ਗਾਹਕ ਬਣ ਕੇ ਸ਼ੋਅਰੂਮ 'ਚ ਵੜੇ ਦੋ ਬਦਮਾਸ਼, ਗੇਟ ਬੰਦ ਕਰ ਆਰੀ ਨਾਲ ਵੱਢਿਆ ਸਾਬਕਾ ਡਿਪਟੀ ਡਾਇਰੈਕਟਰ ਦਾ ਮੱਥਾ; ਲੱਗੇ 8 ਟਾਂਕੇ ਸ਼ਾਰਦਾ ਐਗਰੋ ਸਰਵਿਸ ਦੇ ਮਾਲਕ ਤੇ ਖੇਤੀਬਾੜੀ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਮੋਹਿੰਦਰ ਕੁਮਾਰ ਸ਼ਾਰਦਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਪੁਲਿਸ ਚੌਕੀ ਲਲਤੋਂ ਵਿਖੇ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਚੌਕੀ ਪਹੁੰਚਣ 'ਤੇ ਚੌਕੀ ਇੰਚਾਰਜ ਦਾ ਰਵੱਈਆ ਵੀ ਠੀਕ ਨਹੀਂ ਸੀ ਅਤੇ ਹਾਲੇ ਤਕ ਮਾਮਲੇ 'ਚ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਪੁਲਿਸ ਤੋਂ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਵਾਰਦਾਤ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।
Publish Date: Mon, 05 Oct 2026 01:13 PM (IST)
Updated Date: Mon, 05 Oct 2026 01:18 PM (IST)
ਸੀਸੀਟੀਵੀ 'ਚ ਕੈਦ ਹੋਈਆਂ ਬਦਮਾਸ਼ਾਂ ਦੀਆਂ ਤਸਵੀਰਾਂ ਜਾਣਕਾਰੀ ਦਿੰਦੇ ਹੋਏ ਡਾਕਟਰ ਸ਼ਾਰਦਾ। ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਪੱਖੋਵਾਲ ਰੋਡ ਸਥਿਤ ਪਿੰਡ ਲਲਤੋਂ ਖੇੜੀ ਨੇੜੇ ਸ਼ਾਰਦਾ ਐਗਰੋ ਸਰਵਿਸ ਦੇ ਮਾਲਕ ਤੇ ਖੇਤੀਬਾੜੀ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਮੋਹਿੰਦਰ ਕੁਮਾਰ ਸ਼ਾਰਦਾ ਨਾਲ ਲੁੱਟ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਬਦਮਾਸ਼ ਗਾਹਕ ਬਣ ਕੇ ਸ਼ੋਅਰੂਮ 'ਚ ਦਾਖਲ ਹੋਏ ਅਤੇ ਕੁਝ ਸਮੇਂ ਤਕ ਸਾਮਾਨ ਦੇਖਣ ਤੋਂ ਬਾਅਦ ਸ਼ੋਅਰੂਮ ਦਾ ਗੇਟ ਅੰਦਰੋਂ ਬੰਦ ਕਰਨ ਲੱਗ ਪਏ। ਵਿਰੋਧ ਕਰਨ 'ਤੇ ਦੋਵਾਂ ਨੇ ਡਾ. ਸ਼ਾਰਦਾ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਕ ਮੁਲਜ਼ਮ ਨੇ ਆਰੀ ਨਾਲ ਉਨ੍ਹਾਂ ਦੇ ਮੱਥੇ 'ਤੇ ਵਾਰ ਕਰ ਦਿੱਤਾ। ਦੋਵਾਂ ਕੋਲ ਪਿਸਤੌਲ ਵੀ ਹੋਣ ਦੀ ਗੱਲ ਦੱਸੀ ਜਾ ਰਹੀ ਹੈ। ਹਮਲੇ ਤੋਂ ਬਾਅਦ ਮੁਲਜ਼ਮ ਐਕਟਿਵਾ 'ਤੇ ਫਰਾਰ ਹੋ ਗਏ।
ਡਾ. ਮੋਹਿੰਦਰ ਕੁਮਾਰ ਸ਼ਾਰਦਾ ਨੇ ਦੱਸਿਆ ਕਿ ਉਹ ਸ਼ੋਅਰੂਮ 'ਚ ਮੌਜੂਦ ਸਨ। ਇਸੇ ਦੌਰਾਨ ਦੋ ਨੌਜਵਾਨ ਗਾਹਕ ਬਣ ਕੇ ਅੰਦਰ ਆਏ ਤੇ ਸਾਮਾਨ ਦੇਖਣ ਲੱਗ ਪਏ। ਉਨ੍ਹਾਂ ਨੂੰ ਨੌਜਵਾਨਾਂ ਦੇ ਹਾਵ-ਭਾਵ ਤੇ ਹਲਚਲ 'ਤੇ ਸ਼ੱਕ ਹੋਇਆ, ਪਰ ਉਨ੍ਹਾਂ ਨੇ ਦੋਵਾਂ ਨੂੰ ਆਮ ਗਾਹਕ ਸਮਝ ਕੇ ਸਾਮਾਨ ਦਿਖਾਉਣਾ ਜਾਰੀ ਰੱਖਿਆ। ਇਸੇ ਦੌਰਾਨ ਉਨ੍ਹਾਂ ਦੇ ਜਾਣਕਾਰ ਦਾ ਇਕ ਮੁਲਾਜ਼ਮ ਵਰਮੀ ਕੰਪੋਸਟ ਖਾਦ ਲੈਣ ਲਈ ਸ਼ੋਅਰੂਮ ਦੇ ਬਾਹਰ ਆਇਆ। ਉਹ ਸ਼ੋਅਰੂਮ ਦੇ ਸਾਈਨ ਬੋਰਡ ਦੀ ਬਾਹਰੋਂ ਵੀਡੀਓ ਬਣਾਉਣ ਲੱਗ ਪਿਆ। ਇਹ ਦੇਖ ਕੇ ਅੰਦਰ ਮੌਜੂਦ ਦੋਵੇਂ ਨੌਜਵਾਨ ਚੌਕਸ ਹੋ ਗਏ।
ਡਾ. ਸ਼ਾਰਦਾ ਮੁਤਾਬਕ ਮੁਲਾਜ਼ਮ ਦੇ ਕੁਝ ਦੂਰੀ 'ਤੇ ਜਾਂਦੇ ਹੀ ਇਕ ਨੌਜਵਾਨ ਨੇ ਸ਼ੋਅਰੂਮ ਦੇ ਸ਼ੀਸ਼ੇ ਵਾਲੇ ਗੇਟ ਨੂੰ ਅੰਦਰੋਂ ਬੰਦ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਦੋਵਾਂ ਨੇ ਉਨ੍ਹਾਂ ਨੂੰ ਫੜ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਇਕ ਮੁਲਜ਼ਮ ਨੇ ਦੂਜੇ ਨੂੰ ਕਿਹਾ ਕਿ ਇਸ ਨੂੰ ਤਾਰ ਨਾਲ ਬੰਨ੍ਹ ਦਿਓ। ਇਸ ਤੋਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਮੁਲਜ਼ਮ ਉਨ੍ਹਾਂ ਨੂੰ ਬੰਧਕ ਬਣਾ ਕੇ ਸ਼ੋਅਰੂਮ ਵਿੱਚ ਲੁੱਟ ਕਰਨ ਦੀ ਯੋਜਨਾ ਨਾਲ ਆਏ ਸਨ। ਉਨ੍ਹਾਂ ਨੇ ਹਿੰਮਤ ਕਰਦਿਆਂ ਦੋਵਾਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇਕ ਮੁਲਜ਼ਮ ਨੇ ਆਰੀ ਨਾਲ ਉਨ੍ਹਾਂ ਦੇ ਮੱਥੇ 'ਤੇ ਵਾਰ ਕਰ ਦਿੱਤਾ।
ਕਰੀਬ 69 ਸਾਲ ਦੀ ਉਮਰ ਦੇ ਡਾ. ਸ਼ਾਰਦਾ ਨੇ ਦੱਸਿਆ ਕਿ ਹਮਲੇ ਦੇ ਬਾਵਜੂਦ ਉਨ੍ਹਾਂ ਨੇ ਮੁਲਜ਼ਮਾਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਮੁਤਾਬਕ ਦੋਵਾਂ ਕੋਲ ਪਿਸਤੌਲ ਸਨ। ਜਾਂਦੇ ਸਮੇਂ ਮੁਲਜ਼ਮ ਉਨ੍ਹਾਂ ਨੂੰ ਗਾਲ੍ਹਾਂ ਅਤੇ ਧਮਕੀਆਂ ਦਿੰਦੇ ਹੋਏ ਐਕਟਿਵਾ 'ਤੇ ਫਰਾਰ ਹੋ ਗਏ। ਹਮਲੇ 'ਚ ਜ਼ਖਮੀ ਹੋਏ ਡਾ. ਸ਼ਾਰਦਾ ਖੂਨ ਨਾਲ ਲਥਪਥ ਹਾਲਤ ਵਿੱਚ ਨੇੜਲੇ ਹਸਪਤਾਲ ਪਹੁੰਚੇ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੇ ਮੱਥੇ 'ਤੇ ਅੱਠ ਟਾਂਕੇ ਲਗਾਏ।
ਵਾਰਦਾਤ ਤੋਂ ਬਾਅਦ ਮੁਲਜ਼ਮਾਂ ਨੇ ਸ਼ੋਅਰੂਮ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀਆਂ ਤਾਰਾਂ ਵੀ ਕੱਟ ਦਿੱਤੀਆਂ। ਹਾਲਾਂਕਿ ਭੱਜਣ ਦੀ ਕਾਹਲੀ 'ਚ ਉਨ੍ਹਾਂ ਕੋਲੋਂ ਡੀਵੀਆਰ ਅਤੇ ਕੁਝ ਹੋਰ ਸਾਮਾਨ ਡਿੱਗ ਗਿਆ। ਮੁਲਜ਼ਮ ਸ਼ੋਅਰੂਮ 'ਚੋਂ ਇਕ ਮੋਬਾਈਲ ਫੋਨ ਅਤੇ ਪੰਜ ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਪੂਰੀ ਵਾਰਦਾਤ ਸ਼ੋਅਰੂਮ 'ਚ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ ਹੈ।
ਡਾ. ਸ਼ਾਰਦਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਪੁਲਿਸ ਚੌਕੀ ਲਲਤੋਂ ਵਿਖੇ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਚੌਕੀ ਪਹੁੰਚਣ 'ਤੇ ਚੌਕੀ ਇੰਚਾਰਜ ਦਾ ਰਵੱਈਆ ਵੀ ਠੀਕ ਨਹੀਂ ਸੀ ਅਤੇ ਹਾਲੇ ਤਕ ਮਾਮਲੇ 'ਚ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਪੁਲਿਸ ਤੋਂ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਵਾਰਦਾਤ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।