ਲੁਧਿਆਣਾ 'ਚ ਬ੍ਰਾਂਚ ਹੈੱਡ ਮਹਿਲਾ ਨਾਲ ਛੇੜਛਾੜ ਦੇ ਦੋਸ਼, ਮਾਲਕ ਦੇ ਸਾਲ਼ੇ 'ਤੇ FIR; ਲੰਬੇ ਸਮੇਂ ਤੋਂ ਤੰਗ ਕਰਨ ਦਾ ਇਲਜ਼ਾਮ
ਮਹਿਲਾ ਨੇ ਦੋਸ਼ ਲਾਇਆ ਕਿ ਮੁਲਜ਼ਮ ਪਿਛਲੇ ਕਾਫ਼ੀ ਸਮੇਂ ਤੋਂ ਉਸ ਨੂੰ ਤੰਗ-ਪਰੇਸ਼ਾਨ ਕਰਦਾ ਆ ਰਿਹਾ ਸੀ। ਉਸ ਨੇ ਕਥਿਤ ਤੌਰ ’ਤੇ ਮਹਿਲਾ ਦਾ ਪਿੱਛਾ ਕੀਤਾ ਤੇ ਉਸ ਦੀ ਮਰਜ਼ੀ ਦੇ ਵਿਰੁੱਧ ਬਾਂਹ ਫੜਨ ਦੇ ਨਾਲ-ਨਾਲ ਬੇਇੱਜ਼ਤ ਕਰਨ ਦੀ ਨੀਅਤ ਨਾਲ ਉਸ ਨਾਲ ਛੇੜਛਾੜ ਕੀਤੀ। ਇਸ ਤੋਂ ਇਲਾਵਾ ਮੁਲਜ਼ਮ ਵੱਲੋਂ ਅਸ਼ਲੀਲ ਹਰਕਤਾਂ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਵੀ ਦੋਸ਼ ਲਗਾਏ ਗਏ ਹਨ।
Publish Date: Wed, 07 Oct 2026 01:39 PM (IST)
Updated Date: Wed, 07 Oct 2026 01:46 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਹੈਬੋਵਾਲ ਇਲਾਕੇ 'ਚ ਇਕ ਨਿੱਜੀ ਕੰਪਨੀ ਦੀ ਮਹਿਲਾ ਮੁਲਾਜ਼ਮ ਨਾਲ ਕਥਿਤ ਛੇੜਛਾੜ ਅਤੇ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਵੱਲੋਂ ਲਗਾਏ ਦੋਸ਼ਾਂ ਦੇ ਆਧਾਰ ’ਤੇ ਪੁਲਿਸ ਨੇ ਕੰਪਨੀ ਦੇ ਮਾਲਕ ਦੇ ਸਾਲੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਲੁਧਿਆਣਾ ਵਾਸੀ 29 ਸਾਲਾ ਮਹਿਲਾ ਨੇ ਦੱਸਿਆ ਕਿ ਉਹ ਮੋਹਾਲੀ ਸਥਿਤ ਰਾਈਟਵੇ ਕੰਪਨੀ 'ਚ ਬ੍ਰਾਂਚ ਹੈੱਡ ਵਜੋਂ ਨੌਕਰੀ ਕਰਦੀ ਹੈ। ਸ਼ਿਕਾਇਤ ਮੁਤਾਬਕ ਮੁਲਜ਼ਮ ਲੁਧਿਆਣਾ ਦੇ ਜੋਸ਼ੀ ਨਗਰ ਦਾ ਵਾਸੀ ਹਰਸ਼ ਮਰਵਾਹਾ ਕੰਪਨੀ ਦੇ ਮਾਲਕ ਦਾ ਸਾਲਾ ਹੈ।
ਮਹਿਲਾ ਨੇ ਦੋਸ਼ ਲਾਇਆ ਕਿ ਮੁਲਜ਼ਮ ਪਿਛਲੇ ਕਾਫ਼ੀ ਸਮੇਂ ਤੋਂ ਉਸ ਨੂੰ ਤੰਗ-ਪਰੇਸ਼ਾਨ ਕਰਦਾ ਆ ਰਿਹਾ ਸੀ। ਉਸ ਨੇ ਕਥਿਤ ਤੌਰ ’ਤੇ ਮਹਿਲਾ ਦਾ ਪਿੱਛਾ ਕੀਤਾ ਤੇ ਉਸ ਦੀ ਮਰਜ਼ੀ ਦੇ ਵਿਰੁੱਧ ਬਾਂਹ ਫੜਨ ਦੇ ਨਾਲ-ਨਾਲ ਬੇਇੱਜ਼ਤ ਕਰਨ ਦੀ ਨੀਅਤ ਨਾਲ ਉਸ ਨਾਲ ਛੇੜਛਾੜ ਕੀਤੀ। ਇਸ ਤੋਂ ਇਲਾਵਾ ਮੁਲਜ਼ਮ ਵੱਲੋਂ ਅਸ਼ਲੀਲ ਹਰਕਤਾਂ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਵੀ ਦੋਸ਼ ਲਗਾਏ ਗਏ ਹਨ।
ਸ਼ਿਕਾਇਤ ਦੇ ਆਧਾਰ ’ਤੇ ਥਾਣਾ ਹੈਬੋਵਾਲ ਪੁਲਿਸ ਨੇ ਹਰਸ਼ ਮਰਵਾਹਾ ਖ਼ਿਲਾਫ਼ ਧਾਰਾ 351 ਅਤੇ 75(2) ਬੀਐੱਨਐੱਸ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।