- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਨੇ ਮੁਹੱਲੇ ਨੂੰ ਆਉਣ ਜਾਣ ਵਾਲੇ ਸਾਰੇ ਰਸਤਿਆਂ ਨੂੰ ਬੈਰੀਕੇਡ ਰਾਹੀਂ ਕਵਰ ਕਰਦਿਆਂ ਤਲਾਸ਼ੀ ਮੁਹਿੰਮ ਵਿੱਢੀ। ਇਸ ਮੁਹਿੰਮ ਤਹਿਤ ਨਸ਼ਾ ਤਸਕਰੀ ਦੇ ਵੱਖ-ਵੱਖ ਮਾਮਲਿਆਂ ’ਚ ਨਾਮਜ਼ਦ ਵਿਅਕਤੀ ਪੁਲਿਸ ਦੇ ਨਿਸ਼ਾਨੇ ’ਤੇ ਰਹੇ। ਪੁਲਿਸ ਨੇ ਉਨ੍ਹਾਂ ਦੇ ਘਰਾਂ ਦੀ ਬਰੀਕੀ ਨਾਲ ਤਲਾਸ਼ੀ ਲੈਂਦਿਆਂ ਉਨ੍ਹਾਂ ਨੂੰ ਨਸ਼ਿਆਂ ਦੇ ਮੁੜ ਕਾਰੋਬਾਰ ਬਾਰੇ ਸੋਚਣ ’ਤੇ ਵੀ ਸਖਤ ਕਾਰਵਾਈ ਦੀ ਚਿਤਾਵਨੀ ਦਿੱਤੀ।

ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਜਗਰਾਓਂ ਦੇ ਮੁਹੱਲਾ ਧੁੰਮਣ ਵਿਖੇ ਜ਼ਿਲ੍ਹਾ ਪੁਲਿਸ ਵੱਲੋਂ ਕਾਸੋ ਆਪ੍ਰੇਸ਼ਨ ਤਹਿਤ ਚੈਕਿੰਗ ਮੁਹਿੰਮ ਵਿੱਢੀ ਗਈ, ਜਿਸ ਦੇ ਚੱਲਦਿਆਂ ਵੱਡੀ ਗਿਣਤੀ ’ਚ ਪੁਲਿਸ ਫੋਰਸ ਨੇ ਪੂਰੇ ਇਲਾਕੇ ਨੂੰ ਘੇਰਾ ਪਾ ਕੇ ਤਲਾਸ਼ੀ ਲਈ। ਇਸ ਦੌਰਾਨ ਨਸ਼ਾ ਤਸਕਰੀ ’ਚ ਸ਼ਾਮਲ ਵਿਅਕਤੀ ਪੁਲਿਸ ਦੇ ਨਿਸ਼ਾਨੇ ’ਤੇ ਰਹੇ। ਸ਼ੁੱਕਰਵਾਰ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਡਾ. ਅੰਕੁਰ ਗੁਪਤਾ, ਐੱਸਪੀ ਸਰਵਣਜੀਤ ਸਿੰਘ, ਡੀਐੱਸਪੀ ਜਸਵਿੰਦਰ ਸਿੰਘ ਢੀਂਡਸਾ, ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ, ਥਾਣਾ ਸਦਰ ਦੇ ਮੁਖੀ ਸੁਖਵਿੰਦਰ ਸਿੰਘ ਵੱਡੀ ਪੁਲਿਸ ਫੋਰਸ ਸਮੇਤ ਮੁਹੱਲਾ ਧੂਮਣ ਵਿਖੇ ਪੁੱਜੇ।
ਇਸ ਦੌਰਾਨ ਪੁਲਿਸ ਨੇ ਮੁਹੱਲੇ ਨੂੰ ਆਉਣ ਜਾਣ ਵਾਲੇ ਸਾਰੇ ਰਸਤਿਆਂ ਨੂੰ ਬੈਰੀਕੇਡ ਰਾਹੀਂ ਕਵਰ ਕਰਦਿਆਂ ਤਲਾਸ਼ੀ ਮੁਹਿੰਮ ਵਿੱਢੀ। ਇਸ ਮੁਹਿੰਮ ਤਹਿਤ ਨਸ਼ਾ ਤਸਕਰੀ ਦੇ ਵੱਖ-ਵੱਖ ਮਾਮਲਿਆਂ ’ਚ ਨਾਮਜ਼ਦ ਵਿਅਕਤੀ ਪੁਲਿਸ ਦੇ ਨਿਸ਼ਾਨੇ ’ਤੇ ਰਹੇ। ਪੁਲਿਸ ਨੇ ਉਨ੍ਹਾਂ ਦੇ ਘਰਾਂ ਦੀ ਬਰੀਕੀ ਨਾਲ ਤਲਾਸ਼ੀ ਲੈਂਦਿਆਂ ਉਨ੍ਹਾਂ ਨੂੰ ਨਸ਼ਿਆਂ ਦੇ ਮੁੜ ਕਾਰੋਬਾਰ ਬਾਰੇ ਸੋਚਣ ’ਤੇ ਵੀ ਸਖਤ ਕਾਰਵਾਈ ਦੀ ਚਿਤਾਵਨੀ ਦਿੱਤੀ।
ਇਸ ਮੌਕੇ ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਕਿਹਾ ਅੱਜ ਦਾ ਇਹ ਕਾਸੋ ਆਪ੍ਰੇਸ਼ਨ ਨਸ਼ਿਆਂ ਖ਼ਿਲਾਫ਼ ਪੂਰੇ ਪੰਜਾਬ ’ਚ ਚੱਲ ਰਿਹਾ ਹੈ। ਇਸ ਆਪ੍ਰੇਸ਼ਨ ਤਹਿਤ ਨਸ਼ਿਆਂ ਦੇ ਹਾਟਸਪਾਟ ਤੇ ਜ਼ਿਆਦਾ ਸ਼ਿਕਾਇਤਾਂ ਵਾਲੇ ਇਲਾਕਿਆਂ ਨੂੰ ਟਾਰਗੇਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਅੱਜ ਦੀ ਇਹ ਮੁਹਿੰਮ ਉਨ੍ਹਾਂ ਨਸ਼ਾ ਤਸਕਰਾਂ ਨੂੰ ਤਿੱਖੀ ਚਿਤਾਵਨੀ ਹੈ ਜੋ ਵਾਰ-ਵਾਰ ਨਸ਼ਿਆਂ ਦਾ ਕੰਮ ਕਰਦੇ ਹਨ। ਉਨ੍ਹਾਂ ਕਿਹਾ ਅਜਿਹੇ ਨਸ਼ਾ ਤਸਕਰਾਂ ਦਾ ਹੁਣ ਇਥੇ ਕੋਈ ਟਿਕਾਣਾ ਨਹੀਂ, ਇਸ ਵਾਰ ਫੜੇ ਗਏ ਤਾਂ ਹੋਰ ਸਖਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਜਗਰਾਓਂ ’ਚ ਨਸ਼ਾ ਤਸਕਰੀ ਨੂੰ ਲੋਕਾਂ ਦੇ ਸਹਿਯੋਗ ਨਾਲ ਵੱਡੇ ਪੱਧਰ ’ਤੇ ਠੱਲ੍ਹ ਪਾਈ ਗਈ ਹੈ। ਲੋਕਾਂ ਨੇ ਪੁਲਿਸ ਨੂੰ ਪੂਰਾ ਸਹਿਯੋਗ ਕਰਦਿਆਂ ਸਫਲਤਾ ਵੱਲ ਪਹੁੰਚਾਇਆ ਹੈ। ਇਹ ਮੁਹਿੰਮ ਲੋਕਾਂ ਦੇ ਸਹਿਯੋਗ ਨਾਲ ਇਲਾਕੇ ਨੂੰ ਨਸ਼ਾ ਮੁਕਤ ਕਰਨ ਲਈ ਇਸੇ ਤਰ੍ਹਾਂ ਜਾਰੀ ਰਹੇਗੀ।
ਜਗਰਾਓਂ ਦੇ ਕੌਂਸਲਰ ਕਰਮਜੀਤ ਕੈਂਥ ਨੇ ਨਸ਼ਿਆਂ ਖ਼ਿਲਾਫ਼ ਪੁਲਿਸ ਦੀ ਕਾਰਵਾਈ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕੁਝ ਸਮਾਂ ਪਹਿਲਾਂ ਤੱਕ ਉਨ੍ਹਾਂ ਦਾ ਮੁਹੱਲਾ ਧੂਮਣ ਨਸ਼ਿਆਂ ਦਾ ਗੜ੍ਹ ਬਣ ਚੁੱਕਾ ਸੀ। ਨਸ਼ਾ ਤਸਕਰਾਂ ਦੀ ਦਾਦਾਗਿਰੀ ਕਾਰਨ ਆਮ ਲੋਕਾਂ ਦਾ ਰਹਿਣਾ ਮੁਸ਼ਕਲ ਹੋ ਗਿਆ ਸੀ ਪਰ ਜਗਰਾਓਂ ਪੁਲਿਸ ਨੇ ਸਖਤੀ ਨਾਲ ਉਨ੍ਹਾਂ ਨੂੰ ਨੱਥ ਪਾਉਂਦਿਆਂ, ਜੇਲ੍ਹੀ ਡੱਕਦਿਆਂ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਵਾਲੇ ਪਾਸੇ ਲੈ ਕੇ ਜਾਣ ’ਚ ਵੱਡੀ ਭੂਮਿਕਾ ਨਿਭਾਈ ਹੈ।