- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ’ਚ ਜਗਰਾਓਂ ਬਣ ਚੁੱਕਾ ‘ਨਸ਼ਿਆਂ ਦੀ ਕੈਪੀਟਲ’-ਕੇਵਲ ਢਿੱਲੋਂ

-ਸ਼ੇਰੇਵਾਲ ’ਚ ਇੱਕੋ ਪਰਿਵਾਰ ਦੇ 7 ਬੰਦਿਆਂ ਦੀ ਨਸ਼ੇ ਨਾਲ ਮੌਤ ਦਾ ਮਾਮਲਾ ਭਖਿਆ
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਭਾਜਪਾ ਦੇ ਸੂਬਾ ਪ੍ਰਧਾਨ ਨੇ ਪੰਜਾਬ ’ਚ ਜਗਰਾਓਂ ਨੂੰ ਨਸ਼ਿਆਂ ਦੀ ਕੈਪਿਟਲ ਐਲਾਨਦਿਆਂ ਇੱਥੇ ਨਸ਼ਿਆਂ ਨਾਲ ਵਾਪਰੀਆਂ ਵੱਡੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਸਰਕਾਰ ਨੂੰ ਘੇਰਿਆ। ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਅੱਜ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਜਗਰਾਓਂ ਪੁੱਜੇ। ਜਿੱਥੇ ਉਨ੍ਹਾਂ ਪਾਰਟੀ ਵਰਕਰਾਂ ਵੱਲੋਂ ਰੱਖੇ ਗਏ ਸਮਾਗਮ ’ਚ ਸ਼ਿਰਕਤ ਕੀਤੀ। ਉਨ੍ਹਾਂ ਜਗਰਾਓਂ ਦੇ ਬੇਟ ਇਲਾਕੇ ਦੇ ਪਿੰਡ ਸ਼ੇਰੇਵਾਲ ’ਚ ਇੱਕੋ ਪਰਿਵਾਰ ਦੇ 7 ਬੰਦਿਆਂ ਦੀ ਨਸ਼ਿਆਂ ਨਾਲ ਮੌਤ ਹੋ ਜਾਣ ਤੇ ਪਿਛਲੇ ਦਿਨੀਂ ਜਗਰਾਓਂ ’ਚ ਨਸ਼ਿਆਂ ਕਾਰਨ ਜ਼ਿੰਦਗੀਆਂ ਗੁਆ ਬੈਠੇ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਵੱਡੀ ਗਿਣਤੀ ’ਚ ਸੜਕਾਂ ’ਤੇ ਉਤਰਣ ਦਾ ਖਾਸ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਦੀ ਸਰਪ੍ਰਸਤੀ ਤੋਂ ਬਿਨ੍ਹਾਂ ਨਸ਼ਾ ਨਹੀਂ ਵਿਕ ਸਕਦਾ। ਅੱਜ ਵੀ ਸੂਬੇ ਵਿਚ ਨਸ਼ਿਆਂ ਨਾਲ ਨਿੱਤ ਮਾਵਾਂ ਦੇ ਪੁੱਤ, ਭੈਣਾਂ ਦੇ ਭਰਾ ਤੇ ਪਤਨੀਆਂ ਦੇ ਸੁਹਾਗ ਉਜੜ ਰਹੇ ਹਨ, ਜਿਸ ਤੋਂ ਸਾਫ਼ ਹੈ ਕਿ ‘ਯੁੱਧ ਨਸ਼ਿਆਂ ਵਿਰੁੱਧ’ ਰੌਲਾ ਪਾਉਣ ਵਾਲੀ ‘ਆਪ’ ਦੀ ਸਰਕਾਰ ਦੇ ਰਾਜ ’ਚ ਨਸ਼ਾ ਆਮ ਵਿਕ ਰਿਹਾ ਹੈ। ਉਨ੍ਹਾਂ ਜਗਰਾਓਂ ਵਿਚ ਨਸ਼ੇ ਦੇ ਬੋਲਬਾਲੇ ਦੀ ਗੱਲ ਕਰਦਿਆਂ ਕਿਹਾ ਕਿ ਬੇਟ ਇਲਾਕੇ ਦੇ ਪਿੰਡ ਸ਼ੇਰੇਵਾਲ ਵਿਚ ਸਾਲ 2012 ਵਿਚ ਘਰ ਦੇ ਮੁਖੀ ਮੁਖਤਿਆਰ ਸਿੰਘ ਤੋਂ ਲੈ ਕੇ 15 ਜਨਵਰੀ, 2026 ਤੱਕ ਉਸ ਦੇ 6 ਪੁੱਤਰਾਂ ਦੀ ਨਸ਼ਿਆਂ ਨਾਲ ਮੌਤ ਇਸ ਸਰਕਾਰ ਤੇ ਪੰਜਾਬ ਪੁਲਿਸ ਦੀ ਕਾਰਗੁਜਾਰੀ ’ਤੇ ਕਲੰਕ ਹੈ। ਇਸ ਤੋਂ ਬਾਅਦ ਕੁਝ ਦਿਨ ਪਹਿਲਾਂ ਹੀ ਨਸ਼ਿਆਂ ਕਾਰਨ ਜਿੰਨ੍ਹਾਂ ਪਰਿਵਾਰਾਂ ਦੇ ਪੁੱਤ, ਭਰਾ, ਪਤੀ ਤੇ ਮਾਪੇ ਜਹਾਨੋਂ ਉਠ ਗਏ, ਉਨ੍ਹਾਂ 14 ਪਰਿਵਾਰਾਂ ਵੱਲੋਂ ਨਸ਼ੇ ਦੀ ਦੁਹਾਈ ਦਿੰਦਿਆਂ ਜਗਰਾਓਂ ਵਿਚ ਰੋਸ ਮਾਰਚ ਕੱਢਣਾ ਸੂਬੇ ਵਿਚ ਨਸ਼ਿਆਂ ਦੇ ਬੋਲਬਾਲੇ ਦੀ ਤਸਵੀਰ ਹੈ। ਇਸ ਤੋਂ ਬਾਅਦ ਵੀ ਸਰਕਾਰਾਂ ਤੇ ਪੁਲਿਸ ਨਸ਼ਿਆਂ ਦੇ ਖ਼ਾਤਮੇ ਦੇ ਦਾਅਵੇ ਕਰਦੀ ਹੈ ਤਾਂ ਇਸ ਝੂਠ ਨੂੰ ਸੂਬੇ ਦੇ ਲੋਕ ਮੰਨਣ ਲਈ ਤਿਆਰ ਨਹੀਂ। ਉਨ੍ਹਾਂ ਭਾਜਪਾ ਦੀ ਨੀਤੀ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਸਰਕਾਰ ਆਵੇਗੀ।
ਇਸ ਸਰਕਾਰ ਵੱਲੋਂ 2 ਸਾਲਾਂ ਵਿਚ ਨਸ਼ੇ ਦਾ ਖ਼ਾਤਮਾ ਕੀਤਾ ਜਾਵੇਗਾ। ਜਿਸ ਨੂੰ ਪਿਛਲੇ ਦਿਨੀਂ ਮੋਗਾ ਦੇ ਪਿੰਡ ਕਿਲੀ ਚਾਹਲਾਂ ਰੈਲੀ ’ਚ ਪੁੱਜੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸਾਫ਼ ਕਰ ਦਿੱਤਾ ਸੀ। ਭਾਜਪਾ ਸਰਕਾਰ ਦੇ ਹੋਂਦ ਵਿਚ ਆਉਂਦਿਆਂ ਹੀ ਪੰਜਾਬ ਵਿਚੋਂ ਗੈਂਗਸਟਰਵਾਦ ਦਾ ਅੰਤ ਵੀ ਹੋ ਜਾਵੇਗਾ। ਇਹ ਕੋਈ ਰਾਜਨੀਤਿਕ ਬਿਆਨ ਨਹੀਂ, ਇਸ ’ਤੇ ਜਿਸ ਨੂੰ ਵੀ ਸ਼ੱਕ ਹੋਵੇ ਉਹ ਦੇਸ਼ ਦੇ 22 ਸੂਬਿਆਂ ’ਚ ਭਾਜਪਾ ਸਰਕਾਰ ਦੇ ਰਾਜਭਾਗ ’ਤੇ ਝਾਤ ਮਾਰ ਲਵੇ। ਯੂਪੀ ਸਮੇਤ ਅਨੇਕਾਂ ਸੂਬਿਆਂ ਵਿਚ ਗੁੰਡਾਗਰਦੀ, ਗੈਂਗਸਟਰਵਾਦ, ਲੁੱਟਾਂ, ਖੋਹਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ।