ਜਤਿੰਦਰ ਪਾਠਕ ਬਣੇ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਜਤਿੰਦਰ ਪਾਠਕ ਬਣੇ ਨਗਰ ਕੌਂਸਲ ਖੰਨਾ ਦੇ ਪ੍ਰਧਾਨ, ਪਾਠਕ ਸਾਹਮਣੇ ਕਈ ਚਣੌਤੀਆਂ
Publish Date: Wed, 01 Jul 2026 09:11 PM (IST)
Updated Date: Thu, 02 Jul 2026 04:11 AM (IST)
-ਨਵੇਂ ਅਹੁਦੇਦਾਰਾਂ ਦਾ ਕੀਤਾ ਸਵਾਗਤ, ਖੰਨਾ ਦੇ ਪ੍ਰਧਾਨ ਪਾਠਕ ਸਾਹਮਣੇ ਇਸ ਸਮੇਂ ਹਨ ਕਈ ਚਣੌਤੀਆਂ ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ : ਨਗਰ ਕੌਂਸਲ ਖੰਨਾ ਦੀ ਪ੍ਰਧਾਨਗੀ ਦਾ ਤਾਜ ਆਮ ਆਦਮੀ ਪਾਰਟੀ ਦੇ ਕੌਂਸਲਰ ਜਤਿੰਦਰ ਪਾਠਕ ਦੇ ਸਿਰ ਸਜ ਗਿਆ ਹੈ। ਕੌਂਸਲਰਾਂ ਵੱਲੋਂ ਹਰੀਸ਼ ਗੁਪਤਾ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਕਰਮਜੀਤ ਸਿਫਤੀ ਨੂੰ ਵਾਈਸ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ। ਨਿਯੁਕਤੀ ਤੋਂ ਬਾਅਦ ਪਾਰਟੀ ਆਗੂਆਂ ਤੇ ਵਰਕਰਾਂ ਨੇ ਨਵੇਂ ਅਹੁਦੇਦਾਰਾਂ ਦਾ ਫੁੱਲਾਂ ਦੇ ਹਾਰ ਪਾ ਕੇ ਅਤੇ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ। ਇਹ ਚੋਣ ਕਨਵੀਨਰ ਕਮ ਐੱਸਡੀਐਮ ਖੰਨਾ ਸਵਾਤੀ ਟਿਵਾਣਾ ਦੀ ਨਿਗਰਾਨੀ ਹੇਠ ਹੋਈ, ਜਿਸ ’ਚ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਨੇ ਵੀ ਸਮੂਲੀਅਤ ਕੀਤੀ। ਨਗਰ ਕੌਂਸਲ ਦੀ ਮੀਟਿੰਗ ’ਚ ਪ੍ਰਧਾਨ, ਸੀਨੀਅਰ ਉਪ ਪ੍ਰਧਾਨ ਅਤੇ ਉਪ ਪ੍ਰਧਾਨ ਦੀਆਂ ਚੋਣਾਂ ਸ਼ਾਂਤੀਪੂਰਵਕ ਹੋਈਆਂ। ਨਵੇਂ ਚੁਣੇ ਕੌਂਸਲਰਾਂ ਨੇ ਸਹੁੰ ਚੁੱਕੀ, ਜਿਸ ਤੋਂ ਬਾਅਦ ਤਿੰਨੋਂ ਅਹੁਦਿਆਂ ਲਈ ਵੋਟਿੰਗ ਹੋਈ। ‘ਆਪ’ ਦੇ ਬਹੁਮਤ ਕਾਰਨ, ਇਸ ਦੇ ਸਾਰੇ ਉਮੀਦਵਾਰ ਚੁਣੇ ਗਏ। ਮੰਤਰੀ ਸੋਂਦ ਵੱਲੋਂ ਨਵੇ ਚੁਣ ਅਹੁਦੇਦਾਰਾਂ ਪ੍ਰਧਾਨ ਜਤਿੰਦਰ ਪਾਠਕ, ਹਰੀਸ਼ ਗੁਪਤਾ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਕਰਮਜੀਤ ਸਿਫਤੀ ਨੂੰ ਵਾਈਸ ਪ੍ਰਧਾਨ ਨੂੰ ਵਧਾਈ ਦਿੱਤੀ ਤੇ ਆਪਣਾ ਕੰਮ ਤਨਦੇਹੀ ਤੇ ਇਮਾਨਦਾਰੀ ਨਾਲ ਕਰਨ ਲਈ ਪ੍ਰੇਰਿਤ ਕੀਤਾ। ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਨੇ ਕਿਹਾ ਕਿ ਕਮੇਟੀ ’ਚ ਸਰਕਾਰ ਵੱਲੋਂ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। -ਕੁਰਸੀ ’ਤੇ ਬੈਠਣ ਤੋਂ ਪਹਿਲਾਂ ਪ੍ਰਧਾਨ ਨੇ ਟੇਕਿਆ ਕੁਰਸੀ ਨੂੰ ਮੱਥਾ ਨਵ ਨਿਯੁਕਤ ਪ੍ਰਧਾਨ ਜਤਿੰਦਰ ਪਾਠਕ ਨੇ ਕੁਰਸੀ ’ਤੇ ਬੈਠਣ ਤੋਂ ਪਹਿਲਾਂ ਪ੍ਰਧਾਨ ਜਤਿੰਦਰ ਪਾਠਕ ਵੱਲੋਂ ਕੁਰਸੀ ਨੂੰ ਮੱਥਾ ਟੇਕਿਆ ਗਿਆ। ਪਾਠਕ ਨੇ ਕਿਹਾ ਕਿ ਮੰਤਰੀ ਸੋਂਦ ਵੱਲੋਂ ਜਿਹੜੀ ਜਿੰਮੇਵਾਰੀ ਦਿੱਤੀ ਗਈ ਹੈ, ਉਸ ਨੂੰ ਇਮਾਨਦਾਰੀ ਨਾਲ ਕਰਕੇ ਸ਼ਹਰਿ ਦਾ ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾ। ਹਰੀਸ਼ ਗੁਪਤਾ ਤੇ ਕਰਮਜੀਤ ਸਿੰਘ ਸਿਫ਼ਤੀ ਨੇ ਕਿਹਾ ਕਿ ਉਹ ਮੰਤਰੀ ਸੋਂਦ ਦੇ ਧੰਨਵਾਦੀ ਹਨ, ਜਿੰਨ੍ਹਾਂ ਨੇ ਅਹੁਦਿਆਂ ਨਾਲ ਨਿਵਾਜ ਕੇ ਸ਼ਹਿਰ ਦੇ ਵਿਕਾਸ ਲਈ ਮੌਕਾ ਦਿੱਤਾ ਗਿਆ। ਨਵੇਂ ਅਹੁਦੇਦਾਰਾਂ ਨੇ ਪਾਰਟੀ ਹਾਈਕਮਾਨ ਅਤੇ ਸਮੂਹ ਕੌਂਸਲਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਖੰਨਾ ਸ਼ਹਿਰ ਦੇ ਵਿਕਾਸ, ਪਾਰਦਰਸ਼ੀ ਪ੍ਰਸ਼ਾਸਨ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਪਹਿਲ ਦੇਣਗੇ। ਇਸ ਮੌਕੇ ਅਨਾਜ ਮੰਡੀ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ, ਚੇਅਰਐਨ ਮਾਰਕੀਟ ਕਮੇਟੀ ਜਗਤਾਰ ਸਿੰਘ ਗਿੱਲ, ਕੌਂਸਲਰ ਰਜਿੰਦਰ ਸਿੰਘ ਜੀਤ, ਪੀਏ ਮੰਤਰੀ ਕਰਨ ਅਰੋੜਾ, ਸੁਨੀਲ ਕੁਮਾਰ ਨੀਟਾ, ਹਰਜੀਤ ਸਿੰਘ ਭਾਟੀਆ, ਅਮਰਦੀਪ ਸਿੰਘ ਪੂਰੇਵਾਲ, ਅਮਨ ਕਟਾਰੀਆਂ, ਲਾਡੀ ਮਾਨ, ਮਨੀ ਸ਼ਰਮਾ, ਬਲਵੰਤ ਸਿੰਘ ਲੋਹਟ, ਸੁਖਮਨਜੀਤ ਸਿੰਘ ਸਾਬਕਾ ਕੌਂਸਲਰ, ਕੌਂਸਲਰਾਂ ’ਚ ਸਰਬਜੀਤ ਕੌਰ, ਪ੍ਰਦੀਪ ਕੁਮਾਰ ਰਤਨ, ਚਰਨਪ੍ਰੀਤ ਕੌਰ, ਨਤਾਸ਼ਾ ਸ਼ਰਮਾ, ਗੁਰਮੇਲ ਸਿੰਘ, ਪ੍ਰਭਜੋਤ ਕੌਰ ਮਾਨ, ਰਾਜ ਕੁਮਾਰ ਲਖੀਆ, ਸੁਰਿੰਦਰ ਕੁਮਾਰ ਬਾਵਾ, ਉਪਮਾ ਅਰੋੜਾ, ਨਰਿੰਦਰ ਕੌਰ ਲੋਹਟ, ਮੰਜੂ ਮਲਹੋਤਰਾ, ਰੂਬੀ ਭਾਟੀਆ, ਮਿਨਾਕਸ਼ੀ, ਸੋਮਾ ਰਾਣੀ, ਨਰ਼ੇਸ ਕਪਿਲਾ, ਰਿਚਾ ਮਨੋਚਾ ਆਦਿ ਮੌਜੂਦ ਸਨ। -ਸਿੱਖ ਚਿਹਰੇ ਨੂੰ ਨਹੀਂ ਕੋਈ ਨੁਮਾਇੰਦਗੀ, ਔਰਤਾਂ ਵੀ ਦਰਕਿਨਾਰ ਅਗਾਮੀਂ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਸਿਆਸੀ ਪਾਰਟੀਆਂ ਵੱਲੋਂ ਹਿੰਦੂ, ਸਿੱਖ ਤੇ ਐੱਸਸੀ ਵਰਗ ਨੂੰ ਸਿਆਸਤ ’ਚ ਬਰਾਬਰ ਦਾ ਭਾਗੀਦਾਰੀ ਦੇਣ ਰਣਨੀਤੀ ਅਪਣਾਈ ਜਾ ਰਹੀ ਹੈ। ਨਗਰ ਕੌਂਸਲ ਚੋਣਾਂ ’ਚ ਵੀ ਉਮੀਦ ਪ੍ਰਗਟਾਈ ਜਾ ਰਹੀ ਸੀ ਕਿ ਆਮ ਆਦਮੀ ਪਾਰਟੀ ਵੱਲੋਂ ਸਾਰੇ ਵਰਗਾਂ ਦਾ ਖ਼ਿਆਲ ਰੱਖਿਆ ਜਾਵੇਗਾ ਪਰ ਖੰਨਾ ’ਚ ਪ੍ਰਧਾਨ ਤੇ ਸੀਨੀਅਰ ਮੀਤ ਪ੍ਰਧਾਨ ਦੀ ਜਿੰਮੇਵਾਰੀ ਹਿੰਦੂ ਚਿਹਰਿਆਂ ਨੂੰ ਦਿੱਤੀ ਗਈ ਤੇ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਐੱਸਸੀ ਵਰਗ ਨੂੰ ਦਿੱਤੀ ਗਈ ਪਰ ਕਿਸੇ ਸਿੱਖ ਚਿਹਰੇ ਨੂੰ ਕੋਈ ਨੁਮਾਇੰਦਗੀ ਨਹੀਂ ਦਿੱਤੀ ਗਈ ਜਦਕਿ ਕਿ ਖੰਨਾ ਸ਼ਹਿਰ ’ਚ ‘ਆਪ’ ਨਾਲ ਸਿੱਖ ਆਗੂ ਤੇ ਵਲੰਟੀਅਰ ਵੀ ਜੁੜੇ ਹੋਏ ਹਨ ਤੇ ਸਿੱਖ ਵਸੋਂ ਵੀ ਬਹੁਤ ਹੈ। ਇਸ ਦੇ ਨਾਲ ਹੀ ਔਰਤਾਂ ਵੀ ਨੂੰ ਅੱਜ ਦੇ ਦਿਨ ਦਰਕਿਨਾਰ ਕੀਤਾ ਗਿਆ। ਇੱਕ ਪਾਸੇ ਤਾਂ ਔਰਤਾਂ ਨੂੰ ਖ਼ੁਸ ਕਰਨ ਲਈ ਸਤਿਕਾਰ ਰਾਸੀ ਦੇਣ ਲਈ ਵੱਡਾ ਇੱਕਠ ਕੀਤਾ ਗਿਆ ਤੇ ਔਰਤਾਂ ਨੂੰ ਚੋਣਾਂ ਤੇ ਅਹੁਦੇਦਾਰੀਆਂ ’ਚ 50 ਫੀਸਦੀ ਰਾਖਵਾਂਕਰਨ ਦੇਣ ਦੀਆਂ ਗੱਲਾਂ ਵੀ ਕੀਤੀਆਂ ਜਾ ਰਹੀਆਂ ਹਨ ਪਰ ਖੰਨਾ ’ਚ ਔਰਤਾਂ ਨੂੰ ਨਗਰ ਕੌਂਸਲ ’ਚ ਕੋਈ ਨੁਮਾਇੰਦਗੀ ਨਹੀਂ ਦਿੱਤੀ ਗਈ। ਇਹ ਗੱਲਾਂ ਦਾ ਅਸਰ ਆਗਾਮੀ ਚੋਣਾਂ ’ਤੇ ਪੈ ਸਕਦਾ ਹੈ। -ਕਾਂਗਰਸ ਨੇ ਨਹੀਂ ਪਾਇਆ ਮੁੱਲ, ‘ਆਪ’ ਨੇ ਬਖ਼ਸ਼ਿਆ ਰਾਜਭਾਗ : ਪਾਠਕ ਨਗਰ ਕੌਂਸਲ ਦੇ ਨਵੇਂ ਚੁਣੇ ਗਏ ਪ੍ਰਧਾਨ ਜਤਿੰਦਰ ਪਾਠਕ ਸ਼ਹਿਰ ਦੀ ਰਾਜਨੀਤੀ ’ਚ ਇੱਕ ਤਜਰਬੇਕਾਰ ਅਤੇ ਜਾਣੀ-ਪਛਾਣੀ ਸ਼ਖਸੀਅਤ ਹਨ। ਉਹ ਲਗਾਤਾਰ ਪੰਜਵੀਂ ਵਾਰ ਕੌਂਸਲਰ ਚੁਣੇ ਗਏ ਹਨ ਤੇ ਨਗਰ ਕੌਂਸਲ ਦੇ ਸਭ ਤੋਂ ਸੀਨੀਅਰ ਕੌਂਸਲਰਾਂ ’ਚੋਂ ਇੱਕ ਹਨ। ਜਿਹੜੇ ਲਗਾਤਾਰ ਚੋਣਾਂ ਜਿੱਤਦੇ ਆ ਰਹੇ ਹਨ। ਪਹਿਲਾਂ ਉਹ ਚਾਰ ਵਾਰ ਕਾਂਗਰਸ ਕੌਂਸਲਰ ਵਜੋਂ ਸੇਵਾ ਨਿਭਾ ਚੁੱਕੇ ਹਨ। ਉਨ੍ਹਾਂ ਦੇ ਪਿਛਲੇ ਕਾਰਜਕਾਲ ਦੌਰਾਨ, ਉਨ੍ਹਾਂ ਦੇ ਨਗਰ ਕੌਂਸਲ ਪ੍ਰਧਾਨ ਬਣਨ ਦੀਆਂ ਚਰਚਾਵਾਂ ਸਨ ਪਰ ਕਿਉਂਕਿ ਪ੍ਰਧਾਨ ਦਾ ਅਹੁਦਾ ਅਨੁਸੂਚਿਤ ਜਾਤੀਆਂ ਲਈ ਰਾਖਵਾਂ ਹੋ ਗਿਆ ਸੀ, ਇਸ ਲਈ ਉਨ੍ਹਾਂ ਨੂੰ ਉਪ ਪ੍ਰਧਾਨ ਦੀ ਭੂਮਿਕਾ ਸੌਂਪੀ ਗਈ ਸੀ। ਬਾਅਦ ’ਚ ਉਹ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। ਇਸ ਵਾਰ, ਪਾਰਟੀ ਨੇ ਉਨ੍ਹਾਂ ਤੇ ਭਰੋਸਾ ਜਤਾਉਂਦੇ ਹੋਏ ਉਨ੍ਹਾਂ ਨੂੰ ਨਗਰ ਕੌਂਸਲ ਦੀ ਸਭ ਤੋਂ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ। ਉਨ੍ਹਾਂ ਨੂੰ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਦੇ ਵੀ ਨੇੜੇ ਮੰਨਿਆ ਜਾਂਦਾ ਹੈ। ਪਾਠਕ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਉਨ੍ਹਾਂ ਦੀ ਪਾਰਟੀ ਪ੍ਰਤੀ ਵਫ਼ਦਾਰੀ ਤੇ ਮਿਹਨਤ ਦਾ ਮੁੱਲ ਨਹੀਂ ਪਾਇਆ ਪਰ ਮੰਤਰੀ ਸੋਂਦ ਨੇ ਰਾਜਭਾਗ ਬਖ਼ਸ਼ਿਆ ਹੈ, ਜਿਸ ਦੇ ਉਹ ਸਦਾ ਰਿਣੀ ਰਹਿਣਗੇ। ਸੀਨੀਅਰ ਮੀਤ ਪ੍ਰਧਾਨ ਚੁਣੇ ਗਏ ਹਰੀਸ਼ ਗੁਪਤਾ ਲੰਬੇ ਸਮੇਂ ਤੋਂ ਪੱਤਰਕਾਰ ਰਹੇ ਹਨ ਅਤੇ ਭਾਜਪਾ ਦੇ ਸਮਰਥਕ ਵੱਜੋਂ ਜਾਣੇ ਜਾਂਦੇ ਸਨ। ਉਨ੍ਹਾਂ ਦੀ ਪਤਨੀ ਪਹਿਲਾਂ ਭਾਜਪਾ ਕੌਂਸਲਰ ਸੀ ਤੇ ਇਸ ਸਮੇਂ ਖੰਨਾ ਏਐੱਸ ਕਾਲਜ ਫਾਰ ਵੂਮੈਨ ਦੀ ਸਕੱਤਰ ਹੈ। ਇਸ ਵਾਰ ਹਰੀਸ਼ ਗੁਪਤਾ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਤੇ ਬਿਨਾਂ ਮੁਕਾਬਲਾ ਕੌਂਸਲਰ ਚੁਣੇ ਗਏ। ਪਾਰਟੀ ਨੇ ਉਨ੍ਹਾਂ ਤੇ ਵਿਸ਼ਵਾਸ ਪ੍ਰਗਟ ਕੀਤਾ ਅਤੇ ਉਨ੍ਹਾਂ ਨੂੰ ਸੀਨੀਅਰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ। ਪ੍ਰੋਟੋਕੋਲ ਅਨੁਸਾਰ, ਉਨ੍ਹਾਂ ਨੇ ਬੁੱਧਵਾਰ ਨੂੰ ਅਹੁਦਾ ਸੰਭਾਲਿਆ। ਉਪ ਪ੍ਰਧਾਨ ਬਣੇ ਕਰਮਜੀਤ ਸਿਫਟੀ ਲੰਬੇ ਸਮੇਂ ਤੱਕ ਕਾਂਗਰਸ ਨਾਲ ਜੁੜੇ ਰਹੇ ਪਰ ਉਨ੍ਹਾਂ ਨੂੰ ਕਾਂਗਰਸ ’ਚ ਕੋਈ ਵੱਡਾ ਸੰਗਠਨਾਤਮਕ ਜਾਂ ਚੁਣਿਆ ਹੋਇਆ ਅਹੁਦਾ ਨਹੀਂ ਮਿਲਿਆ। ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਤੋਂ ਬਾਅਦ, ਉਨ੍ਹਾਂ ਨੇ ਪਹਿਲੀ ਵਾਰ ਨਗਰ ਕੌਂਸਲ ਚੋਣਾਂ ’ਚ ਆਪ ਨੇ ਟਿਕਟ ਦਿੱਤੀ ਤੇ ਸਿਫਤੀ ਨੇ ਜਿੱਤ ਹਾਸਲ ਕੀਤੀ। ਹੁਣ ਮੀਤ ਪ੍ਰਧਾਨ ਚੁਣੇ ਗਏ ਹਨ। ਸਿਫਤੀ ਨੇ ਮੰਤਰੀ ਸੋਂਦ ਦਾ ਧੰਨਵਾਦ ਕੀਤਾ।