Ludhiana Crime : ਪੇਕੇ ਪਰਿਵਾਰ ਦੇ ਆਉਣ ਤੋਂ ਪਹਿਲੋਂ ਹੀ ਵਿਆਹੁਤਾ ਦਾ ਕੀਤਾ ਸਸਕਾਰ, ਸ਼ੱਕ ਦੀ ਸੂਈ ਸਹੁਰੇ ਪਰਿਵਾਰ 'ਤੇ
ਥਾਣਾ ਕੂਮਕਲਾਂ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਦਿਲਜੀਤ ਸਿੰਘ ਨੇ ਦੱਸਿਆ ਕਿ ਸਾਲ 2021 'ਚ ਉਸਦੀ ਬੇਟੀ ਪੂਜਾ ਦਾ ਵਿਆਹ ਚੌਂਤਾਂ ਦੇ ਰਹਿਣ ਵਾਲੇ ਚਰਨਜੀਤ ਸਿੰਘ ਨਾਲ ਹੋਇਆ ਸੀ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ 'ਚ ਕਲੇਸ਼ ਰਹਿੰਦਾ ਸੀ।
Publish Date: Tue, 31 Mar 2026 02:35 PM (IST)
Updated Date: Tue, 31 Mar 2026 02:38 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਵਿਆਹੁਤਾ ਦੀ ਅਚਾਨਕ ਹੋਈ ਮੌਤ ਮਾਮਲੇ 'ਚ ਮ੍ਰਿਤਕਾ ਦੇ ਸਹੁਰੇ ਪਰਿਵਾਰ ਨੇ ਉਸਦੇ ਰਿਸ਼ਤੇਦਾਰਾਂ ਦੀ ਉਡੀਕ ਕੀਤੇ ਬਿਨਾਂ ਸਸਕਾਰ ਕਰ ਦਿੱਤਾ। ਲੜਕੀ ਦਾ ਪੇਕਾ ਪਰਿਵਾਰ ਜਦ ਲੁਧਿਆਣਾ ਪਹੁੰਚਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਪਰਿਵਾਰ ਨੂੰ ਮਾਮਲਾ ਸ਼ੱਕੀ ਜਾਪਿਆ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਧੀ ਦੀ ਕੁਦਰਤੀ ਮੌਤ ਨਹੀਂ ਹੋਈ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਕੁਮਕਲਾ ਦੀ ਪੁਲਿਸ ਨੇ ਕਪੂਰਥਲਾ ਦੇ ਪਿੰਡ ਬੂਟ ਦੇ ਰਹਿਣ ਵਾਲੇ ਦਲਜੀਤ ਸਿੰਘ ਦੀ ਸ਼ਿਕਾਇਤ 'ਤੇ ਪਿੰਡ ਚੌਂਤਾਂ ਨਿਵਾਸੀ ਮ੍ਰਿਤਕਾ ਦੀ ਸੱਸ ਅੱਕੀ ਕੌਰ, ਜੀਤੀ, ਧਰਮਾ ਸਿੰਘ, ਕਰਮਜੀਤ ਸਿੰਘ, ਬੱਬਾ ਅਤੇ ਮਾਸੀ ਭੂੰਡੀ ਖਿਲਾਫ ਬੀਐਨਐਸ ਦੀ ਧਾਰਾ 106 (ਲਾਪਰਵਾਹੀ ) ਦੇ ਤਹਿਤ ਮੁਕਦਮਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਥਾਣਾ ਕੂਮਕਲਾਂ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਦਿਲਜੀਤ ਸਿੰਘ ਨੇ ਦੱਸਿਆ ਕਿ ਸਾਲ 2021 'ਚ ਉਸਦੀ ਬੇਟੀ ਪੂਜਾ ਦਾ ਵਿਆਹ ਚੌਂਤਾਂ ਦੇ ਰਹਿਣ ਵਾਲੇ ਚਰਨਜੀਤ ਸਿੰਘ ਨਾਲ ਹੋਇਆ ਸੀ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ 'ਚ ਕਲੇਸ਼ ਰਹਿੰਦਾ ਸੀ। ਦਿਲਜੀਤ ਸਿੰਘ ਦੇ ਮੁਤਾਬਕ ਬੀਤੇ ਦਿਨੀ ਉਨ੍ਹਾਂ ਨੂੰ ਪੂਜਾ ਦੀ ਸੱਸ ਅਕੀ ਕੌਰ ਦਾ ਫੋਨ ਆਇਆ ਕਿ ਪੂਜਾ ਦੀ ਅਚਾਨਕ ਮੌਤ ਹੋ ਗਈ ਹੈ। ਦਲਜੀਤ ਸਿੰਘ ਮੁਤਾਬਕ ਉਨ੍ਹਾਂ ਪਰਿਵਾਰ ਨੂੰ ਇਹ ਆਖਿਆ ਕਿ ਉਹ ਜਲਦੀ ਹੀ ਚੌਂਤਾਂ ਪਹੁੰਚ ਜਾਣਗੇ ਤੇ ਪਰਿਵਾਰ ਪੂਜਾ ਦਾ ਸਸਕਾਰ ਉਹਨਾਂ ਦੇ ਆਉਣ ਤੋਂ ਬਾਅਦ ਕਰੇ।
ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਜਿਵੇਂ ਹੀ ਆਪਣੇ ਰਿਸ਼ਤੇਦਾਰਾਂ ਨਾਲ ਆਪਣੀ ਧੀ ਦੇ ਘਰ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਪੂਜਾ ਦਾ ਸਸਕਾਰ ਕਰ ਦਿੱਤਾ ਗਿਆ ਸੀ। ਉਧਰੋਂ ਇਸ ਮਾਮਲੇ 'ਚ ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦਲਜੀਤ ਸਿੰਘ ਦੀ ਸ਼ਿਕਾਇਤ 'ਤੇ ਮੁਲਜ਼ਮਾਂ ਖਿਲਾਫ ਐਫਆਈਆਰ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਤੋਂ ਬਾਅਦ ਜਲਦੀ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।