ਕਰਮ ਬੰਧਨ ਤੋਂ ਮੁਕਤੀ ਸਿਰਫ ਬ੍ਰਹਮ ਗਿਆਨ ਨਾਲ ਹੀ ਸੰਭਵ : ਸਾਧਵੀ
ਕਰਮ ਬੰਧਨ ਤੋਂ ਮੁਕਤੀ ਸਿਰਫ ਬ੍ਰਹਮ ਗਿਆਨ ਦੁਆਰਾ ਹੀ ਸੰਭਵ-ਸਾਧਵੀ ਪ੍ਰਗਲਭਾ ਭਾਰਤੀ
Publish Date: Sun, 28 Jun 2026 08:46 PM (IST)
Updated Date: Mon, 29 Jun 2026 04:08 AM (IST)

ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਨੇ ਐਤਵਾਰ ਨੂੰ ਕਰਵਾਇਆ ਹਫਤਾਵਰੀ ਸਤਿਸੰਗ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਕੈਲਾਸ਼ ਨਗਰ ਸਥਿੱਤ ਸਥਾਨਕ ਆਸ਼ਰਮ ’ਚ ਐਤਵਾਰ ਨੂੰ ਹਫਤਾਵਰੀ ਸਤਿਸੰਗ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਸਾਧਵੀ ਪ੍ਰਗਲਭਾ ਭਾਰਤੀ ਨੇ ਆਤਮ-ਉੱਨਤੀ ਤੇ ਕੇਂਦ੍ਰਿਤ ਅਧਿਆਤਮਿਕ ਪ੍ਰਵਚਨ ਅਤੇ ਬ੍ਰਹਮ ਪ੍ਰੇਰਨਾਵਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਸਾਰੀ ਸ੍ਰਿਸ਼ਟੀ ਸਿਧਾਂਤ ਅਧੀਨ ਸੰਚਾਲਿਤ ਹੁੰਦੀ ਹੈ। ਇਸ ਸੰਸਾਰ ਦੀ ਸਿਰਜਣਾ ਕਰਕੇ, ਪ੍ਰਮਾਤਮਾ ਨੇ ਇਸਨੂੰ ਕਰਮ ਦੇ ਵਿਸ਼ਵਵਿਆਪੀ ਨਿਯਮ ਨਾਲ ਬੰਨ੍ਹਿਆ ਹੈ। ਇਸ ਸਿਧਾਂਤ ਦੇ ਅਨੁਸਾਰ, ਹਰੇਕ ਵਿਅਕਤੀ ਆਪਣੇ ਕਰਮਾਂ ਦੇ ਅਨੁਸਾਰ ਫਲ ਪ੍ਰਾਪਤ ਕਰਦਾ ਹੈ। ਮਨੁੱਖ ਕਰਮ ਕਰਨ ਲਈ ਸੁਤੰਤਰ ਹੈ ਪਰ ਉਸ ਕਰਮ ਦਾ ਫਲ ਭੋਗਣ ਲਈ ਪੂਰੀ ਤਰਾ ਬੰਨ੍ਹਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇੱਕ ਵਾਰ ਕੀਤਾ ਗਿਆ ਕਰਮ ਆਪਣੇ ਕਰਤਾ ਨੂੰ ਉਸੇ ਤਰ੍ਹਾਂ ਲੱਭਦਾ ਹੈ ਜਿਵੇਂ ਇੱਕ ਵੱਛਾ ਹਜ਼ਾਰਾਂ ਗਾਵਾਂ ਦੇ ਝੁੰਡ ਵਿੱਚ ਆਪਣੀ ਮਾਂ ਦੀ ਪਛਾਣ ਲੈਂਦਾ ਹੈ। ਮਨੁੱਖ ਆਪਣੇ ਜੀਵਨ ਦੌਰਾਨ ਅਣਗਿਣਤ ਸ਼ੁੱਭ ਅਤੇ ਅਸ਼ੁੱਭ ਕਰਮ ਕਰਦਾ ਹਨ ਅਤੇ ਇਨ੍ਹਾਂ ਕਰਮ ਦੁਆਰਾ ਬੱਝੇ ਹੋਏ, ਖੁਸ਼ੀ ਅਤੇ ਦੁੱਖ ਦਾ ਅਨੁਭਵ ਕਰਦੇ ਰਹਿੰਦੇ ਹਨ। ਕਰਮ ਦਾ ਇਹੀ ਚੱਕਰ ਜਨਮ, ਮੌਤ ਅਤੇ ਪੁਨਰ ਜਨਮ ਦੇ ਚੱਕਰ ਦਾ ਮੂਲ ਕਾਰਨ ਹੈ। ਸਾਧਵੀ ਨੇ ਕਿਹਾ ਕਿ ਜਦੋਂ ਕਿ ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਚੰਗੇ ਕਰਮ ਕਰਨ ਨਾਲ ਮੁਕਤੀ ਮਿਲਦੀ ਹੈ ਪਰ ਕਰਮ ਚਾਹੇ ਸ਼ੁੱਭ ਹੋਣ ਜਾਂ ਅਸ਼ੁੱਭ ਦੋਵੇਂ ਹੀ ਬੰਧਨ ਦੇ ਕਾਰਨ ਬਣਦੇ ਹਨ। ਜਿਸ ਤਰ੍ਹਾਂ ਲੋਹੇ ਅਤੇ ਸੋਨੇ ਦੀ ਜੰਜੀਰ ਦਾ ਕੰਮ ਬੰਨ੍ਹਣਾ ਹੀ ਹੁੰਦਾ ਹੈ, ਉਸੇ ਤਰ੍ਹਾਂ ਹਰ ਕਰਮ ਜੀਵ ਨੂੰ ਕਰਮ ਦੇ ਬੰਧਨ ਵਿੱਚ ਬੰਨ੍ਹ ਕੇ ਰੱਖਦਾ ਹੈ ਅਤੇ ਕਰਮ ਬੰਧਨ ਤੋਂ ਮੁਕਤੀ ਸਿਰਫ ਬ੍ਰਹਮ ਗਿਆਨ ਦੁਆਰਾ ਹੀ ਸੰਭਵ ਹੈ। ਜਿਸ ਤਰ੍ਹਾਂ ਅੱਗ ਵਿੱਚ ਭੁੰਨਿਆ ਹੋਇਆ ਬੀਜ ਪੁੰਗਰ ਨਹੀਂ ਸਕਦਾ, ਉਸੇ ਤਰ੍ਹਾਂ ਬ੍ਰਹਮ ਗਿਆਨ ਦੀ ਅੱਗ ਵਿੱਚ ਭਸਮ ਹੋਏ ਕਰਮ ਜੀਵ ਨੂੰ ਦੁਬਾਰਾ ਬੰਧਨ ’ਚ ਨਹੀਂ ਪਾਉਂਦੇ। ਜਦੋਂ ਜੀਵਨ ਵਿੱਚ ਪੂਰਨ ਸਤਿਗੁਰੂ ਦਾ ਆਗਮਨ ਹੁੰਦਾ ਹੈ ਤਦ ਉਹ ਸਾਧਕ ਦੇ ਹਿਰਦੇ ਵਿਚ ਵਿਰਾਜਮਾਨ ਪਰਮਾਤਮਾ ਦੇ ਜਯੋਤੀ ਸਵਰੂਪ ਦੇ ਦਰਸ਼ਨ ਕਰਵਾ ਕੇ ਬ੍ਰਹਮ ਗਿਆਨ ਦੀ ਜਯੋਤੀ ਜਲਾਉਂਦੇ ਹਨ। ਸਤਿਗੁਰੂ ਦੇ ਹੁਕਮ ਅਤੇ ਮਾਰਗਦਰਸ਼ਨ ਅਨੁਸਾਰ ਇੱਕ ਸਾਧਕ ਆਪਣੇ ਸੰਚਿਤ ਕਰਮਾ ਨੂੰ ਗਿਆਨ ਦੀ ਅਗਨੀ ਵਿੱਚ ਸਮਰਪਿਤ ਕਰ ਕੇ ਕਰਮ ਦੇ ਬੰਧਨ ਤੋਂ ਮੁਕਤ ਹੋ ਕੇ ਮੁਕਿਤ ਦਾ ਅਧਿਕਾਰੀ ਬਣ ਸਕਦਾ ਹੈ। ਇਸ ਮੌਕੇ ਤੇ ਸਾਧਵੀ ਮਨੂੰ ਭਾਰਤੀ ਅਤੇ ਸਾਧਵੀ ਜਗਦੀਪਾ ਭਾਰਤੀ ਨੇ ਸੁਰੀਲੇ ਭਜਨਾਂ ਦਾ ਗਾਇਨ ਕੀਤਾ।