ਇਲਾਜ ਕੇਂਦਰਾਂ ’ਚ ਯੋਗ ਤੇ ਐਕਯੂਪੰਕਚਰ ਨੂੰ ਜੋੜਨਾ ਜ਼ਰੂਰੀ
ਇਲਾਜ ਕੇਂਦਰਾਂ ਵਿੱਚ ਯੋਗ ਅਤੇ ਐਕਯੂਪੰਕਚਰ ਨੂੰ ਜੋੜਨਾ ਜ਼ਰੂਰੀ
Publish Date: Sun, 21 Jun 2026 08:05 PM (IST)
Updated Date: Mon, 22 Jun 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ : ਸਲੇਮ ਟਾਬਰੀ ਸਥਿਤ ਪ੍ਰਮੁੱਖ ਸਮਾਜਿਕ ਅਤੇ ਮੈਡੀਕਲ ਸੰਸਥਾ ‘ਡਾ. ਦਵਾਰਕਾ ਨਾਥ ਕੋਟਨਿਸ ਹੈਲਥ ਐਂਡ ਐਜੂਕੇਸ਼ਨ ਸੈਂਟਰ’ (ਡਾ. ਕੋਟਨਿਸ ਐਕਯੂਪੰਕਚਰ ਹਸਪਤਾਲ) ਵੱਲੋਂ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਤੇ ਗੈਰ-ਕਾਨੂੰਨੀ ਤਸਕਰੀ ਵਿਰੋਧੀ ਦਿਵਸ ਸਬੰਧੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਐੱਸ. ਵਰਿੰਦਰ ਸਿੰਘ ਟਿਵਾਣਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮਾਰਗਦਰਸ਼ਨ ਹੇਠ 26 ਜੂਨ ਤੱਕ ਨਸ਼ਾ ਮੁਕਤ ਭਾਰਤ ਅਭਿਆਨ-ਵਿਕਸਿਤ ਭਾਰਤ ਦੀ ਪਛਾਣ ਵਿਸ਼ੇ ਤੇ ਅਧਾਰਤ ਜਾਰੀ 10-ਰੋਜ਼ਾ ਵਿਆਪਕ ਜਾਗਰੂਕਤਾ ਮੁਹਿੰਮ ਦੇ ਤਹਿਤ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਦੁਆਰਾ ਸਪਾਂਸਰ ਕੀਤੇ ਗਏ ਦੋ ਪ੍ਰਮੁੱਖ ਪ੍ਰੋਜੈਕਟਾਂ ਕਮਿਊਨਿਟੀ ਪੀਅਰ ਲੈੱਡ ਇੰਟਰਵੈਨਸ਼ਨ (ਸੀਪੀਐੱਲਆਈ) ਤੇ ਆਊਟਰੀਚ ਐਂਡ ਡਰਾਪ-ਇਨ ਸੈਂਟਰ (ਓਡੀਆਈਸੀ) ਦੇ ਮਾਧਿਅਮ ਰਾਹੀਂ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਬਚਾਉਣ ਅਤੇ ਪੀੜਤ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਜੋੜਨ ਲਈ ਯੋਗ ਦਿਵਸ ਬਹੁਤ ਹੀ ਵਿਸ਼ੇਸ਼ ਤੌਰ ’ਤੇ ਮਨਾਇਆ ਗਿਆ। ਇਸ ਮੁਹਿੰਮ ਦੇ ਪਹਿਲੇ ਦਿਨ ਜਿੱਥੇ ਕਿਸ਼ੋਰਾਂ ਨੂੰ ਜੀਵਨ ਵਿੱਚ ਕਦੇ ਵੀ ਨਸ਼ਾ ਨਾ ਕਰਨ ਦੀ ਪਵਿੱਤਰ ਸਹੁੰ ਚੁਕਾਈ ਗਈ ਸੀ, ਉੱਥੇ ਹੀ ਅੱਜ ਯੋਗ ਦਿਵਸ ਤੇ ਨਸ਼ੇ ਦੀ ਸਮੱਸਿਆ ਨਾਲ ਜੂਝ ਰਹੇ ਨੌਜਵਾਨਾਂ ਨੇ ਆਪਣਾ ਦਰਦ ਸਾਰਿਆਂ ਨਾਲ ਸਾਂਝਾ ਕੀਤਾ ਅਤੇ ਉਨ੍ਹਾਂ ਨੂੰ ਇਸ ਦਲਦਲ ਵਿੱਚੋਂ ਪੂਰੀ ਤਰ੍ਹਾਂ ਬਾਹਰ ਨਿਕਲ ਚੁੱਕੇ ਪ੍ਰੇਰਨਾਦਾਇਕ ਨੌਜਵਾਨਾਂ ਅਭਿਸ਼ੇਕ, ਅਮਨਦੀਪ ਅਤੇ ਡੇਵਿਡ ਨਾਲ ਮਿਲਵਾਇਆ ਗਿਆ, ਜਿਨ੍ਹਾਂ ਨੇ ਦੱਸਿਆ ਕਿ ਨਿਯਮਤ ਯੋਗ, ਐਕਯੂਪੰਕਚਰ ਇਲਾਜ ਅਤੇ ਸੰਸਥਾ ਦੇ ਸਹੀ ਮਾਰਗਦਰਸ਼ਨ ਸਦਕਾ ਹੀ ਉਹ ਵਾਪਸ ਆਮ ਜੀਵਨ ਵਿੱਚ ਪਰਤਣ ਵਿੱਚ ਕਾਮਯਾਬ ਹੋਏ ਹਨ। ਇਸ ਦੇ ਨਾਲ ਹੀ ਸੀਪੀਐਲਆਈ. ਪ੍ਰੋਜੈਕਟ ਵਿੱਚ ਰਜਿਸਟਰਡ ਬੱਚਿਆਂ ਨੇ ਵੱਖ-ਵੱਖ ਥਾਵਾਂ ਤੇ ਯੋਗ ਅਭਿਆਸ ਕਰਕੇ ਆਮ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਮੁਹਿੰਮ ਸ਼ੁਰੂ ਕੀਤੀ। ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਯੋਗ ਅਤੇ ਐਕਯੂਪੰਕਚਰ ਇੱਕ ਬਿਹਤਰ ਸਾਧਨ ਬਣ ਸਕਦੇ ਹਨ; ਜੇਕਰ ਇਹਨਾਂ ਨੂੰ ਸਰਕਾਰੀ ਤੰਤਰ ਦੇ ਅਨੁਸਾਰ ਨਸ਼ਾ ਮੁਕਤੀ ਅਤੇ ਇਲਾਜ ਕੇਂਦਰਾਂ ਨਾਲ ਜੋੜਿਆ ਜਾਵੇ, ਤਾਂ ਇਸ ਵੱਡੀ ਸਮੱਸਿਆ ਨਾਲ ਨਜਿੱਠਣ ਵਿੱਚ ਬਹੁਤ ਵੱਡਾ ਯੋਗਦਾਨ ਮਿਲ ਸਕਦਾ ਹੈ। ਨੌਜਵਾਨ ਪੀੜ੍ਹੀ ਨੂੰ ਇਹਨਾਂ ਘਾਤਕ ਬਣਾਉਟੀ (ਸਿੰਥੈਟਿਕ) ਨਸ਼ਿਆਂ ਦੇ ਚੁੰਗਲ ਵਿੱਚੋਂ ਕੱਢਣ ਲਈ ਪਹਿਲਾਂ ਸਾਨੂੰ ਇਹਨਾਂ ਨੂੰ ਰਵਾਇਤੀ ਨਸ਼ਿਆਂ (ਤਰੀਕਿਆਂ) ਵੱਲ ਵਧਾ ਕੇ ਫਿਰ ਪੂਰਨ ਨਸ਼ਾ ਮੁਕਤੀ ਵੱਲ ਅਗਾਂਹ ਤੋਰਨਾ ਹੋਵੇਗਾ ਨਹੀਂ ਤਾਂ ਪੰਜਾਬ ਦਾ ਭਵਿੱਖ ਹਨੇਰੇ ਵਿੱਚ ਡੁੱਬ ਜਾਵੇਗਾ ਅਤੇ ਜਦੋਂ ਤੱਕ ਨੌਜਵਾਨ ਨਸ਼ਾ ਮੁਕਤ ਨਹੀਂ ਹੋਵੇਗਾ, ਉਦੋਂ ਤੱਕ ਵਿਕਸਿਤ ਭਾਰਤ ਦੀ ਕਲਪਨਾ ਅਧੂਰੀ ਹੈ। ਸਲੇਮ ਟਾਬਰੀ ਅਤੇ ਲੁਧਿਆਣਾ ਦੇ ਵੱਖ-ਵੱਖ ਹਿੱਸਿਆਂ ਵਿੱਚ ਨੁੱਕੜ ਨਾਟਕ, ਕਾਊਂਸਲਿੰਗ ਸੈਸ਼ਨ, ਰੈਲੀਆਂ ਅਤੇ ਸੈਮੀਨਾਰਾਂ ਰਾਹੀਂ ਸਿੱਧੇ ਭਾਈਚਾਰੇ ਦੇ ਵਿਚਕਾਰ ਜਾ ਕੇ ਜ਼ਮੀਨੀ ਪੱਧਰ ਤੇ ਕੰਮ ਕਰ ਰਹੀ ਇਸ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਖੇਤਰ ਕੋਆਰਡੀਨੇਟਰ ਗਗਨਦੀਪ ਕੁਮਾਰ, ਕੇਂਦਰ ਇੰਚਾਰਜ ਕੁਮਾਰੀ ਮਨੀਸ਼ਾ, ਡਾ. ਰਘੁਵੀਰ ਸਿੰਘ, ਰੀਤੂ, ਮਹੇਸ਼, ਮੀਨੂ ਅਤੇ ਦਕਸ਼ ਸਮੇਤ ਸੰਸਥਾ ਦੀ ਪੂਰੀ ਟੀਮ ਸਰਗਰਮੀ ਨਾਲ ਜੁਟੀ ਹੋਈ ਹੈ।