ਵਿਦਿਆਰਥਣਾਂ ਅਤੇ ਸਟਾਫ਼ ਨੇ ਕੀਤੀ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ
ਝਾੜ ਸਾਹਿਬ ਕਾਲਜ ਦੀਆਂ ਵਿਦਿਆਰਥਣਾਂ ਅਤੇ ਸਟਾਫ਼ ਨੇ ਕੀਤੀ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ
Publish Date: Sat, 20 Jun 2026 07:16 PM (IST)
Updated Date: Sun, 21 Jun 2026 04:07 AM (IST)

ਐੱਸਜੀਪੀਸੀ ਦਾ ਵਿਦਿਆਰਥਣਾਂ ’ਚ ਸੇਵਾ, ਸਿਮਰਨ, ਸੰਸਕਾਰ ਪੈਦਾ ਕਰਨ ਦਾ ਸ਼ਲਾਘਾਯੋਗ ਉਪਰਾਲਾ : ਪ੍ਰਿੰਸੀਪਲ ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਬਹਾਦਰਗੜ੍ਹ, ਪਟਿਆਲਾ ਵੱਲੋਂ ਸੇਵਾ, ਸਿਮਰਨ ਤੇ ਸਿੱਖੀ ਦੇ ਅਮੋਲਕ ਸੰਸਕਾਰਾਂ ਨਾਲ ਜੁੜੇ ਵਿਸ਼ੇਸ਼ ਉਪਰਾਲੇ ਤਹਿਤ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਇਸ ਲੜੀ ਤਹਿਤ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫ਼ਾਰ ਵਿਮੈਨ, ਝਾੜ ਸਾਹਿਬ ਦੀਆਂ ਵਿਦਿਆਰਥਣਾਂ ਅਤੇ ਸਟਾਫ਼ ਨੇ 19 ਜੂਨ ਨੂੰ ਕਾਲਜ ਪ੍ਰਿੰਸੀਪਲ ਡਾ. ਰਜਿੰਦਰ ਕੌਰ ਦੀ ਯੋਗ ਅਗਵਾਈ ਅਤੇ ਪ੍ਰੇਰਨਾ ਸਦਕਾ ਪਾਵਨ ਗੁਰਧਾਮ ਵਿਖੇ ਸ਼ਰਧਾ ਅਤੇ ਸਮਰਪਣ ਭਾਵਨਾ ਨਾਲ ਸੇਵਾ ਨਿਭਾਈ। ਇਸ ’ਚ ਕਾਲਜ ਦੇ ਸਟਾਫ਼ ਅਤੇ ਵਿਦਿਆਰਥਣਾਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ। ਸੇਵਾ ਦੌਰਾਨ ਵਿਦਿਆਰਥਣਾਂ ਨੇ ਵੱਡੀ ਨਿਮਰਤਾ, ਸ਼ਰਧਾ ਅਤੇ ਜਿੰਮੇਵਾਰੀ ਨਾਲ ਆਪਣੇ ਸੇਵਾ ਕਾਰਜ ਨੂੰ ਨਿਭਾਇਆ। ਕਾਲਜ ਪ੍ਰਿੰਸੀਪਲ ਨੇ ਕਿਹਾ ਕਿ ਅਜਿਹੇ ਪਾਵਨ ਸੇਵਾ ਕਾਰਜ ਨਾ ਸਿਰਫ ਅਜੋਕੀ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਅਤੇ ਗੁਰਮਤਿ ਨਾਲ ਜੋੜਦੇ ਹਨ, ਸਗੋਂ ਉਨ੍ਹਾਂ ਦੇ ਮਨਾਂ ’ਚ ਮਨੁੱਖਤਾ, ਨਿਸ਼ਕਾਮ ਸੇਵਾ ਅਤੇ ਸਮਾਜ ਪ੍ਰਤੀ ਫਰਜ਼ ਦੀ ਭਾਵਨਾ ਵੀ ਪ੍ਰਬਲ ਕਰਦੇ ਹਨ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸੁਖਮਿੰਦਰ ਸਿੰਘ ਸਕੱਤਰ (ਵਿੱਦਿਆ), ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਆਦੇਸ਼ਾ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗਰਮੀਆਂ ਦੀਆਂ ਛੁੱਟੀਆਂ ’ਚ ਪਿਛਲੇ ਤਿੰਨ ਸਾਲਾਂ ਤੋਂ ਕੀਤੀ ਜਾ ਰਹੀ ਇਹ ਸੇਵਾ ਸਿੱਖੀ ਦੀ ਮਹਾਨ ਪ੍ਰੰਪਰਾ ਨਿਮਰਤਾ ਅਤੇ ਪਰਉਪਕਾਰ ਦੇ ਸਿਧਾਤਾਂ ਨੂੰ ਸਮਰਪਿਤ ਇੱਕ ਪ੍ਰੇਰਣਾਦਾਇਕ ਅਤੇ ਸ਼ਲਾਘਾਯੋਗ ਉਪਰਾਲਾ ਹੈ। ਜਿਸਦਾ ਮੁੱਖ ਉਦੇਸ਼ ਵਿਦਿਆਰਥਣਾਂ ’ਚ ਸੇਵਾ, ਸੰਸਕਾਰ, ਸਿਮਰਨ, ਆਤਮਿਕ ਉੱਨਤੀ ਰਾਹੀਂ ਜੀਵਨ ਨੂੰ ਸਫ਼ਲ ਕਰਨਾ ਹੈ। ਕਾਲਜ ਦੀ ਲੋਕਲ ਮੈਨੇਜਮੈਂਟ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਕਾਲਜ ਸਟਾਫ਼ ਵੱਲੋਂ ਡਾ. ਰਣਜੀਤ ਕੌਰ, ਡਾ. ਮਹੀਪਿੰਦਰ ਕੌਰ, ਡਾ. ਅਮਨਪ੍ਰੀਤ ਕੌਰ ਕੰਗ, ਬਲਜਿੰਦਰ ਕੌਰ, ਸੁਖਦੀਪ ਕੌਰ, ਅਮਨਦੀਪ ਕੌਰ, ਸਿਮਰਨਪ੍ਰੀਤ ਕੌਰ, ਕੁਲਵਿੰਦਰ ਕੌਰ, ਮੁਕੇਸ਼ ਸ਼ਰਮਾ, ਸੁਖਵੀਰ ਸਿੰਘ, ਰਜਿੰਦਰ ਸਿੰਘ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ, ਸਰਬਜੀਤ ਕੌਰ, ਹਰਜੋਤ ਕੌਰ, ਬਬੀਤਾ ਰਾਣੀ, ਬੀਬੀ ਸੋਨੀ ਅਤੇ ਵਿਦਿਆਰਥਣਾਂ ਹਾਜ਼ਰ ਸਨ।