ਕੈਬਨਿਟ ਮੰਤਰੀ ਦੀ ਮੌਜੂਦਗੀ ’ਚ ਲੱਗੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ
ਸੰਘਰਸ਼ ਕਮੇਟੀ ਦੇ ਆਗੂਆਂ ਨੇ ਕੈਬਨਿਟ ਮੰਤਰੀ ਦੀ ਮੌਜੂਦਗੀ ਵਿੱਚ ਲਾਏ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ
Publish Date: Fri, 12 Jun 2026 07:54 PM (IST)
Updated Date: Sat, 13 Jun 2026 04:06 AM (IST)

ਸੰਘਰਸ਼ ਕਮੇਟੀ ਵਲੋਂ ਅੱਜ ਕੈਬਨਿਟ ਮੰਤਰੀ ਦੀ ਮੁੰਡੀਆਂ ਦੀ ਕੋਠੀ ਦਾ ਕੀਤਾ ਜਾਵੇਗਾ ਘਿਰਾਓ : ਧੀਂਗਾਨ ਵਿਸ਼ਾਲ, ਪੰਜਾਬੀ ਜਾਗਰਣ, ਲੁਧਿਆਣਾ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਜ਼ੋਨ ਏ ਵਿਖੇ ਮੀਟਿੰਗ ਕਰਨ ਤੋਂ ਬਾਅਦ ਵਾਪਸ ਜਾਂਦੇ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਿਵੇਂ ਹੀ ਕੈਬਨਿਟ ਮੰਤਰੀ ਬੈਂਸ ਜ਼ੋਨ ਏ ਤੋਂ ਬਾਹਰ ਨਿਕਲੇ ਤਾਂ ਨਗਰ ਨਿਗਮ ਲੁਧਿਆਣਾ ਦੀ ਸੰਘਰਸ਼ ਕਮੇਟੀ ਦੇ ਆਗੂਆਂ ਨੇ ਉਨ੍ਹਾਂ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਮੰਗ-ਪੱਤਰ ਦੇਣਾ ਸੀ ਪਰ ਮੰਗ ਪੱਤਰ ਤਾਂ ਦੂਰ ਉਨ੍ਹਾਂ ਨੂੰ ਮਿਲਣਾ ਵੀ ਮੁਨਾਸਿਬ ਨਾ ਸਮਝਿਆ, ਜਿਸ ਦੇ ਰੋਸ ਵਜੋਂ ਸੰਘਰਸ਼ ਕਮੇਟੀ ਦੇ ਆਗੂਆਂ ਨੇ ਪੁਲਿਸ ਦੀਆਂ ਰੋਕਾਂ ਦੇ ਬਾਵਜੂਦ ਕੈਬਨਿਟ ਮੰਤਰੀ ਹਰਜੋਤ ਬੈਂਸ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਰਸਤੇ ਵਿਚ ਹੀ ਰੋਕ ਲਿਆ ਤੇ ਜਦੋਂ ਵਿੱਕੀ ਸਹੋਤਾ ਨੇ ਪੁਲਿਸ ਕੋਲੋਂ ਬਚ ਕੇ ਹਰਜੋਤ ਬੈਂਸ ਕੋਲ ਜਾਣ ਦੀ ਕੋਸ਼ਿਸ਼ ਤਾਂ ਪੁਲਿਸ ਨੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਸਾਥੀਆਂ ਨੂੰ ਪਿੱਛੇ ਧਕੇਲ ਦਿੱਤਾ। ਇਸ ਦੌਰਾਨ ਪੁਲਿਸ ਤੇ ਸੰਘਰਸ਼ ਕਮੇਟੀ ਦੇ ਆਗੂਆਂ ਵਿਚਾਲੇ ਧੱਕਾਮੁੱਕੀ ਵੀ ਹੋਈ। ਰੋਸ ਵਜੋਂ ਸੰਘਰਸ਼ ਕਮੇਟੀ ਦੇ ਆਗੂਆਂ ਨੇ ਹਰਜੋਤ ਬੈਂਸ ਦੀ ਮੌਜੂਦਗੀ ’ਚ ਹੀ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਤੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਵੱਲੋਂ ਸੰਘਰਸ਼ ਕਮੇਟੀ ਦੇ ਆਗੂਆਂ ਕੋਲ ਜਾ ਕੇ ਉਨ੍ਹਾਂ ਦੀ ਗੱਲ ਸੁਣਨ ਦੀ ਕੋਸਿਸ਼ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸੰਘਰਸ਼ ਕਮੇਟੀ ਨੇ ਕੈਬਨਿਟ ਮੰਤਰੀ ਨੂੰ ਮਿਲਣਾ ਸੀ ਤਾਂ ਇਸ ਬਾਰੇ ਉਨ੍ਹਾਂ ਨੂੰ ਦੱਸਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਹੁਣ ਤੱਕ 5 ਮੰਤਰੀ ਬਦਲ ਚੁੱਕੇ ਹਨ ਪਰ ਓਵਰਏਜ਼, ਮਾਲੀ, ਬੇਲਦਾਰਾਂ ਤੇ ਡਰਾਈਵਰ ਮੁਲਾਜ਼ਮਾਂ ਦਾ ਫ਼ਾਈਲ ਪਤਾ ਨਹੀਂ ਕਿਉਂ ਪਾਸ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਸੰਘਰਸ਼ ਕਮੇਟੀ ਵਲੋਂ ਕੈਬਨਿਟ ਮੰਤਰੀ ਮੁੰਡੀਆਂ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ ਤੇ ਉਨ੍ਹਾਂ ਦੇ ਮਾਧਿਆਮ ਤੋਂ ਮੁੱਖ ਮੰਤਰੀ ਨੂੰ ਯਾਦ ਪੱਤਰ ਭੇਜਿਆ ਜਾਵੇਗਾ ਤਾਂ ਜੋ ਸੁੱਤੀ ਪਈ ਪੰਜਾਬ ਸਰਕਾਰ ਦੇ ਕੰਨਾਂ ਤੱਕ ਸਫ਼ਾਈ ਕਾਮਿਆਂ ਦੀ ਆਵਾਜ਼ ਪੁੱਜ ਸਕੇ। ਇਸ ਮੌਕੇ ਸੰਜੀਵ ਗਿੱਲ, ਅਜੇਪਾਲ ਦਿਸ਼ਾਵਰ, ਵਿੱਕੀ ਸਹੋਤਾ, ਰਵੀ ਬਾਲੀ, ਵਿਪਨ ਕਲਿਆਣ, ਦੀਪਕ ਹੰਸ, ਨੇਤਾ ਜੀ ਸੌਂਧੀ, ਸੁਰਿੰਦਰ ਅਟਵਾਲ, ਰਾਜਵੀਰ ਚੌਟਾਲਾ, ਅਰੁਣ ਗੋਗਲਾ, ਸੁਸੀਲ ਰੱਤੀ, ਪੱਪਾ ਬੱਤਰਾ, ਲੱਕੀ ਨਾਹਰ, ਅਨੂਪ ਘਈ, ਸੁਭਾਸ਼ ਸੋਦੇ, ਸੁਮਿਤ ਚੌਟਾਲਾ ਪਵਨ ਟਾਂਕ, ਸੋਨੂੰ ਅਟਵਾਲ, ਡਿਪਟੀ ਪੁਹਾਲ, ਪਿੰਨੀ ਹੰਸ, ਅਰਜੁਨ ਭੂੰਬਕ, ਰਾਜੇਸ਼ ਟਾਂਕ ਆਦਿ ਹਾਜ਼ਰ ਸਨ।