- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਰਾਮਗੜ੍ਹੀਆ ਕੰਨਿਆ ਕਾਲਜ ਵਿਖੇ ਕਨਵੋਕੇਸ਼ਨ ਤੇ ਇਨਾਮ ਵੰਡ ਸਮਾਰੋਹ 400 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ

-ਰਾਮਗੜ੍ਹੀਆ ਕੰਨਿਆ ਕਾਲਜ ’ਚ 400 ਵਿਦਿਆਰਥੀਆਂ ਨੂੰ ਡਿਗਰੀਆਂ ਤਕਸੀਮ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਰਾਮਗੜ੍ਹੀਆ ਕੰਨਿਆ ਕਾਲਜ ਮਿਲਰਗੰਜ ਲੁਧਿਆਣਾ ਵਿਖੇ ਅੱਜ ਕਨਵੋਕੇਸ਼ਨ ਅਤੇ ਇਨਾਮ ਵੰਡ ਸਮਾਗਮ ਕਰਵਾਇਆ। ਸਮਾਰੋਹ ਵਿੱਚ ਡਾ. ਦਵਿੰਦਰ ਸਿੰਘ ਪ੍ਰਧਾਨ ਕਲਗੀਧਰ ਟਰੱਸਟ ਬੜੂ ਸਾਹਿਬ ਮੁੱਖ ਮਹਿਮਾਨ ਵਜੋਂ ਤੇ ਡਾ. ਨੀਲਮ ਕੌਰ ਉਪ ਕੁਲਪਤੀ ਈਟਰਨਲ ਯੂਨੀਵਰਸਿਟੀ ਬੜੂ ਸਾਹਿਬ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਇਸ ਤੋਂ ਇਲਾਵਾ ਰਿਤੂ ਸਿੰਗਲ (ਲੇਖਿਕਾ ਤੇ ਐਮਡੀ ਨਿਪਪੋਨ ਲੈਦਰਰੀਟ ਪ੍ਰਾਈਵੇਟ ਲਿਮਿਟਿਡ) ਤੇ ਸੰਦੀਪ ਰਿਆਤ (ਐਮਡੀ ਅਕਾਲ ਸਪ੍ਰਿੰਗ ਲਿਮਟਿਡ) ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਸਮਾਗਮ ਦੌਰਾਨ ਗਰੈਜੂਏਟ ਤੇ ਪੋਸਟ ਗਰੈਜੂਏਟ ਪ੍ਰੀਖਿਆਵਾਂ ਪਾਸ ਕਰ ਚੁੱਕੀਆਂ 400 ਵਿਦਿਆਰਥਣਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਕਰਵਾਏ ਮੁਕਾਬਲਿਆਂ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਵਿਦਿਆਰਥਣਾਂ ਨੂੰ ਰੋਲ ਆਫ਼ ਆਨਰ ਦੇ ਕੇ ਸਨਮਾਨਿਤ ਕੀਤਾ ਗਿਆ। ਵੱਖ-ਵੱਖ ਸਰਗਰਮੀਆਂ ’ਚ ਜੇਤੂ ਰਹੀਆਂ ਵਿਦਿਆਰਥਣਾਂ ਨੂੰ ਇਨਾਮ ਵੰਡੇ।
ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ, ਸਕੱਤਰ ਗੁਰਚਰਨ ਸਿੰਘ ਲੋਟੇ ਅਤੇ ਕਾਲਜ ਪ੍ਰਿੰਸੀਪਲ ਡਾ. ਅਜੀਤ ਕੌਰ ਨੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਸਮਾਗਮ ਵਿੱਚ ਡਾ. ਸਤੀਸ਼ ਸ਼ਰਮਾ, ਡਾ. ਬਲਬੀਰ ਸ਼ਾਹ, ਅਮਰਜੀਤ ਸਿੰਘ ਟਿੱਕਾ ਵੀ ਸਮਾਗਮ ਵਿੱਚ ਪਹੁੰਚੇ। ਸਮਾਰੋਹ ਦਾ ਆਗਾਜ਼ ਐਮਏ ਸੰਗੀਤ-ਗਾਇਨ ਵਿਭਾਗ ਦੀਆਂ ਵਿਦਿਆਰਥਣਾਂ ਵੱਲੋਂ “ਦੇਹਿ ਸ਼ਿਵਾ ਬਰ ਮੋਹਿ ਇਹੈ” ਸ਼ਬਦ ਦੇ ਗਾਇਨ ਨਾਲ ਕੀਤਾ। ਸਤਿਕਾਰਤ ਮਹਿਮਾਨਾਂ ਵੱਲੋਂ ਸ਼ਮ੍ਹਾ ਰੌਸ਼ਨ ਕੀਤੀ।
ਮੁੱਖ ਮਹਿਮਾਨ ਨੇ ਡਿਗਰੀਆਂ ਅਤੇ ਇਨਾਮ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ “ਉਨ੍ਹਾਂ ਨੇ ਜੋ ਕਾਲਜ ਤੋਂ ਗਿਆਨ ਹਾਸਲ ਕੀਤਾ ਹੈ, ਉਸ ਨੂੰ ਆਪਣੇ ਦੇਸ਼ ਤੇ ਮਨੁੱਖਤਾ ਦੀ ਭਲਾਈ ਲਈ ਲਗਾਉਣ, ਇਹੀ ਉਨ੍ਹਾਂ ਦੀ ਅਸਲ ਪ੍ਰਾਪਤੀ ਹੈ। ਕਾਲਜ ਪ੍ਰਿੰਸੀਪਲ ਡਾ. ਅਜੀਤ ਕੌਰ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੜ੍ਹੀ ਤੇ ਕਾਲਜ ਦੀਆਂ ਵਰਨਣਯੋਗ ਪ੍ਰਾਪਤੀਆਂ 'ਤੇ ਚਾਨਣਾ ਪਾਉਂਦਿਆਂ ਕਿਹਾ, “ਕਾਲਜ ਨੇ ਸਦਾ ਨੈਤਿਕ ਕਦਰਾਂ-ਕੀਮਤਾਂ ਨਾਲ ਭਰਪੂਰ ਸਿੱਖਿਆ 'ਤੇ ਜ਼ੋਰ ਦਿੱਤਾ ਹੈ, ਜਿਸ ਦੇ ਨਾਲ ਅਕਾਦਮਿਕ ਬੁਲੰਦੀਆਂ ਵੀ ਜੁੜੀਆਂ ਹੋਈਆਂ ਹਨ ਅਤੇ ਅਸੀਂ ਆਸ ਕਰਦੇ ਹਾਂ ਕਿ ਸਾਡੀਆਂ ਹੋਣਹਾਰ ਵਿਦਿਆਰਥਣਾਂ ਭਵਿੱਖ ’ਚ ਵੀ ਇਸੇ ਤਰ੍ਹਾਂ ਸਫਲਤਾਵਾਂ ਹਾਸਲ ਕਰਦੀਆਂ ਰਹਿਣਗੀਆਂ।
ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਨੇ ਵਿਦਿਆਰਥਣਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ “ਵਿਦਿਆਰਥਣਾਂ ਨੇ ਸਖ਼ਤ ਮਿਹਨਤ, ਦ੍ਰਿੜ ਲਗਨ ਤੇ ਜਨੂੰਨ ਨਾਲ ਜ਼ਿੰਦਗੀ ਦੇ ਇਨ੍ਹਾਂ ਉੱਚੇ ਸਿਖ਼ਰਾਂ ਨੂੰ ਛੂਹਿਆ ਹੈ ਤੇ ਕਾਲਜ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੌਕੇ 'ਤੇ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਵੱਖ-ਵੱਖ ਮੈਂਬਰ ਸਾਹਿਬਾਨ ਤੇ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਵਿਦਿਅਕ ਅਦਾਰਿਆਂ ਦੇ ਪ੍ਰਿੰਸੀਪਲ ਸਾਹਿਬਾਨ ਵੀ ਹਾਜ਼ਰ ਸਨ। ਕਾਲਜ ਪੁੱਜੇ ਸਾਰੇ ਹੀ ਸਤਿਕਾਰਤ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਜਨਰਲ ਸਕੱਤਰ ਗੁਰਚਰਨ ਸਿੰਘ ਲੋਟੇ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਅੰਤ ਵਿੱਚ ਰਾਸ਼ਟਰੀ ਗਾਇਨ ਦੇ ਨਾਲ ਸਮਾਗਮ ਨੂੰ ਸਮਾਪਤ ਕੀਤਾ।