ MSME ਦੀ ਵਿਸ਼ਵ ਪੱਧਰੀ ਮੌਜੂਦਗੀ ਮਜ਼ਬੂਤ ਕਰਨ ਨੂੰ ਲੈ ਕੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।