ਲੁਧਿਆਣਾ 'ਚ ਲੁੱਟ ਦੇ ਇਰਾਦੇ ਨਾਲ ਆਏ ਬਦਮਾਸ਼ਾਂ ਨੇ ਬਜ਼ੁਰਗ 'ਤੇ ਚਲਾਈਆਂ ਗੋਲ਼ੀਆਂ, ਹੈਲਮਟ ਨੇ ਬਚਾਈ ਜਾਨ
ਪ੍ਰਮੋਦ ਸਿੰਘ ਨੇ ਦੱਸਿਆ ਕਿ ਬਦਮਾਸ਼ਾਂ ਨੇ ਉਨ੍ਹਾਂ ਦੀਆਂ ਜੇਬਾਂ ਫਰੋਲੀਆਂ, ਪਰ ਉਨ੍ਹਾਂ ਕੋਲ ਨਕਦੀ ਜਾਂ ਕੋਈ ਕੀਮਤੀ ਸਾਮਾਨ ਨਹੀਂ ਸੀ। ਇਸ ਕਾਰਨ ਉਹ ਲੁੱਟ-ਖੋਹ ਕਰਨ 'ਚ ਕਾਮਯਾਬ ਨਹੀਂ ਹੋ ਸਕੇ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।
Publish Date: Tue, 17 Nov 2026 02:34 PM (IST)
Updated Date: Tue, 17 Nov 2026 02:43 PM (IST)
ਜਾਗਰਣ ਸੰਵਾਦਦਾਤਾ, ਲੁਧਿਆਣਾ : ਰਾਮਗੜ੍ਹ ਇਲਾਕੇ 'ਚ ਓਸਵਾਲ ਫੋਰਜਿੰਗ ਨੇੜੇ ਲੁੱਟ ਦੇ ਇਰਾਦੇ ਨਾਲ ਆਏ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਡਿਊਟੀ 'ਤੇ ਜਾ ਰਹੇ 62 ਸਾਲਾ ਬਜ਼ੁਰਗ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ 'ਚ ਪ੍ਰਮੋਦ ਸਿੰਘ ਜ਼ਖ਼ਮੀ ਹੋ ਗਏ। ਇਕ ਗੋਲੀ ਉਨ੍ਹਾਂ ਦੇ ਪੱਟ 'ਚ ਲੱਗੀ, ਜਦਕਿ ਦੋ ਤੋਂ ਤਿੰਨ ਗੋਲੀਆਂ ਉਨ੍ਹਾਂ ਦੇ ਹੈਲਮੈਟ 'ਤੇ ਲੱਗੀਆਂ। ਹੈਲਮੈਟ ਕਾਰਨ ਉਨ੍ਹਾਂ ਦੀ ਜਾਨ ਬਚ ਗਈ। ਜ਼ਖ਼ਮੀ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਹਸਪਤਾਲ 'ਚ ਇਲਾਜ ਅਧੀਨ ਪ੍ਰਮੋਦ ਸਿੰਘ ਨੇ ਦੱਸਿਆ ਕਿ ਉਹ ਅਕਾਊਂਟਸ ਦਾ ਕੰਮ ਕਰਦੇ ਹਨ। ਉਹ ਰਾਮਗੜ੍ਹ ਸਥਿਤ ਆਪਣੇ ਦਫ਼ਤਰ ਤੋਂ ਡਿਊਟੀ 'ਤੇ ਜਾ ਰਹੇ ਸਨ। ਇਸੇ ਦੌਰਾਨ ਪਿੱਛਿਓਂ ਦੋ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਚਾਰ ਤੋਂ ਪੰਜ ਨੌਜਵਾਨ ਉਨ੍ਹਾਂ ਕੋਲ ਪਹੁੰਚੇ। ਨੌਜਵਾਨਾਂ ਦੀ ਉਮਰ ਲਗਪਗ 25 ਤੋਂ 35 ਸਾਲ ਵਿਚਾਲੇ ਸੀ। ਉਨ੍ਹਾਂ ਨੇ ਰਸਤੇ 'ਚ ਪ੍ਰਮੋਦ ਸਿੰਘ ਨੂੰ ਰੋਕ ਲਿਆ ਅਤੇ ਸਕੂਟੀ ਖੋਲ੍ਹਣ ਲਈ ਕਿਹਾ। ਬਦਮਾਸ਼ਾਂ ਨੇ ਉਨ੍ਹਾਂ ਨਾਲ ਬਦਤਮੀਜ਼ੀ ਕਰਦਿਆਂ ਕਿਹਾ, 'ਸਕੂਟੀ ਖੋਲ੍ਹ, ਕੀ ਸਕੂਟੀ ਤੇਰੇ ਪਿਓ ਦੀ ਹੈ?'
ਇਸ ਤੋਂ ਬਾਅਦ ਬਦਮਾਸ਼ਾਂ ਨੇ ਉਨ੍ਹਾਂ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ ਅਤੇ ਜੇਬਾਂ ਦੀ ਤਲਾਸ਼ੀ ਲੈਣ ਲੱਗੇ। ਇਸੇ ਦੌਰਾਨ ਇਕ ਬਦਮਾਸ਼ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਗੋਲੀ ਮਾਰ ਦਿਓ। ਇੰਨਾ ਕਹਿੰਦਿਆਂ ਹੀ ਹਮਲਾਵਰਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪ੍ਰਮੋਦ ਸਿੰਘ ਮੁਤਾਬਕ, ਹਮਲਾਵਰਾਂ ਨੇ ਕਈ ਗੋਲੀਆਂ ਚਲਾਈਆਂ। ਇਕ ਗੋਲੀ ਉਨ੍ਹਾਂ ਦੇ ਪੱਟ 'ਚ ਲੱਗੀ, ਜਦਕਿ ਦੋ ਤੋਂ ਤਿੰਨ ਗੋਲੀਆਂ ਸਿੱਧੀਆਂ ਉਨ੍ਹਾਂ ਦੇ ਹੈਲਮੈਟ 'ਤੇ ਜਾ ਲੱਗੀਆਂ। ਹੈਲਮੈਟ ਨੇ ਗੋਲੀਆਂ ਦੇ ਅਸਰ ਨੂੰ ਰੋਕ ਲਿਆ ਅਤੇ ਉਨ੍ਹਾਂ ਦੀ ਜਾਨ ਬਚ ਗਈ।
ਪ੍ਰਮੋਦ ਸਿੰਘ ਨੇ ਦੱਸਿਆ ਕਿ ਬਦਮਾਸ਼ਾਂ ਨੇ ਉਨ੍ਹਾਂ ਦੀਆਂ ਜੇਬਾਂ ਫਰੋਲੀਆਂ, ਪਰ ਉਨ੍ਹਾਂ ਕੋਲ ਨਕਦੀ ਜਾਂ ਕੋਈ ਕੀਮਤੀ ਸਾਮਾਨ ਨਹੀਂ ਸੀ। ਇਸ ਕਾਰਨ ਉਹ ਲੁੱਟ-ਖੋਹ ਕਰਨ 'ਚ ਕਾਮਯਾਬ ਨਹੀਂ ਹੋ ਸਕੇ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਤੋਂ ਬਾਅਦ ਜ਼ਖ਼ਮੀ ਖ਼ੁਦ ਸਿਵਲ ਹਸਪਤਾਲ ਪਹੁੰਚੇ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੂੰ ਮਾਮਲੇ ਦੀ ਪੂਰੀ ਜਾਣਕਾਰੀ ਦਿੱਤੇ ਜਾਣ ਅਤੇ ਘਟਨਾ ਵਾਲੀ ਥਾਂ ਦੀ ਜਾਂਚ ਤੋਂ ਬਾਅਦ ਵਾਰਦਾਤ ਨਾਲ ਜੁੜੇ ਹੋਰ ਤੱਥ ਸਾਹਮਣੇ ਆ ਸਕਣਗੇ।