- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਥਾਣਾ ਡਿਵੀਜ਼ਨ ਨੰਬਰ-5 ਦੀ ਪੁਲਿਸ ਨੇ ਮਾਡਲ ਗ੍ਰਾਮ ਦੇ ਵਾਸੀ ਦਮਨਜੋਤ ਸਿੰਘ ਦੀ ਸ਼ਿਕਾਇਤ ਆਧਾਰ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀਆਂ ਧਾਰਾਵਾਂ 331(3) ਅਤੇ 305 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਸ਼ਹਿਰ 'ਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ। ਤਾਜ਼ਾ ਮਾਮਲੇ 'ਚ ਮਾਡਲ ਗ੍ਰਾਮ ਸਥਿਤ ਕਰਤਾਰ ਨਗਰ ਦੇ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਅਣਪਛਾਤੇ ਚੋਰਾਂ ਨੇ ਅਲਮਾਰੀ ਦਾ ਲੌਕ ਤੋੜ ਕੇ 36 ਤੋਲੇ ਤੋਂ ਵੱਧ ਸੋਨੇ ਦੇ ਕੀਮਤੀ ਗਹਿਣਿਆਂ 'ਤੇ ਹੱਥ ਸਾਫ ਕਰ ਦਿੱਤਾ। ਵਾਰਦਾਤ ਦਾ ਪਤਾ ਉਸ ਵੇਲੇ ਲੱਗਾ ਜਦੋਂ ਪਰਿਵਾਰ ਦੀ ਔਰਤ ਕਿਸੇ ਸਮਾਗਮ 'ਚ ਜਾਣ ਲਈ ਗਹਿਣੇ ਕੱਢਣ ਲੱਗੀ।
ਥਾਣਾ ਡਿਵੀਜ਼ਨ ਨੰਬਰ-5 ਦੀ ਪੁਲਿਸ ਨੇ ਮਾਡਲ ਗ੍ਰਾਮ ਦੇ ਵਾਸੀ ਦਮਨਜੋਤ ਸਿੰਘ ਦੀ ਸ਼ਿਕਾਇਤ ਆਧਾਰ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀਆਂ ਧਾਰਾਵਾਂ 331(3) ਅਤੇ 305 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦਮਨਜੋਤ ਸਿੰਘ ਨੇ ਦੱਸਿਆ ਕਿ ਉਸ ਦੀ ਮਾਤਾ ਹਰਮੀਤ ਕੌਰ ਨੇ ਆਪਣੇ ਸਾਰੇ ਸੋਨੇ ਦੇ ਗਹਿਣੇ ਇਕ ਬੈਗ 'ਚ ਰੱਖ ਕੇ ਘਰ ਦੀ ਸਟੋਰ ਵਾਲੀ ਅਲਮਾਰੀ 'ਚ ਸੰਭਾਲ ਕੇ ਰੱਖੇ ਹੋਏ ਸਨ। ਇਨ੍ਹਾਂ ਵਿਚ 6 ਸੋਨੇ ਦੀਆਂ ਚੂੜੀਆਂ (ਕਰੀਬ 12 ਤੋਲੇ), ਇਕ ਜੋੜੀ ਲੇਡੀਜ਼ ਟੌਪਸ (2 ਤੋਲੇ), ਇਕ ਸੋਨੇ ਦਾ ਕੜਾ (5 ਤੋਲੇ), ਹੀਰਿਆਂ ਜੜੀਆਂ ਤਿੰਨ ਸੋਨੇ ਦੀਆਂ ਮੁੰਦਰੀਆਂ (ਕਰੀਬ 4 ਤੋਲੇ), ਤਿੰਨ ਹੋਰ ਸੋਨੇ ਦੀਆਂ ਮੁੰਦਰੀਆਂ (5 ਤੋਲੇ) ਤੇ ਦੋ ਸੋਨੇ ਦੇ ਕੜੇ (8 ਤੋਲੇ) ਸ਼ਾਮਲ ਸਨ।
ਸ਼ਿਕਾਇਤਕਰਤਾ ਅਨੁਸਾਰ ਹੁਣ ਜਦੋਂ ਉਸ ਦੀ ਮਾਤਾ ਹਰਮੀਤ ਕੌਰ ਕਿਸੇ ਸਮਾਗਮ 'ਚ ਜਾਣ ਲਈ ਗਹਿਣੇ ਕੱਢਣ ਵਾਸਤੇ ਅਲਮਾਰੀ ਕੋਲ ਪਹੁੰਚੀ ਤਾਂ ਅਲਮਾਰੀ ਦਾ ਲੌਕ ਟੁੱਟਿਆ ਹੋਇਆ ਸੀ ਅਤੇ ਅੰਦਰ ਰੱਖਿਆ ਗਹਿਣਿਆਂ ਨਾਲ ਭਰਿਆ ਬੈਗ ਗਾਇਬ ਸੀ। ਇਸ ਤੋਂ ਬਾਅਦ ਪਰਿਵਾਰ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।
ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਣਪਛਾਤੇ ਚੋਰਾਂ ਦੀ ਭਾਲ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।