- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਸਾਹਿਤ ਦਾ ਚਮਕਦਾ ਸਿਤਾਰਾ ਜਸਵੰਤ ਸਿੰਘ ਕੰਵਲ

-ਅੱਜ 27 ਜੂਨ ਜਨਮ ਦਿਨ ’ਤੇ ਵਿਸ਼ੇਸ਼
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ :
ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਨਾਮ ਬਹੁਤ ਹੀ ਅਦਬ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ। ਕੰਵਲ ਨੇ ਆਪਣੀ ਲੇਖਣੀ ਰਾਹੀਂ ਪੰਜਾਬ ਦੇ ਪਿੰਡਾਂ ਦੀ ਜ਼ਿੰਦਗੀ, ਸਮਾਜਿਕ ਸਮੱਸਿਆਵਾਂ, ਮਨੁੱਖੀ ਭਾਵਨਾਵਾਂ ਅਤੇ ਰਾਜਨੀਤਿਕ ਹਾਲਾਤਾਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਉਹ ਸਿਰਫ਼ ਇੱਕ ਨਾਵਲਕਾਰ ਹੀ ਨਹੀਂ ਸਨ, ਸਗੋਂ ਇੱਕ ਚਿੰਤਕ, ਕਹਾਣੀਕਾਰ ਅਤੇ ਸਮਾਜਿਕ ਚੇਤਨਾ ਦੇ ਪ੍ਰਤੀਕ ਵੀ ਸਨ। ਉਨ੍ਹਾਂ ਦੀਆਂ ਰਚਨਾਵਾਂ ਅੱਜ ਵੀ ਪੰਜਾਬੀ ਪਾਠਕਾਂ ਨੂੰ ਪ੍ਰੇਰਿਤ ਕਰਦੀਆਂ ਹਨ ਅਤੇ ਪੰਜਾਬੀ ਸਾਹਿਤ ਦਾ ਅਨਮੋਲ ਖ਼ਜ਼ਾਨਾ ਮੰਨੀਆਂ ਜਾਂਦੀਆਂ ਹਨ। ਨਾਵਲਕਾਰ ਜਸਵੰਤ ਸਿੰਘ ਕੇਵਲ ਦਾ ਜਨਮ 27 ਜੂਨ 1919 ਨੂੰ ਮੋਗਾ ਦੇ ਇਤਿਹਾਸਕ ਪਿੰਡ ਢੁੱਡੀਕੇ ਵਿਖੇ ਪਿਤਾ ਮਾਹਲਾ ਸਿੰਘ ਤੇ ਮਾਤਾ ਹਰਨਾਮ ਕੌਰ ਦੇ ਘਰ ਹੋਇਆ। ਮੁੱਢਲੀ ਵਿੱਦਿਆ ਪਿੰਡ ਦੇ ਸਕੂਲ ਤੋਂ ਹਾਸਲ ਕਰਨ ਉਪਰੰਤ ਉਨ੍ਹਾਂ ਗਿਆਨੀ ਪਾਸ ਕੀਤੀ। ਉਨ੍ਹਾਂ ਨੂੰ ਲਿਖਣ ਦੀ ਚੇਟਕ ਮਲਾਇਆ ਦੇ ਜੰਗਲਾਂ 'ਚ ਲੱਗੀ ਸੀ। ਇਹੀ ਵਜ੍ਹਾ ਹੈ ਕਿ ਉਹ ਆਪਣੀ ਲਿਖਣ ਕਲਾ ਨੂੰ ਮਲਾਇਆ ਦੀ ਸੌਗਾਤ ਆਖਿਆ ਕਰਦੇ ਸਨ। ਉਨ੍ਹਾਂ ਨੇ ਮਲਾਇਆ 'ਚ ਨੌਕਰੀ ਕੀਤੀ ਸੀ। ਫਿਰ ਆਪਣੇ ਪਿੰਡ ਆ ਕੇ ਖੇਤਾਂ 'ਚ ਛੋਟੇ ਭਰਾ ਨਾਲ ਹੱਥ ਵਟਾਉਣ ਲੱਗੀ। ਉਨ੍ਹਾਂ ਨੂੰ ਸ੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਗੁਰੂ ਰਾਮਦਾਸ ਦੀ ਨਗਰੀ ਵਿੱਚ ਕਲਰਕੀ ਦੀ ਨੌਕਰੀ ਮਿਲ ਗਈ। ਵਿਹਲਾ ਸਮਾਂ ਉਹ ਸ਼੍ਰੋਮਣੀ ਕਮੇਟੀ ਦੀ ਲਾਇਬ੍ਰੇਰੀ ਵਿੱਚ ਹੀ ਬਿਤਾਉਂਦੇ ਸਨ। ਕਰਤਾਰ ਸਿੰਘ, ਹਰਬੰਸ ਸਿੰਘ ਦੇ ਭਰਾਵਾਂ ਤੇ ਕਰਤਾਰ ਕੌਰ, ਭਗਵਾਨ ਕੌਰ ਤੇ ਬਚਿੰਤ ਕੌਰ ਤਿੰਨ ਭੈਣਾਂ ਦਾ ਵੀਰ ਸੀ ਕੰਵਲ। ਉਨ੍ਹਾਂ ਦਾ ਵਿਆਹ ਸੰਨ 1943 'ਚ ਮੁਖਤਿਆਰ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਚਾਰ ਧੀਆਂ ਤੇ ਇੱਕ ਪੁੱਤਰ ਨੇ ਜਨਮ ਲਿਆ, ਜਿਨ੍ਹਾਂ ਦੇ ਨਾਂ ਅਮਰਜੀਤ ਕੌਰ, ਚਰਨਜੀਤ ਕੌਰ, ਕਮਲਜੀਤ ਕੌਰ, ਭੁਪਿੰਦਰ ਕੌਰ ਅਤੇ ਸਰਬਜੀਤ ਸਿੰਘ ਗਿੱਲ ਹਨ। ਉਨ੍ਹਾਂ ਦੀ ਸ਼ਖਸੀਅਤ ਤੋਂ ਵਿਸ਼ਵ ਭਰ 'ਚ ਬੈਠਾ ਹਰ ਪੰਜਾਬੀ ਭਲੀ-ਭਾਂਤ ਜਾਣੂ ਹੈ। ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਦੂਸਰਾ ਕੋਈ ਬਦਲ ਨਹੀਂ ਹੈ। ਗੱਲ ਚਾਹੇ ਖਾੜਕੂ ਲਹਿਰ ਦੀ ਹੋਵੇ ਜਾਂ ਨਕਸਲਬਾੜੀ ਲਹਿਰ ਦੀ, ਕੰਵਲ ਨੇ ਮੈਂ ਵੀ ਲਿਖਿਆ ਦਲੇਰੀ 'ਤੇ ਬੇਝਿਜਕ ਹੋ ਕੇ ਲਿਖਿਆ। ਕੰਵਲ ਦੀਆਂ ਲਿਖਤਾਂ ਸਬੰਧੀ ਸਮਕਾਲੀਆਂ ਦਾ ਇਹ ਵੀ ਕਹਿਣਾ ਰਿਹਾ ਕਿ ਕੰਵਲ ਆਪਣੀ ਲੇਖਣੀ ਨੂੰ ਸਮੇਂ ਸਮੇਂ 'ਤੇ ਬਦਲਦੇ ਰਹਿੰਦੇ ਸਨ ਪਰ ਕੰਵਲ ਨੇ ਆਪਣਾ ਲੇਖਣੀ ਦਾ ਸਫ਼ਰ ਨਿਰੰਤਰ ਜਾਰੀ ਰੱਖਿਆ। ਉਨ੍ਹਾਂ ਮਾਂ ਬੋਲੀ ਪੰਜਾਬੀ ਦੀ ਬੋਲੀ 'ਚ ਅਨੇਕਾਂ ਪੁਸਤਕਾਂ ਪਾਈਆਂ ਜਿਨ੍ਹਾਂ 'ਚ ਸੱਚ ਨੂੰ ਫਾਂਸੀ, ਪਾਲੀ, ਪੂਰਨਮਾਸ਼ੀ, ਰਾਤ ਬਾਕੀ ਹੈ, ਸਿਵਲ ਲਾਈਨਜ਼, ਜੀਵਨ ਕਣੀਆਂ, ਦੂਜਾ ਸਫ਼ਰਨਾਮਾ, ਪੁੰਨਿਆ ਦਾ ਚਾਨਣ, ਹਾਲ ਮੁਰੀਦਾਂ ਦਾ, ਆਪਣਾ ਕੌਮੀ ਘਰ, ਕੌਮੀ ਲਲਕਾਰ, ਪੰਜਾਬੀਓ ਮਰਨਾ ਹੈ ਕਿ ਜੀਣਾ, ਮੁਕਤੀ ਮਾਰਗ, ਲਹੂ ਦੀ ਲੋਅ, ਹਾਣੀ, ਰੂਪ ਧਾਰਾ, ਰਾਤ ਬਾਕੀ ਹੈ, ਜੰਗਲ ਦੇ ਸ਼ੇਰ, ਬਰਫ ਦੀ ਅੱਗ, ਤੌਸ਼ਾਲੀ ਦੀ ਹੰਸੋ, ਤਰੀਖ ਵੇਖਦੀ ਹੈ, ਜੇਰਾ ਮਿੱਤਰ ਪਿਆਰੇ ਨੂੰ, ਗੋਰਾ ਮੁੱਖ ਸੱਜਣਾਂ ਦਾ, ਰੂਹ ਦਾ ਹਾਣ, ਚਿੱਕੜ ਦੇ ਕੰਵਲ, ਜ਼ਿੰਦਗੀ ਦੂਰ ਨਹੀਂ, ਦੇਵਦਾਸ ਸੁਰਸਾਂਝ, ਮਨੁੱਖਤਾ, ਅਹਿਸਾਸ, ਸੂਰਮੇ, ਖੂਬਸੂਰਤ ਦੁਸ਼ਮਣ, ਗੁਆਚੀ ਅਤੇ ਮਾਈ ਦਾ ਲਾਲ ਮੁੱਖ ਤੌਰ 'ਤੇ ਸ਼ਾਮਲ ਹਨ। ਪੰਜਾਬੀ ਸਾਹਿਤ ਦੀ ਅਜ਼ੀਮ ਸ਼ਖਸੀਅਤ ਜਸਵੰਤ ਸਿੰਘ ਕੰਵਲ ਆਪਣੀ ਜ਼ਿੰਦਗੀ ਦੇ ਕਰੀਬ 100 ਵਰ੍ਹੇ ਪੂਰੇ ਕਰ ਕੇ 1 ਫਰਵਰੀ 2020 ਨੂੰ ਇਸ ਫਾਨੀ ਸੰਸਾਰ ਨੂੰ ਬੇਸ਼ੱਕ ਅਲਵਿਦਾ ਕਹਿ ਗਏ ਪਰ ਆਪਣੀਆਂ ਲਿਖਤਾਂ ਜਰੀਏ ਉਹ ਸਦਾ ਸਾਹਿਤ ਪ੍ਰੇਮੀਆਂ ਦੇ ਦਿਲਾਂ 'ਚ ਵੱਸਦੇ ਰਹਿਣਗੇ।
-ਬਲਰਾਜ ਸਾਹਨੀ ਨੇ ਕੰਵਲ ਦੀ ਰਹਿਨੁਮਾਈ ਹੇਠ ਲਿਖੇ ਸਨ ਦੋ ਸਫ਼ਰਨਾਮੇ
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਬਲਰਾਜ ਸਾਹਨੀ ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਦੋਸਤ ਸਨ ਜੋ ਅਕਸਰ ਆਪਣੇ ਪੁੱਤਰ ਪ੍ਰੀਕਸ਼ਤ ਸਾਹਨੀ ਅਤੇ ਧੀ ਸੁਨੋਬਰ ਸਾਹਨੀ ਨਾਲ ਕੰਵਲ ਕੋਲ ਪਿੰਡ ਢੁੱਡੀਕੇ ਵਿਖੇ ਆਉਂਦੇ ਸਨ ਅਤੇ ਕਈ ਕਈ ਦਿਨ ਇੱਥੇ ਰਹਿ ਕੇ ਲਿਖਦੇ ਸਨ। ਜਸਵੰਤ ਸਿੰਘ ਕੰਵਲ ਦੀ ਰਹਿਨੁਮਾਈ ਹੇਠ ਬਲਰਾਜ ਸਾਹਨੀ ਨੇ ਆਪਣੇ ਦੋ ਸਫ਼ਰਨਾਮੇ ਮੇਰਾ ਪਾਕਿਸਤਾਨੀ ਸਫਰਨਾਮਾ ਅਤੇ ਮੇਰਾ ਰੂਸੀ ਸਫਰਨਾਮਾ ਕੰਵਲ ਦੇ ਘਰ 'ਚ ਹੀ ਰਹਿ ਕੇ ਲਿਖੇ। ਪੰਜਾਬੀ ਜਾਗਰਣ ਵੱਲੋਂ ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਸਪੁੱਤਰ ਸਰਬਜੀਤ ਸਿੰਘ ਗਿੱਲ ਨੂੰ ਕੀਤੇ ਗਏ ਸਵਾਲ ਕਿ ਉਹ ਆਪਣੇ ਪਿਤਾ ਦੀ ਯਾਦ ਵਿੱਚ ਸਰਕਾਰ ਤੋਂ ਕੀ ਮੰਗ ਕਰਦੇ ਹਨ, ਜੇ ਜਵਾਬ ਵਿੱਚ ਗਿੱਲ ਨੇ ਕਿਹਾ ਕਿ ਉਨ੍ਹਾਂ ਦੀ ਕੋਈ ਮੰਗ ਨਹੀਂ ਸਰਕਾਰ ਖੁਦ ਸੋਚੇ ਉਸ ਨੇ ਪੰਜਾਬੀ ਸਾਹਿਤ ਦੀ ਇਸ ਵੱਡੀ ਸ਼ਖਸੀਅਤ ਲਈ ਕੀ ਕਰਨਾ ਹੈ।
-ਬਹੁਤ ਹੀ ਸਧਾਰਨ, ਪ੍ਰਭਾਵਸ਼ਾਲੀ ਅਤੇ ਲੋਕ-ਜੀਵਨ ਨਾਲ ਜੁੜੀ ਹੋਈ ਸੀ ਕੰਵਲ ਦੀ ਭਾਸ਼ਾ
ਜਸਵੰਤ ਸਿੰਘ ਕੰਵਲ ਨੇ ਆਪਣੀ ਲਿਖਤ ਦੀ ਸ਼ੁਰੂਆਤ 1940 ਦੇ ਦਹਾਕੇ ਵਿੱਚ ਕੀਤੀ। ਉਨ੍ਹਾਂ ਦਾ ਪਹਿਲਾ ਨਾਵਲ ਸੱਚ ਨੂੰ ਫਾਂਸੀ ਕਾਫ਼ੀ ਚਰਚਿਤ ਰਿਹਾ। ਇਸ ਤੋਂ ਬਾਅਦ ਉਨ੍ਹਾਂ ਨੇ ਲਗਾਤਾਰ ਨਾਵਲ, ਕਹਾਣੀਆਂ, ਲੇਖ ਅਤੇ ਕਵਿਤਾਵਾਂ ਲਿਖੀਆਂ। ਉਨ੍ਹਾਂ ਦੀ ਲਿਖਤ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਸੀ ਕਿ ਉਹ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਵਿਸ਼ਿਆਂ ਨੂੰ ਕੇਂਦਰ ਬਣਾਉਂਦੇ ਸਨ। ਉਨ੍ਹਾਂ ਦੇ ਪਾਤਰ ਪੰਜਾਬ ਦੇ ਪਿੰਡਾਂ ਵਿੱਚ ਰਹਿਣ ਵਾਲੇ ਕਿਸਾਨ, ਮਜ਼ਦੂਰ, ਔਰਤਾਂ ਅਤੇ ਸੰਘਰਸ਼ਸ਼ੀਲ ਲੋਕ ਹੁੰਦੇ ਸਨ। ਇਸ ਕਰਕੇ ਪਾਠਕ ਆਪਣੇ ਆਪ ਨੂੰ ਉਨ੍ਹਾਂ ਦੀਆਂ ਰਚਨਾਵਾਂ ਨਾਲ ਜੋੜ ਲੈਂਦੇ ਸਨ। ਕੰਵਲ ਦੀ ਭਾਸ਼ਾ ਬਹੁਤ ਹੀ ਸਧਾਰਨ, ਪ੍ਰਭਾਵਸ਼ਾਲੀ ਅਤੇ ਲੋਕ-ਜੀਵਨ ਨਾਲ ਜੁੜੀ ਹੋਈ ਸੀ। ਉਨ੍ਹਾਂ ਪੰਜਾਬੀ ਦੇ ਪੇਂਡੂ ਸ਼ਬਦਾਂ ਅਤੇ ਮੁਹਾਵਰਿਆਂ ਨੂੰ ਆਪਣੀਆਂ ਰਚਨਾਵਾਂ ਵਿੱਚ ਬੜੀ ਖੂਬਸੂਰਤੀ ਨਾਲ ਵਰਤਿਆ। ਉਨ੍ਹਾਂ ਦੀਆਂ ਕਿਤਾਬਾਂ ਪੜ੍ਹਦਿਆਂ ਪਾਠਕਾਂ ਨੂੰ ਪੰਜਾਬ ਦੇ ਪਿੰਡਾਂ ਦੀ ਅਸਲੀ ਤਸਵੀਰ ਨਜ਼ਰ ਆਉਂਦੀ ਹੈ। ਉਨ੍ਹਾਂ ਦੀ ਲਿਖਤ ਵਿੱਚ ਭਾਵਨਾਵਾਂ ਦੀ ਡੂੰਘਾਈ ਅਤੇ ਸਮਾਜਿਕ ਯਥਾਰਥ ਦਾ ਸੁੰਦਰ ਮੇਲ ਮਿਲਦਾ ਹੈ। ਉਨ੍ਹਾਂ ਦੇ ਦੇਹਾਂਤ ਨਾਲ ਪੰਜਾਬੀ ਸਾਹਿਤ ਨੂੰ ਇੱਕ ਅਜਿਹਾ ਨੁਕਸਾਨ ਹੋਇਆ ਜਿਸ ਦੀ ਭਰਪਾਈ ਕਰਨਾ ਮੁਸ਼ਕਲ ਹੈ। ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਜਸਵੰਤ ਸਿੰਘ ਕੰਵਲ ਪੰਜਾਬੀ ਸਾਹਿਤ ਦੇ ਇੱਕ ਯੁੱਗ-ਪੁਰਸ਼ ਸਨ। ਉਨ੍ਹਾਂ ਨੇ ਆਪਣੀ ਲੇਖਣੀ ਰਾਹੀਂ ਸਮਾਜ ਦੇ ਦਰਦ, ਸੰਘਰਸ਼ ਅਤੇ ਉਮੀਦਾਂ ਨੂੰ ਸ਼ਬਦਾਂ ਦਾ ਰੂਪ ਦਿੱਤਾ ਅਤੇ ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਬਣੇ ਰਹਿਣਗੇ।