ਸ਼ਹਿਰ ਦੀ ਤਾਂ ਛੱਡੋ, ਸਾਬ੍ਹਾਂ ਦੇ ਦਫ਼ਤਰਾਂ ’ਚ ਆਰਾਮ ਕਰਦੇ ਨੇ ‘ਕੁੱਤੇ’
ਸ਼ਹਿਰ ਦੀ ਤਾਂ ਛੱਡੋ, ਸਾਬ੍ਹਾਂ ਦੇ ਦਫ਼ਤਰਾਂ ’ਚ ਹੀ ਅਰਾਮ ਫਰਮਾਉਂਦੇ ‘ਕੁੱਤੇ’
Publish Date: Mon, 15 Jun 2026 07:03 PM (IST)
Updated Date: Tue, 16 Jun 2026 04:07 AM (IST)

-ਐੱਸਡੀਐੱਮ ਦਫ਼ਤਰ ’ਚ ਆਰਾਮ ਫਰਮਾਉਂਦੇ ਕੁੱਤਿਆਂ ਦੀਆਂ ਲੋਕਾਂ ਵੱਲੋਂ ਵਾਇਰਲ ਤਸਵੀਰਾਂ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ‘ਤੁਸੀਂ ਸ਼ਹਿਰ ਵਿਚ ਆਵਾਰਾ ਕੁੱਤਿਆਂ ਦੀ ਭਰਮਾਰ, ਉਨ੍ਹਾਂ ਵੱਲੋਂ ਰੋਜਾਨਾ 5 ਲੋਕਾਂ ਨੂੰ ਵੱਢਣ ਦਾ ਰਾਮ ਰੌਲ਼ਾ ਪਾ ਰਹੇ ਹਾਂ। ਹਕੀਕਤ ਵਿਚ ਤਾਂ ਇੰਨਾ ’ਤੇ ਕਾਰਵਾਈ ਕਰਨ ਵਾਲੇ ਸਾਬ੍ਹਾਂ ਦੇ ਦਫ਼ਤਰ ਹੀ ਆਵਾਰਾ ਕੁੱਤਿਆਂ ਦੀ ਅਰਾਮਗਾਹ ਬਣੇ ਹੋਏ ਹਨ। ਸਾਬ੍ਹਾਂ ਦੇ ਦਫ਼ਤਰਾਂ ਵਿਚ ਆਵਾਰਾ ਕੁੱਤਿਆਂ ਦੀ ਭਰਮਾਰ ਕਾਰਨ ਕੰਮ ਕਰਵਾਉਣ ਆਉਂਦੀ ਜਨਤਾ ਪਰੇਸ਼ਾਨ ਹੈ। ਸੋਮਵਾਰ ਨੂੰ ਜਗਰਾਓਂ ਦੇ ਇੱਕ ਲੋਕ ਆਗੂ ਨੇ ਸਥਾਨਕ ਐੱਸਡੀਐੱਮ ਦਫ਼ਤਰ ਵਿਚ ਅਰਾਮ ਫਰਮਾਉਂਦੇ ਕੁੱਤਿਆਂ ਦੀ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਤਸਵੀਰਾਂ ਵਾਇਰਲ ਕਰਦਿਆਂ ਲੋਕਾਂ ਨੂੰ ਵੀ ਇਸ ’ਤੇ ਕੁਮੈਂਟ ਕਰਨ ਦਾ ਸੁਨੇਹਾ ਦਿੱਤਾ। ਜਿਸ ਤੋਂ ਬਾਅਦ ਲੋਕਾਂ ਨੇ ਵੀ ਸੋਸ਼ਲ ਮੀਡੀਆ ’ਤੇ ਆਵਾਰਾ ਕੁੱਤਿਆਂ ਦਾ ਸਾਬ੍ਹਾਂ ਦੇ ਦਫ਼ਤਰਾਂ ਵਿਚ ਹੀ ਡੇਰਾ ਲਾਉਣ ’ਤੇ ਨਿਵੇਕਲੇ ਅੰਦਾਜ ਵਿਚ ਕੁਮੈਂਟ ਕਰਦਿਆਂ ਅਫਸਰਸ਼ਾਹੀ ਨੂੰ ਡਿਊਟੀ ’ਤੇ ਪਹਿਰਾ ਦੇਣ ਦੀ ਨਸੀਹਤ ਦਿੰਦਿਆਂ ਆਵਾਰਾ ਕੁੱਤਿਆਂ ਦੇ ਆਤੰਕ ਤੋਂ ਖਹਿੜਾ ਛੁਡਾਉਣ ਦੀ ਅਪੀਲ ਕੀਤੀ। ਜਗਰਾਓਂ ਦੇ ਐੱਸਡੀਐੱਮ ਦਫ਼ਤਰ ਪੁੱਜੇ ਲੋਕ ਆਗੂ ਕੰਵਲਜੀਤ ਖੰਨਾ ਨੇ ਐੱਸਡੀਐੱਮ ਦਫ਼ਤਰ ਦੇ ਬਾਹਰ ਦਫ਼ਤਰੀ ਲੋਬੀ ਵਿਚ ਇੱਕਸਾਰ ਸੁੱਤੇ ਪਏ ਤਿੰਨ ਕੁੱਤਿਆਂ ਅਤੇ ਲੋਕਾਂ ਲਈ ਪੀਣ ਵਾਲੇ ਪਾਣੀ ਦੇ ਲਗਾਏ ਵਾਟਰ ਕੂਲਰ ਅੱਗੇ ਸੁੱਤੇ ਪਏ ਕੁੱਤੇ ਦੀ ਤਸਵੀਰ ਖਿੱਚੀ ਅਤੇ ਇਥੋਂ ਦੇ ਸੂਰਤੇਹਾਲ ਨੂੰ ਆਪਣੇ ਕੁਮੈਂਟ ਰਾਹੀਂ ਸੋਸ਼ਲ ਮੀਡੀਆ ਰਾਹੀਂ ਪੋਸਟ ਕਰ ਦਿੱਤਾ। ਇਹ ਪੋਸਟ ਵਾਇਰਲ ਹੋਈ ਅਤੇ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਵੀ ਬਣੀ। ਇਥੇ ਇਹ ਵੀ ਵਰਣਨਯੋਗ ਹੈ ਕਿ ਜਗਰਾਓਂ ਵਿਚ ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਸਾਰਾ ਸ਼ਹਿਰ ਪਰੇਸ਼ਾਨ ਹੈ। ਇਨ੍ਹਾਂ ਆਵਾਰਾ ਕੁੱਤਿਆਂ ਦਾ ਆਤੰਕ ਲੋਕਾਂ ਨੂੰ ਦਿਨ ਰਾਤ ਡਰਾ ਰਿਹਾ ਹੈ। ਕਿਉਂਕਿ ਹੁਣ ਤੱਕ ਅਨੇਕਾਂ ਘਟਨਾਵਾਂ ਜਿਨ੍ਹਾਂ ਵਿਚ ਇਨ੍ਹਾਂ ਆਵਾਰਾ ਕੁੱਤਿਆਂ ਵੱਲੋਂ ਆਮ ਲੋਕਾਂ ਨੂੰ ਸ਼ਿਕਾਰ ਬਣਾਇਆ ਗਿਆ। ਇਸ ਸਬੰਧ ਵਿਚ ਜਗਰਾਓਂ ਦੇ ਨਵ ਨਿਯੁਕਤ ਐਸਡੀਐਮ ਬਾਦਲ ਦੀਨ ਨੇ ਕਿਹਾ ਕਿ ਉਨ੍ਹਾਂ ਦੀ ਤੈਨਾਤੀ ਹੋਈ ਹੈ ਪਰ ਅਜੇ ਜੁਆਇਨ ਨਹੀਂ ਕੀਤਾ। ਅਹੁਦਾ ਸੰਭਾਲਦੇ ਹੀ ਲੋਕਾ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। -ਜਗਰਾਓਂ ’ਚ ਰੋਜ਼ਾਨਾ 5 ਲੋਕਾਂ ਨੂੰ ਸ਼ਿਕਾਰ ਬਣਾ ਰਹੇ ਆਵਾਰਾ ਕੁੱਤੇ ਜਗਰਾਓਂ ਦੀ ਗੱਲ ਕਰੀਏ ਤਾਂ ਆਵਾਰਾ ਕੁੱਤਿਆਂ ਦੀ ਭਰਮਾਰ ਰੋਜ਼ਾਨਾ ਕਰੀਬ 5 ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਜਗਰਾਓਂ ਸਿਵਲ ਹਸਪਤਾਲ ਤੋਂ ਪ੍ਰਾਪਤ ਕੀਤੇ ਡਾਟੇ ਅਨੁਸਾਰ ਹਰ ਮਹੀਨੇ 150 ਤੋਂ 200 ਦੇ ਕਰੀਬ ਡੌਗ ਬਾਈਟਸ ਦੇ ਕੇਸ ਆ ਰਹੇ ਹਨ। ਜਿਨ੍ਹਾਂ ਦਾ ਟੀਕਾਕਰਨ ਕੀਤਾ ਜਾਂਦਾ ਹੈ।