ਪੁਲਿਸ ਮੁਲਾਜ਼ਮ ਬਣ ਕੇ ਆਏ ਬਦਮਾਸ਼ਾਂ ਨੇ ਨੌਜਵਾਨ ਨੂੰ ਬਣਾਇਆ ਨਿਸ਼ਾਨਾ, ਮੁਕੱਦਮਾ ਦਰਜ ਕਰਨ ਦੀ ਧਮਕੀ ਦੇ ਕੇ ਬਣਾਇਆ ਲੁੱਟ ਦਾ ਸ਼ਿਕਾਰ
ਪੁਲਿਸ ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਕਾਲੀ ਗੱਡੀ ਵਿੱਚ ਸਵਾਰ ਹੋ ਕੇ ਆਏ ਸਨ। ਅਹਿਮਦਗੜ੍ਹ ਦੇ ਪਿੰਡ ਜੰਡਾਲੀ ਖੁਰਦ ਦਾ ਰਹਿਣ ਵਾਲੇ ਵਰਿੰਦਰ ਸਿੰਘ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਮੋਟਰਸਾਈਕਲ ’ਤੇ ਆਪਣੇ ਪਿੰਡ ਵੱਲ ਜਾ ਰਿਹਾ ਸੀ। ਜਦੋਂ ਉਹ ਝਮਟ ਕੱਟ ਪੁਹੀੜ ਬਾਈਪਾਸ ਨੇੜੇ ਪੁੱਜਿਆ ਤਾਂ ਇੱਕ ਕਾਲੇ ਰੰਗ ਦੀ ਗੱਡੀ ਉਸ ਦੇ ਕੋਲ ਆ ਕੇ ਰੁਕੀ। ਗੱਡੀ ਵਿੱਚੋਂ ਤਿੰਨ ਨੌਜਵਾਨ ਬਾਹਰ ਆਏ ਅਤੇ ਉਸ ਨੂੰ ਰੋਕ ਲਿਆ।
Publish Date: Fri, 25 Sep 2026 04:05 PM (IST)
Updated Date: Fri, 25 Sep 2026 04:08 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਖੁਦ ਨੂੰ ਪੁਲਿਸ ਮੁਲਾਜ਼ਮ ਦੱਸਣ ਵਾਲੇ ਤਿੰਨ ਵਿਅਕਤੀਆਂ ਨੇ ਘਰ ਜਾ ਰਹੇ ਨੌਜਵਾਨ ਨੂੰ ਰੋਕ ਕੇ ਉਸ ਤੇ ਮੁਕੱਦਮਾ ਦਰਜ ਕਰਨ ਦੀ ਧਮਕੀ ਦਿੱਤੀ ਅਤੇ ਲੁੱਟ ਦਾ ਸ਼ਿਕਾਰ ਬਣਾ ਲਿਆ। ਇਸ ਮਾਮਲੇ ਵਿੱਚ ਥਾਣਾ ਡੇਹਲੋਂ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਪੁਲਿਸ ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਕਾਲੀ ਗੱਡੀ ਵਿੱਚ ਸਵਾਰ ਹੋ ਕੇ ਆਏ ਸਨ। ਅਹਿਮਦਗੜ੍ਹ ਦੇ ਪਿੰਡ ਜੰਡਾਲੀ ਖੁਰਦ ਦਾ ਰਹਿਣ ਵਾਲੇ ਵਰਿੰਦਰ ਸਿੰਘ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਮੋਟਰਸਾਈਕਲ ’ਤੇ ਆਪਣੇ ਪਿੰਡ ਵੱਲ ਜਾ ਰਿਹਾ ਸੀ। ਜਦੋਂ ਉਹ ਝਮਟ ਕੱਟ ਪੁਹੀੜ ਬਾਈਪਾਸ ਨੇੜੇ ਪੁੱਜਿਆ ਤਾਂ ਇੱਕ ਕਾਲੇ ਰੰਗ ਦੀ ਗੱਡੀ ਉਸ ਦੇ ਕੋਲ ਆ ਕੇ ਰੁਕੀ। ਗੱਡੀ ਵਿੱਚੋਂ ਤਿੰਨ ਨੌਜਵਾਨ ਬਾਹਰ ਆਏ ਅਤੇ ਉਸ ਨੂੰ ਰੋਕ ਲਿਆ।
ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਨੌਜਵਾਨਾਂ ਨੇ ਖੁਦ ਨੂੰ ਪੁਲਿਸ ਮੁਲਾਜ਼ਮ ਦੱਸਦਿਆਂ ਉਸ ਨੂੰ ਧਮਕਾਇਆ ਅਤੇ ਕਿਹਾ ਕਿ ਉਸ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਜਾਵੇਗਾ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਤੋਂ ਕੁਝ ਨਕਦੀ ਲੈ ਲਈ ਅਤੇ ਗੱਡੀ ਵਿੱਚ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਏ।
ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਮੁਤਾਬਕ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਅਜੇ ਸ਼ਰਮਾ ਵਾਸੀ ਜੰਮੂ ਕਲੋਨੀ, ਲੁਧਿਆਣਾ, ਅਕਾਸ਼ਦੀਪ ਵਾਸੀ ਮਾਡਲ ਟਾਊਨ, ਲੁਧਿਆਣਾ ਅਤੇ ਗੁਰਕੀਰਤ ਸਿੰਘ ਵਾਸੀ ਪਿੰਡ ਸਰੀਹ, ਥਾਣਾ ਡੇਹਲੋ, ਲੁਧਿਆਣਾ ਵਜੋਂ ਹੋਈ ਹੈ। ਇਸ ਮਾਮਲੇ ਦੀ ਪੜਤਾਲ ਕਰ ਰਹੇ ਏਐਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਮੁਲਜਮਾਂ ਕੋਲੋਂ ਪੁੱਛਗਿਛ ਕਰਨ ਵਿੱਚ ਜੁਟੀ ਹੋਈ ਹੈ। ਪੜਤਾਲ ਦੇ ਦੌਰਾਨ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।