ਦਿਵਿਆਂਗਾਂ ਲਈ ਬਣੀ ਪ੍ਰੇਰਣਾ: ਵ੍ਹੀਲਚੇਅਰ ’ਤੇ ਐਵਰੈਸਟ ਬੇਸ ਕੈਂਪ ਤੱਕ ਪੁੱਜੀ ਪੰਜਾਬ ਦੀ ਧੀ ਡਾ. ਰੁਪਿੰਦਰ ਕੌਰ, ਯੂਨਾਇਟਡ ਸਿੱਖਸ ਵੱਲੋਂ ਵਿਸ਼ੇਸ਼ ਸਨਮਾਨ
ਯੂਨਾਇਟਡ ਸਿੱਖਸ ਪੰਜਾਬ ਦੇ ਡਾਇਰੈਕਟਰ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਡਾ. ਰੁਪਿੰਦਰ ਕੌਰ ਨੇ ਨਾ ਸਿਰਫ਼ ਪੰਜਾਬ, ਸਗੋਂ ਦੇਸ਼ ਦਾ ਨਾਮ ਵੀ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰੀਰਕ ਚੁਣੌਤੀਆਂ ਦੇ ਬਾਵਜੂਦ ਐਵਰੈਸਟ ਬੇਸ ਕੈਂਪ ਤੱਕ ਪਹੁੰਚਣਾ ਅਸਾਧਾਰਣ ਹਿੰਮਤ ਅਤੇ ਆਤਮ-ਵਿਸ਼ਵਾਸ ਦੀ ਮਿਸਾਲ ਹੈ, ਜੋ ਨੌਜਵਾਨਾਂ ਅਤੇ ਦਿਵਿਆਂਗ ਭਾਈਚਾਰੇ ਲਈ ਪ੍ਰੇਰਣਾ ਸਰੋਤ ਬਣੇਗੀ।
Publish Date: Fri, 05 Jun 2026 09:02 AM (IST)
Updated Date: Fri, 05 Jun 2026 09:05 AM (IST)
ਲੁਧਿਆਣਾ : ਪੰਜਾਬ ਦੀ ਧੀ ਡਾ. ਰੁਪਿੰਦਰ ਕੌਰ ਨੇ ਵ੍ਹੀਲਚੇਅਰ ਦੇ ਸਹਾਰੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੇ ਬੇਸ ਕੈਂਪ ਤੱਕ ਪਹੁੰਚ ਕੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਦੀ ਇਸ ਵਿਲੱਖਣ ਪ੍ਰਾਪਤੀ ਦੇ ਸਨਮਾਨ ਵਿੱਚ ਯੂਨਾਇਟਡ ਸਿੱਖਸ ਵੱਲੋਂ ਲੁਧਿਆਣਾ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।
ਯੂਨਾਇਟਡ ਸਿੱਖਸ ਪੰਜਾਬ ਦੇ ਡਾਇਰੈਕਟਰ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਡਾ. ਰੁਪਿੰਦਰ ਕੌਰ ਨੇ ਨਾ ਸਿਰਫ਼ ਪੰਜਾਬ, ਸਗੋਂ ਦੇਸ਼ ਦਾ ਨਾਮ ਵੀ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰੀਰਕ ਚੁਣੌਤੀਆਂ ਦੇ ਬਾਵਜੂਦ ਐਵਰੈਸਟ ਬੇਸ ਕੈਂਪ ਤੱਕ ਪਹੁੰਚਣਾ ਅਸਾਧਾਰਣ ਹਿੰਮਤ ਅਤੇ ਆਤਮ-ਵਿਸ਼ਵਾਸ ਦੀ ਮਿਸਾਲ ਹੈ, ਜੋ ਨੌਜਵਾਨਾਂ ਅਤੇ ਦਿਵਿਆਂਗ ਭਾਈਚਾਰੇ ਲਈ ਪ੍ਰੇਰਣਾ ਸਰੋਤ ਬਣੇਗੀ।
40 ਸਾਲਾ ਆਯੁਰਵੈਦਿਕ ਮੈਡੀਕਲ ਅਫ਼ਸਰ ਡਾ. ਰੁਪਿੰਦਰ ਕੌਰ ਨੇ ਕਿਹਾ ਕਿ ਐਵਰੈਸਟ ਬੇਸ ਕੈਂਪ ਤੱਕ ਪਹੁੰਚਣਾ ਉਨ੍ਹਾਂ ਦਾ ਲੰਬੇ ਸਮੇਂ ਦਾ ਸੁਪਨਾ ਸੀ। ਇਸ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਸਖ਼ਤ ਮਿਹਨਤ, ਲਗਾਤਾਰ ਅਭਿਆਸ ਅਤੇ ਵਿਸ਼ੇਸ਼ ਸਿਖਲਾਈ ਪ੍ਰਾਪਤ ਕੀਤੀ। ਉਨ੍ਹਾਂ ਦੱਸਿਆ ਕਿ ਪਹਾੜੀ ਰਸਤਿਆਂ ’ਤੇ ਵ੍ਹੀਲਚੇਅਰ ਨਾਲ ਸਫ਼ਰ ਕਰਨਾ ਬਹੁਤ ਚੁਣੌਤੀਪੂਰਨ ਸੀ, ਪਰ ਪਰਿਵਾਰ ਦੇ ਸਹਿਯੋਗ, ਟਿੰਕੇਸ਼ ਐਬਿਲਟੀ ਫਾਊਂਡੇਸ਼ਨ ਦੀ ਮਦਦ ਅਤੇ ਸਾਥੀਆਂ ਦੇ ਹੌਸਲੇ ਨਾਲ ਉਹ ਆਪਣੀ ਮੰਜ਼ਿਲ ਤੱਕ ਪਹੁੰਚਣ ਵਿੱਚ ਕਾਮਯਾਬ ਰਹੀ।
ਉਨ੍ਹਾਂ ਕਿਹਾ ਕਿ ਇਹ ਸਿਰਫ਼ ਉਨ੍ਹਾਂ ਦੀ ਨਿੱਜੀ ਜਿੱਤ ਨਹੀਂ, ਸਗੋਂ ਪੰਜਾਬ ਦੀ ਨੌਜਵਾਨੀ ਅਤੇ ਦਿਵਿਆਂਗ ਭਾਈਚਾਰੇ ਦੀ ਵੀ ਜਿੱਤ ਹੈ। ਸਮਾਗਮ ਦੌਰਾਨ ਯੂਨਾਇਟਡ ਸਿੱਖਸ ਵੱਲੋਂ ਡਾ. ਰੁਪਿੰਦਰ ਕੌਰ ਨੂੰ ਸਨਮਾਨ ਚਿੰਨ੍ਹ ਅਤੇ ਯਾਦਗਾਰੀ ਟੀ-ਸ਼ਰਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਰਿੰਦਰ ਸਿੰਘ ਮੱਕੜ, ਭੁਪਿੰਦਰ ਸਿੰਘ ਮੱਕੜ, ਪ੍ਰੀਤਮ ਸਿੰਘ, ਤਰਨਜੀਤ ਕੌਰ, ਮਨਪ੍ਰੀਤ ਕੌਰ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।