- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਬਿਜਲੀ ਦੀ ਕੱਟਾਂ ਕਰਕੇ ਕਾਰਖ਼ਾਨਿਆਂ ’ਚ ਉਤਪਾਦਨ ਹੋ ਰਿਹਾ ਪ੍ਰਭਾਵਿਤ

-ਘਰੇਲੂ ਖਪਤਕਾਰ ਵੀ ਬਿਜਲੀ ਤੋਂ ਬਿਨਾਂ ਸਮਾਂ ਬਤੀਤ ਕਰਨ ਲਈ ਮਜਬੂਰ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਬਿਜਲੀ ਦੇ ਅਣਐਲਾਨੇ ਤੇ ਐਲਾਨੇ ਕੱਟਾਂ ਕਰਕੇ ਸਨਅਤਕਾਰ ਅਤੇ ਘਰੇਲੂ ਖ਼ਪਤਕਾਰ ਡਾਹਢੇ ਪਰੇਸ਼ਾਨ ਹਨ। ਬਿਜਲੀ ਦੀ ਕਮੀ ਕਰਕੇ ਕਾਰਖ਼ਾਨਿਆਂ ਦਾ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ। ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ ਦੀਆਂ ਸਨਅਤੀ ਜਥੇਬੰਦੀਆਂ ਤੇ ਹੋਰ ਧਿਰਾਂ ਵੱਲੋਂ ਇਸ ਬਿਜਲੀ ਦੇ ਕੱਟਾਂ ਦਾ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ। ਜਥੇਬੰਦੀਆਂ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਇਸ ਮਸਲੇ ਦਾ ਪੱਕਾ ਹੱਲ ਕਰਨ ਦੀ ਅਪੀਲ ਕੀਤੀ।
ਸਨਅਤੀ ਇਲਾਕਿਆਂ ਦੇ 11 ਕੇਵੀ ਸ਼੍ਰੇਣੀ ਅਧੀਨ ਆਉਣ ਵਾਲੀਆਂ ਸਨਅਤਾਂ ਖ਼ਾਸ ਕਰਕੇ ਸੂਖਮ, ਛੋਟੇ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ’ਤੇ ਲਾਏ ਜਾ ਰਹੇ ਵਾਰ-ਵਾਰ ਤੇ ਲੰਬੇ ਬਿਜਲੀ ਕੱਟਾਂ 'ਤੇ ਗੰਭੀਰ ਚਿੰਤਾ ਪ੍ਰਗਟਾਈ ਹੈ, ਜੋ ਪਹਿਲਾਂ ਹੀ ਕਈ ਆਰਥਿਕ ਤੇ ਸੰਚਾਲਨ ਚੁਣੌਤੀਆਂ ਵਿਚਾਲੇ ਬਚਣ ਲਈ ਸੰਘਰਸ਼ ਕਰ ਰਹੇ ਹਨ। ਸਨਅਤਕਾਰ ਅੱਤ ਦੀ ਗਰਮੀ ਤੇ ਝੋਨੇ ਦੀ ਬਿਜਾਈ ਕਾਰਨ ਵਧੀ ਹੋਈ ਬਿਜਲੀ ਦੀ ਮੰਗ ਨੂੰ ਸਮਝਦੇ ਹਨ, ਪਰ ਬੋਝ ਸਨਅਤੀ ਖੇਤਰ 'ਤੇ ਅਨੁਪਾਤਕ ਤੌਰ 'ਤੇ ਨਹੀਂ ਡਿੱਗਣਾ ਚਾਹੀਦਾ। ਉਦਯੋਗ ਰਾਜ ਦੀ ਆਰਥਿਕਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ, ਰੁਜ਼ਗਾਰ ਪੈਦਾ ਕਰਦੇ ਹਨ ਅਤੇ ਸਰਕਾਰ ਨੂੰ ਕਾਫ਼ੀ ਮਾਲੀਆ ਦਿੰਦੇ ਹਨ। ਇਸ ਲਈ ਪੰਜਾਬ ਦੇ ਆਰਥਿਕ ਵਿਕਾਸ ਲਈ ਉਦਯੋਗਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਬਰਾਬਰ ਮਹੱਤਵਪੂਰਨ ਹੈ।
ਪੰਜਾਬ ਸਰਕਾਰ ਤੇ ਪੀਐੱਸਪੀਸੀਐੱਲ ਨੂੰ ਅਪੀਲ ਕੀਤੀ ਹੈ ਕਿ ਬਿਜਲੀ ਦੀ ਨਿਰੰਤਰ ਉਪਲੱਬਧਤਾ ਨੂੰ ਯਕੀਨੀ ਬਣਾਉਣ ਲਈ ਸਾਰੇ ਸੰਭਵ ਵਿਕਲਪਿਕ ਪ੍ਰਬੰਧਾਂ ਦੀ ਪੜਚੋਲ ਕੀਤੀ ਜਾਵੇ। ਸਪਲਾਈ ਪਾੜੇ ਨੂੰ ਪੂਰਾ ਕਰਨ ਤੇ ਉਦਯੋਗਾਂ 'ਤੇ ਪ੍ਰਭਾਵ ਨੂੰ ਘੱਟ ਕਰਨ ਲਈ ਵਿਕਲਪਿਕ ਸਰੋਤਾਂ, ਪਾਵਰ ਐਕਸਚੇਂਜਾਂ, ਜਾਂ ਹੋਰ ਉਪਲੱਬਧ ਵਿਧੀਆਂ ਰਾਹੀਂ ਵਾਧੂ ਬਿਜਲੀ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਵਿਸ਼ਵ ਪੱਧਰੀ ਆਰਥਿਕ ਅਨਿਸ਼ਚਿਤਤਾਵਾਂ ਤੇ ਸੁੰਗੜਦੇ ਨਿਰਯਾਤ ਬਾਜ਼ਾਰਾਂ ਕਾਰਨ ਉਦਯੋਗ ਪਹਿਲਾਂ ਹੀ ਬਹੁਤ ਦਬਾਅ ਹੇਠ ਕੰਮ ਕਰ ਰਹੇ ਹਨ। ਅਜਿਹੇ ਨਾਜ਼ੁਕ ਸਮੇਂ 'ਤੇ ਲੰਬੇ ਸਮੇਂ ਤੱਕ ਬਿਜਲੀ ਕੱਟ ਉਤਪਾਦਨ ਦੇ ਸਮਾਂ-ਸਾਰਣੀ, ਨਿਰਯਾਤ ਤੇ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਗੰਭੀਰਤਾ ਨਾਲ ਪ੍ਰਭਾਵਿਤ ਕਰ ਸਕਦੇ ਹਨ।
ਪੀਐੱਸਪੀਸੀਐੱਲ ਵਿੱਚ ਡਾਇਰੈਕਟਰ ਜਨਰੇਸ਼ਨ ਦੀ ਨਿਯੁਕਤੀ ਵੀ ਕੁੱਝ ਮਹੀਨੇ ਪਹਿਲਾਂ ਹੋਈ ਹੈ, ਜਿਸ ਦਾ ਕੰਮ ਬਿਜਲੀ ਨੂੰ ਖਰੀਦਣਾ ਹੁੰਦਾ ਹੈ। ਲੇਕਿਨ ਇੱਥੇ ਵੀ ਪੀਐਸਪੀਸੀਐਲ ਦੀ ਅਸਫਲਤਾ ਸਾਫ ਨਜ਼ਰ ਆਉਂਦੀ ਹੈ ਕਿ ਸ਼ਨਿੱਚਰਵਾਰ ਦੀ ਰਾਤ ਅਤੇ ਵੀਰਵਾਰ ਦੀ ਰਾਤ ਨੂੰ ਕਾਰਖ਼ਾਨਿਆਂ ਉੱਪਰ ਪਾਵਰ ਕੱਟ ਲਗਾਇਆ ਗਿਆ ਹੈ। ਉਹਨਾਂ ਦੱਸਿਆ ਕਿ ਪਾਵਰਕਾਮ ਦੀ ਇੰਜੀਨੀਅਰਿੰਗ ਜਥੇਬੰਦੀ ਬੀਤੇ ਲੰਬੇ ਸਮੇਂ ਤੋਂ ਥਰਮਲ ਪਲਾਂਟ ਦੀ ਗੱਲ ਕਰ ਰਹੀ ਹੈ, ਲੇਕਿਨ ਹਾਲੇ ਤੱਕ ਸਰਕਾਰ ਵੱਲੋਂ ਕਦਮ ਨਹੀਂ ਚੁੱਕਿਆ ਗਿਆ।
ਐੱਮਐੱਸਐੱਮਈ ਕਾਰਖ਼ਾਨਿਆਂ ਉੱਪਰ ਲਗਾਤਾਰ ਲੱਗ ਰਹੇ ਬਿਜਲੀ ਦੇ ਵੱਡੇ ਵੱਡੇ ਕੱਟਾਂ ਨੇ ਸੂਬੇ ਦੀ ਆਰਥਿਕ ਹਾਲਤ ਨੂੰ ਹੋਰ ਮਾੜੇ ਹਾਲਾਤਾਂ ਵਿੱਚ ਪਹੁੰਚਾਂ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਉਦਯੋਗ ਪੰਜਾਬ ਦੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਬਿਜਲੀ ਇਸ ਲਈ ਇਕ ਖੁਰਾਕ ਦੀ ਕੰਮ ਕਰਦੀ ਹੈ। ਜੇਕਰ ਅਜਿਹੇ ਹਾਲਾਤ ਬਣੇ ਰਹੇ ਤਾਂ ਸੂਬੇ ਅੰਦਰ ਨੌਕਰੀਆਂ, ਵਿਕਾਸ ਅਤੇ ਉਤਪਾਦਕਤਾ ਉੱਪਰ ਲੰਬੇ ਸਮੇਂ ਤੱਕ ਦਾ ਮਾੜਾ ਅਸਰ ਪੈ ਸਕਦਾ ਹੈ।
-ਉਦਯੋਗਿਕ ਖੇਤਰ ਆਪਣੇ ਸਭ ਤੋਂ ਮੁਸ਼ਕਲ ਪੜਾਵਾਂ ਵਿੱਚੋਂ ਲੰਘ ਰਿਹਾ : ਆਹੂਜਾ
ਮੌਜੂਦਾ ਸਥਿਤੀ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਆਈਸੀਯੂ) ਨੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਉਦਯੋਗਿਕ ਖੇਤਰ ਆਪਣੇ ਸਭ ਤੋਂ ਮੁਸ਼ਕਲ ਪੜਾਵਾਂ ਵਿੱਚੋਂ ਲੰਘ ਰਿਹਾ ਹੈ। ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਤੇ ਪ੍ਰਮੁੱਖ ਰੁਜ਼ਗਾਰ ਪੈਦਾ ਕਰਨ ਵਾਲੇ ਐਮਐਸਐਮਈ ਨੂੰ ਮਜ਼ਦੂਰਾਂ ਦੀ ਘਾਟ, ਮੱਧ ਪੂਰਬ ਸੰਕਟ ਤੇ ਬਾਲਣ ਸਪਲਾਈ ਵਿੱਚ ਵਿਘਨ, ਕਮਜ਼ੋਰ ਵਿਸ਼ਵ ਮੰਗ, ਘਟਦੀ ਨਿਰਯਾਤ, ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਅਤੇ ਵਧਦੀਆਂ ਲੌਜਿਸਟਿਕਸ ਲਾਗਤਾਂ ਕਾਰਨ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਣ-ਨਿਰਧਾਰਤ ਬਿਜਲੀ ਕੱਟਾਂ ਦੇ ਜੋੜ ਨੇ ਸਥਿਤੀ ਨੂੰ ਹੋਰ ਵੀ ਵਿਗਾੜ ਦਿੱਤਾ ਹੈ।
-ਬਿਜਲੀ ਦੇ ਕੱਟਾਂ ਕਰਕੇ ਕਾਰਖ਼ਾਨੇ ਚਲਾਉਣੇ ਮੁਸ਼ਕਲ ਹੋਏ-ਭੋਗਲ
ਸੀਆਈਸੀਯੂ ਦੇ ਸੀਨੀਅਰ ਮੀਤ ਪ੍ਰਧਾਨ ਜੇਐੱਸ ਭੋਗਲ ਨੇ ਕਿਹਾ ਕਿ ਛੋਟੇ ਤੇ ਦਰਮਿਆਨੇ ਉਦਯੋਗ ਸਖ਼ਤ ਡਿਲੀਵਰੀ ਸ਼ਡਿਊਲ 'ਤੇ ਕੰਮ ਕਰਦੇ ਹਨ ਅਤੇ ਸੀਮਤ ਵਿੱਤੀ ਸਰੋਤਾਂ ਨਾਲ ਕੰਮ ਕਰਦੇ ਹਨ। ਬਿਜਲੀ ਦੇ ਵਾਰ-ਵਾਰ ਰੁਕਾਵਟਾਂ ਨਾ ਸਿਰਫ਼ ਉਤਪਾਦਨ ਸਰਗਰਮੀਆਂ ਨੂੰ ਰੋਕਦੀਆਂ ਹਨ, ਬਲਕਿ ਡਿਸਪੈਚ ਵਿੱਚ ਦੇਰੀ, ਉਤਪਾਦਕਤਾ ਵਿੱਚ ਕਮੀ, ਮਸ਼ੀਨਰੀ ਨੂੰ ਨੁਕਸਾਨ ਤੇ ਸੰਚਾਲਨ ਲਾਗਤਾਂ ਵਿੱਚ ਵਾਧਾ ਵੀ ਕਰਦੀਆਂ ਹਨ। ਅਜਿਹੀਆਂ ਰੁਕਾਵਟਾਂ ਸਿੱਧੇ ਤੌਰ 'ਤੇ ਐੱਮਐੱਸਐੱਮਈਜ਼ ਦੀ ਮੁਕਾਬਲੇਬਾਜ਼ੀ ਤੇ ਬਚਾਅ ਨੂੰ ਪ੍ਰਭਾਵਤ ਕਰਦੀਆਂ ਹਨ।
-ਕਾਂਗਰਸ ਵੱਲੋਂ ਸਰਕਾਰੀ ਦਾਅਵਿਆਂ ਦੇ ਉਲਟ ਬਿਜਲੀ ਕੱਟਾਂ ਦੀ ਨਿਖੇਧੀ
ਲੁਧਿਆਣਾ ਸ਼ਹਿਰੀ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਉਦਯੋਗ ਉੱਪਰ ਲਗਾਤਾਰ ਲੱਗ ਰਹੇ ਬਿਜਲੀ ਦੇ ਭਾਰੀ ਕੱਟਾਂ ਕਾਰਨ ਵੱਡੇ ਪੱਧਰ ’ਤੇ ਹੋ ਰਹੇ ਇਹ ਆਰਥਿਕ ਨੁਕਸਾਨ ਨੂੰ ਲੈ ਕੇ ਪੰਜਾਬ ਸਰਕਾਰ ਦੀ ਜੋਰਦਾਰ ਨਿੰਦਾ ਕੀਤੀ ਹੈ। ਦੀਵਾਨ ਨੇ ਕਿਹਾ ਕਿ ਸਰਕਾਰ ਵੱਲੋਂ ਵਧਾ ਚੜਾ ਕੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਦੇ ਉਲਟ ਜਮੀਨੀ ਹਕੀਕਤ ਇਹ ਹੈ ਕਿ ਨਾ ਸਿਰਫ ਉਦਯੋਗ ਨੂੰ ਲੋੜੀਂਦੀ ਬਿਜਲੀ ਦੀ ਸਪਲਾਈ ਮਿਲ ਰਹੀ ਹੈ। ਬਲਕਿ ਝੋਨੇ ਦੇ ਸੀਜਨ ਵਿੱਚ ਏਪੀ ਫੀਡਰਾਂ ਨੂੰ ਵੀ ਲੋੜੀਂਦੀ ਸਪਲਾਈ ਨਹੀਂ ਮਿਲ ਰਹੀ। ਬਿਜਲੀ ਦੇ ਮਾੜੇ ਹਾਲਾਤਾਂ ਕਾਰਨ ਨਾ ਸਿਰਫ ਉਦਯੋਗ ਪਰੇਸ਼ਾਨ ਹੈ, ਬਲਕਿ ਕਿਸਾਨ ਵੀ ਧਰਨੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਚੁੱਕੇ ਹਨ।
-ਸਮਾਲ ਸਕੇਲ ਮੈਨੂੰਫ਼ੈਕਚਰਜ਼ ਐਸੋਸੀਏਸ਼ਨ ਵੱਲੋਂ ਬਿਜਲੀ ਕੱਟਾਂ ਦਾ ਵਿਰੋਧ
ਸਮਾਲ ਸਕੇਲ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਚੌਹਾਨ ਨੇ ਕਿਹਾ ਕਿ ਬਿਜਲੀ ਦੇ ਕੱਟਾਂ ਤੇ ਘਾਟ ਕਰਕੇ ਉਦਯੋਗਪਤੀ, ਆਮ ਲੋਕਾਂ ਸਮੇਤ ਹਰ ਵਰਗ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਗਰਮੀ ਦੇ ਵਧਣ ਕਰਕੇ ਬਿਜਲੀ ਦੀ ਮੰਗ ਵਿੱਚ ਲਗਾਤਾਰ ਵਾਧਾ ਹੋਣ ਨਾਲ ਬਿਜਲੀ ਦੇ ਕੱਟਾਂ ਵਿੱਚ ਵੀ ਵਾਧਾ ਹੋਇਆ ਹੈ। ਜਿਸ ਕਰਕੇ ਪਹਿਲਾਂ ਹੀ ਲੇਬਰ, ਕੱਚੇ ਉਤਪਾਦਾਂ ਦੀਆਂ ਕੀਮਤਾਂ ਵਿੱਚ ਵਾਧੇ ਕਰਕੇ ਛੋਟੇ ਕਾਰਖ਼ਾਨੇਦਾਰਾਂ ਨੂੰ ਆਪਣੇ ਕਾਰਖ਼ਾਨੇ ਚਲਾਉਣੇ ਮੁਸ਼ਕਲ ਹੋਏ ਪਏ ਹਨ। ਚੌਹਾਨ ਨੇ ਕਿਹਾ ਕਿ ਬਿਜਲੀ ਦੇ ਕੱਟਾਂ ਨੇ ਬਲਦੀ ’ਚ ਘਿਓ ਪਾਉਣ ਦਾ ਕੰਮ ਕੀਤਾ ਹੈ। ਹੋਰ ਤਾਂ ਹੋਰ ਬਿਜਲੀ ਨਾ ਹੋਣ ਕਰਕੇ ਰਹਿੰਦੀ ਲੇਬਰ ਵੀ ਆਪਣੇ ਘਰਾਂ ਨੂੰ ਜਾਣ ਲਈ ਮਜਬੂਰ ਹੈ। ਐਸੋਸੀਏਸ਼ਨ ਦੇ ਜਰਨਲ ਸਕੱਤਰ ਪਰਮਦੀਪ ਸਿੰਘ ਸੋਹਲ, ਮਹਿਲ ਸਿੰਘ, ਪਰਮਜੀਤ ਸਿੰਘ ਸੀਹਰਾ, ਸਿਮਰਨਜੀਤ ਸਿੰਘ ਬਾਜਵਾ, ਇਕਬਾਲ ਸਿੰਘ ਸੋਹਲ ਤੇ ਵਿਕਰਮਜੀਤ ਸਿੰਘ ਸੋਹਲ ਨੇ ਵੀ ਬਿਜਲੀ ਕੱਟਾਂ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਬਿਜਲੀ ਦੇ ਕੱਟਾਂ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ। ਤਾਂ ਜੋ ਉਦਯੋਗਪਤੀ ਆਪਣੇ ਕਾਰਖ਼ਾਨੇ ਨਿਰਵਿਘਨ ਚਲਾ ਸਕਣ।