ਰਾਸ਼ਟਰਪਤੀ ਵੱਲੋਂ ਚਿੱਤਰਕਾਰ ਮਣਕੂ ਬੇਸ਼ਕੀਮਤੀ ਐਵਾਰਡ ਨਾਲ ਸਨਮਾਨਿਤ
ਰਾਸ਼ਟਰਪਤੀ ਭਵਨ ’ਚ ਜਗਰਾਓਂ ਦੇ ਚਿੱਤਰਕਾਰ ਗੁਰਪ੍ਰੀਤ ਸਨਮਾਨਿਤ
Publish Date: Thu, 18 Jun 2026 07:57 PM (IST)
Updated Date: Fri, 19 Jun 2026 04:12 AM (IST)

-07) ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਬੇਸ਼ਕੀਮਤੀ ਪੱਥਰਾਂ ਨੂੰ ਪੀਸ ਕੇ ਬਣਾਈ ਸਿਆਹੀ ਨਾਲ ਤਿਆਰ ਕੀਤੀ ਰਾਸ਼ਟਰਪਤੀ ਭਵਨ ਦੀ ਤਸਵੀਰ ਭੇਟ ਕਰਦੇ ਹੋਏ ਜਗਰਾਓਂ ਦੇ ਚਿੱਤਰਕਾਰ ਗੁਰਪ੍ਰੀਤ ਸਿੰਘ ਮਣਕੂ। - 14 ਸੂਬਿਆਂ ਦੇ ਚਿੱਤਰਕਾਰ ਲਘੂ ਚਿੱਤਰਕਲਾ ਮੁਕਾਬਲੇ ’ਚ ਪੁੱਜੇ - ਰਾਸ਼ਟਰਪਤੀ ਨੂੰ ਸਨਮਾਨ ਦੇ ਤੌਰ ’ਤੇ ਜਗਰਾਓਂ ਦੇ ਚਿੱਤਰਕਾਰ ਦੀ ਪੇਂਟਿੰਗ ਹੋਈ ਸਲੈਕਟ ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਰਾਸ਼ਟਰਪਤੀ ਭਵਨ ’ਚ ਲਘੂ ਚਿੱਤਰ ਕਲਾ ਦੇ ਪ੍ਰਦਰਸ਼ਨ ਸਮਾਗਮ ’ਚ ਦੇਸ਼ ਦੇ 12 ਸੂਬਿਆਂ ’ਚੋਂ ਪੰਜਾਬ ਵੱਲੋਂ ਜਗਰਾਓਂ ਦੇ ਪ੍ਰਸਿੱਧ ਚਿੱਤਰਕਾਰ ਗੁਰਪ੍ਰੀਤ ਸਿੰਘ ਮਣਕੂ ਦੀ ਪੇਂਟਿੰਗਜ਼ ਨੇ ਰਾਸ਼ਟਰਪਤੀ ਸਮੇਤ ਦਰਸ਼ਕਾਂ ਦਾ ਦਿਲ ਜਿੱਤਿਆ। ਇਹੀ ਨਹੀਂ 40 ਮੈਂਬਰੀ ਪੈਨਲ ਵੱਲੋਂ ਰਾਸ਼ਟਰਪਤੀ ਨੂੰ ਸਨਮਾਨਿਤ ਕਰਨ ਲਈ ਚਿੱਤਰਕਾਰ ਮਣਕੂ ਦੀ ਬਣਾਈ ਪੇਂਟਿੰਗ ਨੂੰ ਚੁਣਿਆ ਗਿਆ। ਇਸ ਪੇਂਟਿੰਗ ਨਾਲ ਰਾਸ਼ਟਰਪਤੀ ਨੂੰ ਸਨਮਾਨਿਤ ਕੀਤਾ ਗਿਆ ਤੇ ਹੁਣ ਚਿੱਤਰਕਾਰ ਮਣਕੂ ਦੀ ਇਹ ਸ਼ਾਨਦਾਰ ਪੇਂਟਿੰਗ ਰਾਸ਼ਟਰਪਤੀ ਦੀ ਰਿਹਾਇਸ਼ ਦੀ ਸ਼ੋਭਾ ਵਧਾਏਗੀ। ਦਿੱਲੀ ’ਚ ਰਾਸ਼ਟਰਪਤੀ ਭਵਨ ਵਿਖੇ 3 ਜੂਨ ਤੋਂ 15 ਜੂਨ ਤੱਕ ਆਰਟਿਸਟ ਇਨ ਰੈਂਜੀਡੈਂਸ ਪ੍ਰੋਗਰਾਮ ਤਹਿਤ ਸੂਬਿਆਂ ਦੀ ਵਿਸ਼ੇਸ਼ਤਾ ਨੂੰ ਦਰਸਾਉਂਦੀ ਲਘੂ ਚਿੱਤਰਕਲਾ ਦੇ ਰੰਗ ਬਿਖੇਰਣ ਲਈ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ’ਚ ਪੰਜਾਬ ਵੱਲੋਂ ਜਗਰਾਓਂ ਦੇ ਆਰਟਿਸਟ ਗੁਰਪ੍ਰੀਤ ਸਿੰਘ ਮਣਕੂ ਰਾਸ਼ਟਰਪਤੀ ਭਵਨ ਪੁੱਜੇ। ਹੋਰਾਂ ਚਿੱਤਰਕਾਰਾਂ ਨਾਲ 12 ਦਿਨ ਰਾਸ਼ਟਰਪਤੀ ਭਵਨ ’ਚ ਹੀ ਬਿਤਾਉਂਦਿਆਂ ਉਨ੍ਹਾਂ ਵੱਲੋਂ ਸਿੱਖ ਸਕੂਲ ਆਫ਼ ਆਰਟ ਸ਼ੈਲੀ ’ਤੇ ਸਿੱਖ ਲਘੂ ਚਿੱਤਰਕਲਾ ਨੂੰ ਬਾਖੂਬੀ ਰੰਗਾਂ ’ਚ ਉਤਾਰਿਆ। ਇਸ ਸਮਾਗਮ ’ਚ ਚਿੱਤਰਕਾਰ ਮਣਕੂ ਨੇ ਪੁਰਾਤਣ ਸ਼ੈਲੀ ਦੇ ਪਹਿਰੀ ਬਣਦਿਆਂ ਚੂਨੇ ਨਾਲ ਬੇਸ ਤਿਆਰ ਕਰਨ ਤੋਂ ਬਾਅਦ ਕੀਮਤੀ ਪੱਥਰਾਂ ਨੂੰ ਪੀਸ ਕੇ ਤਿਆਰ ਕੀਤੇ ਰੰਗਾਂ ਰਾਹੀਂ ਸ਼ਾਨਦਾਰ ਪੇਂਟਿੰਗ ਤਿਆਰ ਕੀਤੀ। ਹੋਰਾਂ ਸੂਬਿਆਂ ਵਾਂਗ ਪੰਜਾਬ ਦੀ ਸ਼ਾਨ ਨੂੰ ਰੰਗਾਂ ਰਾਹੀਂ ਬਾਖੂਬੀ ਦਰਸਾਉਣ ਵਾਲੇ ਜਗਰਾਓਂ ਦੇ ਚਿੱਤਰਕਾਰ ਮਣਕੂ ਵੱਲੋਂ ਰਾਸ਼ਟਰਪਤੀ ਭਵਨ ’ਚ ਹੀ ਤਿਆਰ ਕੀਤੀਆਂ ਲਘੂ ਪੇਂਟਿੰਗਜ਼ ਖਿੱਚ ਦਾ ਕੇਂਦਰ ਬਣੀ। ਉਨ੍ਹਾਂ ਦੀ ਪੇਂਟਿੰਗ ਨੂੰ ਹੋਰਾਂ ਸੂਬਿਆਂ ਦੇ ਚਿੱਤਰਕਾਰਾਂ ਵੱਲੋਂ ਤਿਆਰ ਕੀਤੀਆਂ ਪੇਂਟਿੰਗਜ਼ ਦੀ ਪ੍ਰਦਰਸ਼ਨੀ ’ਚ ਲਗਾਈ ਗਈ। ਜਿਸ ਨੂੰ ਦੇਖਣ ਲਈ ਰਾਸ਼ਟਰਪਤੀ ਖੁਦ ਪੁੱਜੇ, ਉਨ੍ਹਾਂ ਤੋਂ ਇਲਾਵਾ ਆਮ ਲੋਕਾਂ ਤੇ ਵਿਦਿਆਰਥੀਆਂ ਨੇ ਵੀ ਦੇਖਿਆ। ਇਹੀ ਨਹੀਂ ਲਘੂ ਪੇਂਟਿੰਗਜ਼ ਸਮਾਗਮ ’ਚ 40 ਮਾਹਰਾਂ ਦਾ ਪੈਨਲ ਪੇਂਟਿੰਗਜ਼ ਨੂੰ ਸਿਲੈਕਟ ਕਰਨ ਲਈ ਲਗਾਤਾਰ ਨਜ਼ਰ ਬਣਾਏ ਹੋਏ ਸੀ। ਉਨ੍ਹਾਂ ਵੱਲੋਂ ਇਸ ਸਮਾਗਮ ’ਚ ਰਾਸ਼ਟਰਪਤੀ ਨੂੰ ਸਨਮਾਨਿਤ ਕਰਨ ਲਈ ਜਗਰਾਓਂ ਦੇ ਚਿੱਤਰਕਾਰ ਮਣਕੂ ਦੀ ਤਿਆਰ ਕੀਤੀ ਰਾਸ਼ਟਰਪਤੀ ਭਵਨ ਦੀ ਪੇਂਟਿੰਗਜ਼ ਨੂੰ ਚੁਣਿਆ ਗਿਆ। ਇਸ ’ਤੇ ਜਗਰਾਓਂ ਪਰਤੇ ਚਿੱਤਰਕਾਰ ਮਣਕੂ ਨੇ ਕਿਹਾ ਕਿ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ, ਜਿੱਥੇ ਉਨ੍ਹਾਂ ਪੰਜਾਬ ਵੱਲੋਂ ਇਸ ਸਮਾਗਮ ’ਚ ਸ਼ਮੂਲੀਅਤ ਕੀਤੀ, ਉਥੇ ਉਨ੍ਹਾਂ ਦੀ ਪੇਂਟਿੰਗਜ਼ ਨੂੰ ਰਾਸ਼ਟਰਪਤੀ ਦੇ ਸਨਮਾਨ ਲਈ ਚੁਣਿਆ ਗਿਆ। ਉਨ੍ਹਾਂ ਇਸ ਚਿੱਤਰਕਲਾ ਸਮਾਗਮ ਦੇ ਪ੍ਰਬੰਧਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਸਮੇਤ ਸਾਰੇ ਹੀ ਕਲਾਕਾਰਾਂ ਨੂੰ ਘਰ ਤੋਂ ਲੈ ਕੇ ਦਿੱਲੀ ਤੇ ਦਿੱਲੀ ਤੋਂ ਵਾਪਸ ਘਰ ਤੱਕ ਪਹੁੰਚਾਉਣ ਤੋਂ ਲੈ ਕੇ ਰਾਸ਼ਟਰਪਤੀ ਭਵਨ ’ਚ ਠਹਿਰਾਉਣ ਤੋਂ ਲੈ ਕੇ ਪੇਂਟਿੰਗਜ਼ ਲਈ ਸਾਰਾ ਸ਼ਾਨਦਾਰ ਪ੍ਰਬੰਧ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਬੇਸ਼ਕੀਮਤੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।