- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਿਜ਼ 10 ਹਜ਼ਾਰ ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਸ਼ਹਿਰ ਦੇ ਗਿਆਸਪੁਰਾ ਇਲਾਕੇ ਦੇ ਪ੍ਰੀਤਮ ਨਗਰ ’ਚ ਐਤਵਾਰ ਤੜਕੇ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਇੱਕ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਪਰਿਵਾਰ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਮਹਿਜ਼ 10 ਹਜ਼ਾਰ ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਸ਼ਹਿਰ ਦੇ ਗਿਆਸਪੁਰਾ ਇਲਾਕੇ ਦੇ ਪ੍ਰੀਤਮ ਨਗਰ ’ਚ ਐਤਵਾਰ ਤੜਕੇ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਇੱਕ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਪਰਿਵਾਰ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਖੂਨੀ ਹਮਲੇ ’ਚ ਇੱਕੋ ਪਰਿਵਾਰ ਦੇ 4 ਜੀਅ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚੋਂ ਪਰਿਵਾਰ ਦੇ ਮੁਖੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਵਾਰਦਾਤ ਤੋਂ ਬਾਅਦ ਇਲਾਕੇ ’ਚ ਸਹਿਮ ਦਾ ਮਾਹੌਲ ਬਣ ਗਿਆ, ਜਦਕਿ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਜ਼ਖ਼ਮੀਆਂ ਦੀ ਪਛਾਣ ਜਸਜੀਤ ਸਿੰਘ (45), ਉਸ ਦੀ ਪਤਨੀ ਸਰਬਜੀਤ ਕੌਰ (43), ਭਰਾ ਰਾਜਵੀਰ ਸਿੰਘ (40) ਤੇ ਪੁੱਤਰ ਗੁਰਿੰਦਰ ਸਿੰਘ ਉਰਫ਼ ਜੋਧਾ (21) ਵਜੋਂ ਹੋਈ ਹੈ। ਚਾਰਾਂ ਨੂੰ ਗੋਲੀਆਂ ਲੱਗਣ ਕਾਰਨ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਜਸਜੀਤ ਸਿੰਘ ਦੀ ਹਾਲਤ ਸਭ ਤੋਂ ਗੰਭੀਰ ਬਣੀ ਹੋਈ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ’ਚ ਗੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਫਾਇਨਾਂਸ ਨਾਲ ਸਬੰਧਤ ਕੰਮ ਕਰਦਾ ਹੈ। ਕਰੀਬ 6 ਮਹੀਨੇ ਪਹਿਲਾਂ ਉਸ ਦੇ ਦੋਸਤ ਸਾਗਰ ਨੇ ਉਨ੍ਹਾਂ ਤੋਂ 10 ਹਜ਼ਾਰ ਰੁਪਏ ਵਿਆਜ ’ਤੇ ਲਏ ਸਨ। ਸ਼ੁਰੂਆਤ ’ਚ ਕੁਝ ਕਿਸ਼ਤਾਂ ਭਰੀਆਂ ਗਈਆਂ ਪਰ ਪਿਛਲੇ 3 ਮਹੀਨਿਆਂ ਤੋਂ ਉਸ ਨੇ ਪੈਸੇ ਵਾਪਸ ਕਰਨੇ ਬੰਦ ਕਰ ਦਿੱਤੇ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਕਈ ਵਾਰ ਤਕਰਾਰ ਵੀ ਹੋਈ ਸੀ।
ਰੀਲ ਸ਼ੇਅਰ ਕਰਨ ਤੋਂ ਬਾਅਦ ਵਧਿਆ ਵਿਵਾਦ
ਗੁਰਿੰਦਰ ਦੇ ਮੁਤਾਬਕ ਕਰੀਬ ਇੱਕ ਹਫ਼ਤਾ ਪਹਿਲਾਂ ਉਸ ਨੇ ਸਾਗਰ ਨੂੰ ਪੈਸੇ ਵਾਪਸ ਕਰਨ ਲਈ ਕਿਹਾ ਸੀ, ਜਿਸ ਤੋਂ ਬਾਅਦ ਦੋਵਾਂ ਵਿਚਕਾਰ ਤਕਰਾਰ ਹੋ ਗਈ। ਸ਼ਨਿੱਚਰਵਾਰ ਨੂੰ ਸਾਗਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ’ਤੇ ਇੱਕ ਰੀਲ ਪੋਸਟ ਕੀਤੀ, ਜਿਸ ’ਚ ਗੁਰਿੰਦਰ ਖ਼ਿਲਾਫ਼ ਕਥਿਤ ਤੌਰ ’ਤੇ ਅਪਮਾਨਜਨਕ ਤੇ ਗਾਲੀ-ਗਲੋਚ ਵਾਲੀ ਭਾਸ਼ਾ ਵਰਤੀ ਗਈ ਸੀ, ਜਦੋਂ ਗੁਰਿੰਦਰ ਨੇ ਇਸ ਬਾਰੇ ਸਾਗਰ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਸ ਨੇ ਉਸ ਨੂੰ ਘਰ ਦੇ ਪਿੱਛੇ ਮਿਲਣ ਲਈ ਬੁਲਾ ਲਿਆ।
ਰਾਤ ਕਰੀਬ 11 ਵਜੇ ਗੁਰਿੰਦਰ ਆਪਣੇ ਸਕੂਟਰ ’ਤੇ ਉਥੇ ਪਹੁੰਚਿਆ, ਜਿੱਥੇ ਸਾਗਰ ਪਹਿਲਾਂ ਹੀ ਆਪਣੇ ਕੁੱਝ ਸਾਥੀਆਂ ਨਾਲ ਕਾਰ ’ਚ ਮੌਜੂਦ ਸੀ। ਦੋਵਾਂ ਵਿਚਕਾਰ ਜ਼ਬਰਦਸਤ ਬਹਿਸ ਹੋਈ। ਹਾਲਾਤ ਵਿਗੜਦੇ ਦੇਖ ਗੁਰਿੰਦਰ ਉਥੋਂ ਵਾਪਸ ਆਪਣੇ ਘਰ ਵੱਲ ਚਲਾ ਗਿਆ, ਪਰ ਦੋਸ਼ ਹੈ ਕਿ ਸਾਗਰ ਤੇ ਉਸ ਦੇ ਸਾਥੀਆਂ ਨੇ ਉਸ ਦਾ ਪਿੱਛਾ ਕੀਤਾ ਤੇ ਘਰ ਦੇ ਨੇੜੇ ਹੀ ਉਸ ਨੂੰ ਘੇਰ ਲਿਆ। ਇਸ ਦੌਰਾਨ ਗੁਰਿੰਦਰ ਨੇ ਆਪਣੇ ਪਿਤਾ ਜਸਜੀਤ ਸਿੰਘ ਨੂੰ ਫੋਨ ਕਰ ਕੇ ਮੌਕੇ ‘ਤੇ ਬੁਲਾਇਆ। ਕੁਝ ਸਮੇਂ ਬਾਅਦ ਉਸ ਦੀ ਮਾਤਾ ਸਰਬਜੀਤ ਕੌਰ ਤੇ ਚਾਚਾ ਰਾਜਵੀਰ ਸਿੰਘ ਵੀ ਉਥੇ ਪਹੁੰਚ ਗਏ। ਦੋਸ਼ ਹੈ ਕਿ ਇਸੇ ਦੌਰਾਨ ਸਾਗਰ ਨੇ ਆਪਣੇ ਹੋਰ ਸਾਥੀਆਂ ਮਨੀ ਤੇ ਨਿਖਿਲ ਨੂੰ ਵੀ ਬੁਲਾ ਲਿਆ, ਜੋ ਇੱਕ ਹੋਰ ਕਾਰ ’ਚ ਉਥੇ ਆ ਗਏ।
ਬਿਨਾਂ ਕਿਸੇ ਚਿਤਾਵਨੀ ਪਰਿਵਾਰ ’ਤੇ ਕੀਤੀ ਫਾਇਰਿੰਗ
ਸ਼ਿਕਾਇਤ ਮੁਤਾਬਕ ਮੁਲਜ਼ਮਾਂ ਨੇ ਬਿਨਾਂ ਕਿਸੇ ਚੇਤਾਵਨੀ ਦੇ ਪਰਿਵਾਰ ’ਤੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਫਾਇਰਿੰਗ ਦੌਰਾਨ ਸਰਬਜੀਤ ਕੌਰ ਦੀਆਂ ਦੋਵਾਂ ਲੱਤਾਂ ’ਚ 6 ਗੋਲੀਆਂ ਲੱਗੀਆਂ, ਜਦਕਿ ਰਾਜਵੀਰ ਸਿੰਘ ਦੇ ਸਿਰ ਤੇ ਲੱਤ ’ਚ ਗੋਲੀ ਲੱਗੀ। ਜਸਜੀਤ ਸਿੰਘ ਦੇ ਪੇਟ ’ਚ ਗੋਲੀ ਲੱਗਣ ਕਾਰਨ ਉਸ ਦਾ ਬਲੈਡਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਗੁਰਿੰਦਰ ਸਿੰਘ ਦੀ ਲੱਤ ’ਚ ਵੀ ਗੋਲੀ ਲੱਗੀ।
ਜ਼ਖ਼ਮੀ ਹਾਲਤ ’ਚ ਪਰਿਵਾਰ ਨੂੰ ਲੈ ਗਿਆ ਹਸਪਤਾਲ
ਹੈਰਾਨੀ ਦੀ ਗੱਲ ਇਹ ਰਹੀ ਕਿ ਖੁਦ ਗੋਲੀ ਲੱਗਣ ਦੇ ਬਾਵਜੂਦ ਗੁਰਿੰਦਰ ਨੇ ਹਿੰਮਤ ਨਹੀਂ ਹਾਰੀ ਤੇ ਜ਼ਖ਼ਮੀ ਪਰਿਵਾਰਕ ਮੈਂਬਰਾਂ ਨੂੰ ਕਾਰ ’ਚ ਬਿਠਾ ਕੇ ਹਸਪਤਾਲ ਪਹੁੰਚਾਇਆ। ਇਸ ਦੌਰਾਨ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਸੀਸੀਟੀਵੀ ਕੈਮਰਿਆਂ ਦੀ ਕੀਤੀ ਜਾ ਰਹੀ ਹੈ ਜਾਂਚ
ਪੁਲਿਸ ਅਨੁਸਾਰ ਇਹ ਪੂਰੀ ਵਾਰਦਾਤ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਹੈ, ਜਿਸ ਕਾਰਨ ਜਾਂਚ ਨੂੰ ਅਹਿਮ ਸੁਰਾਗ ਮਿਲੇ ਹਨ। ਸਹਨੇਵਾਲ ਥਾਣੇ ਦੇ ਐੱਸਐੱਚਓ ਦਲਵੀਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਸਾਗਰ, ਮਨੀ, ਨਿਖਿਲ ਤੇ 8 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 109 (ਕਤਲ ਦੀ ਕੋਸ਼ਿਸ਼) ਤੇ 190 (ਗੈਰ-ਕਾਨੂੰਨੀ ਇਕੱਠ ਦੀ ਜ਼ਿੰਮੇਵਾਰੀ) ਸਮੇਤ ਆਰਮਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਅਸਲੀ ਹਥਿਆਰ ਨਹੀਂ ਹੋਇਆ ਬਰਾਮਦ
ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਨਿਖਿਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਕਬਜ਼ੇ ’ਚੋਂ ਇੱਕ ਕਾਰ ਤੇ ਖਿਡੌਣਾ ਪਿਸਤੌਲ ਬਰਾਮਦ ਹੋਈ ਹੈ। ਹਾਲਾਂਕਿ ਫਾਇਰਿੰਗ ’ਚ ਵਰਤਿਆ ਗਿਆ ਅਸਲੀ ਹਥਿਆਰ ਅਜੇ ਤੱਕ ਬਰਾਮਦ ਨਹੀਂ ਹੋ ਸਕਿਆ। ਪੁਲਿਸ ਦਾ ਕਹਿਣਾ ਹੈ ਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ ਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਸਨਸਨੀਖੇਜ਼ ਘਟਨਾ ਨੇ ਇੱਕ ਵਾਰ ਫਿਰ ਸ਼ਹਿਰ ’ਚ ਵਧ ਰਹੇ ਮਾਮੂਲੀ ਵਿਵਾਦਾਂ ਦੇ ਖੂਨੀ ਟਕਰਾਅ ’ਚ ਬਦਲਣ ਦੇ ਖ਼ਤਰੇ ਨੂੰ ਉਜਾਗਰ ਕਰ ਦਿੱਤਾ ਹੈ। ਸਿਰਫ਼ 10 ਹਜ਼ਾਰ ਰੁਪਏ ਦੇ ਕਰਜ਼ੇ ਨੂੰ ਲੈ ਕੇ ਹੋਈ ਇਹ ਗੋਲੀਬਾਰੀ ਹੁਣ ਪੂਰੇ ਸ਼ਹਿਰ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।