- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਥਾਨਕ ਗਾਂਧੀ ਨਗਰ ਮਾਰਕੀਟ ਵਿੱਚ ਸਿਲਾਈ ਮਸ਼ੀਨਾਂ ਕਾਰੋਬਾਰੀ ਕੋਲ ਕੰਮ ਕਰ ਰਹੇ ਮੁਲਾਜ਼ਮ ਨੇ ਹੀ ਅਮਾਨਤ ਵਿੱਚ ਖਿਆਨਤ ਕਰ ਦਿੱਤੀ। ਮੁਲਜ਼ਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਾਲਕ ਦੇ ਘਰੋਂ ਲੱਖਾਂ ਰੁਪਏ ਕੀਮਤ ਦੇ ਗਹਿਣੇ ਅਤੇ ਨਕਦੀ ਚੋਰੀ ਦੀ ਵਾਰਦਾਤ ਅੰਜਾਮ ਦਿੱਤੀ।

ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਸਥਾਨਕ ਗਾਂਧੀ ਨਗਰ ਮਾਰਕੀਟ ਵਿੱਚ ਸਿਲਾਈ ਮਸ਼ੀਨਾਂ ਕਾਰੋਬਾਰੀ ਕੋਲ ਕੰਮ ਕਰ ਰਹੇ ਮੁਲਾਜ਼ਮ ਨੇ ਹੀ ਅਮਾਨਤ ਵਿੱਚ ਖਿਆਨਤ ਕਰ ਦਿੱਤੀ। ਮੁਲਜ਼ਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਾਲਕ ਦੇ ਘਰੋਂ ਲੱਖਾਂ ਰੁਪਏ ਕੀਮਤ ਦੇ ਗਹਿਣੇ ਅਤੇ ਨਕਦੀ ਚੋਰੀ ਦੀ ਵਾਰਦਾਤ ਅੰਜਾਮ ਦਿੱਤੀ। ਇਸ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਡਿਵੀਜ਼ਨ ਨੰਬਰ ਚਾਰ ਦੀ ਪੁਲਿਸ ਨੇ ਕਾਰੋਬਾਰੀ ਵੰਸ਼ ਮਹਿਤਾ ਦੇ ਬਿਆਨ ਉੱਪਰ ਮੁਲਜਮ ਸਾਹਿਬ ਰਾਜਾ ਵਾਸੀ ਬੈਂਕ ਕਲੋਨੀ ਸ਼ਿਵਪੁਰੀ ਅਤੇ ਉਸ ਦੇ ਸਾਥੀ ਵਿਸ਼ਾਲ ਮੌਰੀਆ ਉਰਫ ਲਾਲੂ ਵਾਸੀ ਸ਼ੰਕਰ ਪੁਰੀ ਖਿਲਾਫ ਪਰਚਾ ਦਰਜ ਕਰਕੇ ਮੁਲਜ਼ਮਾਂ ਨੂੰ ਗਿਰਫਤਾਰ ਵੀ ਕਰ ਲਿਆ ਹੈ।
ਵੰਸ਼ ਮਹਿਤਾ ਮੁਤਾਬਕ ਉਹ ਬੀਤੇ ਕਈ ਸਾਲਾਂ ਤੋਂ ਸਥਾਨਕ ਗਾਂਧੀ ਨਗਰ ਮਾਰਕੀਟ ਵਿੱਚ ਸਿਲਾਈ ਮਸ਼ੀਨਾਂ ਦਾ ਹੋਲ ਸੇਲ ਕਾਰੋਬਾਰ ਕਰ ਰਹੇ ਹਨ। ਕਰੀਬ ਇਕ ਸਾਲ ਤੋਂ ਸਾਹਿਬ ਰਾਜਾ ਉਨਾ ਕੋਲ ਦੁਕਾਨ 'ਤੇ ਨੌਕਰੀ ਕਰ ਰਿਹਾ ਹੈ। ਦੁਕਾਨ 'ਤੇ ਕੰਮ ਕਰਦਿਆਂ ਸਾਹਿਬ ਰਾਜਾ ਦਾ ਉਹਨਾਂ ਦੇ ਘਰ ਵੀ ਆਉਣਾ ਜਾਣਾ ਸ਼ੁਰੂ ਹੋ ਗਿਆ। ਵਾਰਦਾਤ ਵਾਲੇ ਦਿਨ ਮੁਲਜ਼ਮ ਨੇ ਆਪਣੇ ਇੱਕ ਹੋਰ ਸਾਥੀ ਵਿਸ਼ਾਲ ਮੌਰੀਆ ਉਰਫ ਲਾਲੂ ਨਾਲ ਮਿਲ ਕੇ ਘਰ ਦਾ ਤਾਲਾ ਖੋਲ੍ਹਿਆ ਅਤੇ ਅਲਮਾਰੀ ਵਿੱਚ ਪਏ ਮੁਦਈ ਦੀ ਦਾਦੀ ਦੇ ਸੋਨੇ ਦੇ ਗਹਿਣੇ ਅਤੇ ਕਰੀਬ ਸਾਢੇ ਤਿੰਨ ਲੱਖ ਰੁਪਏ ਨਕਦੀ ਚੋਰੀ ਕਰਕੇ ਫਰਾਰ ਹੋ ਗਿਆ।
ਮੁਲਜ਼ਮ ਅਲਮਾਰੀ ਵਿੱਚੋਂ ਬਜ਼ੁਰਗਾਂ ਦੇ ਕਰੀਬ ਸਾਢੇ ਸੱਤ ਲੱਖ ਰੁਪਏ ਕੀਮਤ ਦੇ ਗਹਿਣੇ ਚੋਰੀ ਕਰਕੇ ਨਾਲ ਲੈ ਗਿਆ। ਜਦੋਂ ਪਰਿਵਾਰ ਨੂੰ ਵਾਰਦਾਤ ਦਾ ਪਤਾ ਲੱਗਾ ਤਾਂ ਉਹਨਾਂ ਘਰ ਅਤੇ ਆਲੇ ਦੁਆਲੇ ਲੱਗੇ ਸੀਸੀ ਟੀਵੀ ਕੈਮਰੇ ਖੰਗਾਲਣੇ ਸ਼ੁਰੂ ਕੀਤੇ। ਪੜਤਾਲ ਦੌਰਾਨ ਉਹਨਾਂ ਨੂੰ ਸੁਰਾਗ ਮਿਲੇ ਕਿ ਵਾਰਦਾਤ ਸਾਹਿਬ ਰਾਜਾ ਨੇ ਅੰਜਾਮ ਦਿੱਤੀ ਸੀ।
ਤਫਤੀਸ਼ੀ ਅਧਿਕਾਰੀ ਹਰਦੀਪ ਸਿੰਘ ਮੁਤਾਬਕ ਮੌਕੇ ਤੋਂ ਮਿਲੇ ਸਬੂਤਾਂ ਦੇ ਆਧਾਰ 'ਤੇ ਮੁਲਜ਼ਮ ਸਾਹਿਬ ਰਾਜਾ ਅਤੇ ਉਸ ਦੇ ਸਾਥੀ ਵਿਸ਼ਾਲ ਮੌਰੀਆ ਨੂੰ ਹਿਰਾਸਤ ਵਿੱਚ ਲੈ ਕੇ ਚੋਰੀ ਕੀਤੇ ਗਹਿਣੇ ਅਤੇ ਨਕਦੀ ਦੀ ਬਰਾਮਦਗੀ ਲਈ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।