ਬਿਜਲੀ ਕੱਟਾਂ ਦੇ ਸਤਾਏ ਸਨਅਤਕਾਰ ਤੇ ਉਦਯੋਗਪਤੀ ਚੀਫ਼ ਇੰਜੀਨੀਅਰ ਦੇ ਦਫ਼ਤਰ ਪੁੱਜੇ ਅਹਿਮ ਖ਼ਬਰ-ਬਿਜਲੀ ਕੱਟਾਂ ਦੇ ਸਤਾਏ ਸਨਅਤੀ ਜਥੇਬੰਦੀਆਂ ਦੇ ਆਗੂੁ ਤੇ ਉਦਯੋਗਪਤੀ ਚੀਫ਼ ਇੰਜੀਨੀਅਰ ਦਫ਼ਤਰ ਪੁੱਜੇ
Publish Date: Tue, 30 Jun 2026 06:21 PM (IST)
Updated Date: Tue, 30 Jun 2026 06:22 PM (IST)
-ਮਾਲ ਸ਼ਾਮ 6 ਵਜੇ ਬੰਦ ਕਰਵਾਉਣ ਤੇ ਕਾਰਖ਼ਾਨਿਆਂ ਨੂੰ ਰਾਤ ਸਮੇਂ ਬਿਜਲੀ ਸਪਲਾਈ ਦੇਣ ਦੀ ਕੀਤੀ ਮੰਗ -ਚੀਫ਼ ਇੰਜੀਨੀਅਰ ਨੇ ਮੁਸ਼ਕਿਲਾਂ ਦਾ ਛੇਤੀ ਹੀ ਢੁੱਕਵਾਂ ਹੱਲ ਕੱਢਣ ਦਾ ਭਰੋਸਾ ਦਿੱਤਾ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਬਿਜਲੀ ਕੱਟਾਂ ਤੇ ਅੱਤ ਦੀ ਪੈ ਰਹੀ ਗਰਮੀ ਵਿੱਚ ਮੰਗ ਅਨੁਸਾਰ ਬਿਜਲੀ ਨਾ ਆਉਣ ਤੋਂ ਦੁਖੀ ਸਨਅਤੀ ਜਥੇਬੰਦੀਆਂ ਦੇ ਆਗੂਆਂ ਤੇ ਉਦਯੋਗਪਤੀਆਂ ਨੇ ਅੱਜ ਬਿਜਲੀ ਨਿਗਮ ਦੇ ਚੀਫ਼ ਇੰਜੀਨੀਅਰ ਦੇ ਦਫ਼ਤਰ ਪੁੱਜ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਚੀਫ਼ ਇੰਜੀਨੀਅਰ ਜਗਦੇਵ ਸਿੰਘ ਹਾਂਸ ਨੂੰ ਬਿਜਲੀ ਸਪਲਾਈ ਵਿੱਚ ਪੈ ਰਹੇ ਲਗਾਤਾਰ ਵਿਘਨ ਕਰਕੇ ਕਾਰਖ਼ਾਨੇ ਚਲਾਉਣ ਵਿੱਚ ਆ ਰਹੀ ਪ੍ਰੇਸ਼ਾਨੀ ਤੋਂ ਜਾਣੂ ਕਰਵਾਇਆ ਗਿਆ। ਵੱਖ-ਵੱਖ ਇੰਡਸਟਰੀਅਲ ਐਸੋਸੀਏਸ਼ਨਾਂ ਦੇ ਆਗੂਆਂ ਨੇ ਮੀਟਿੰਗ ਦੌਰਾਨ ਉਦਯੋਗਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ ਤੇ ਕੁਝ ਮਹੱਤਵਪੂਰਨ ਸੁਝਾਅ ਵੀ ਦਿੱਤੇ ਗਏ। ਐਸੋਸੀਏਸ਼ਨਾਂ ਵੱਲੋਂ ਸੁਝਾਅ ਦਿੱਤਾ ਗਿਆ ਕਿ ਸ਼ਾਮ 6 ਵਜੇ ਤੋਂ ਬਾਅਦ ਮਾਲ ਅਤੇ ਵੱਡੇ ਸ਼ੋਅਰੂਮ ਬੰਦ ਕਰਵਾਏ ਜਾਣ ਤਾਂ ਜੋ ਬਿਜਲੀ ਦੀ ਬਚਤ ਹੋ ਸਕੇ। ਇਸ ਦੇ ਨਾਲ ਹੀ ਬੇਨਤੀ ਕੀਤੀ ਗਈ ਕਿ ਰਾਤ ਸਮੇਂ ਕਾਰਖ਼ਾਨਿਆਂ ਦੀ ਬਿਜਲੀ ਸਪਲਾਈ ਪੂਰੀ ਤਰ੍ਹਾਂ ਬੰਦ ਨਾ ਕੀਤੀ ਜਾਵੇ, ਸਗੋਂ ਘੱਟੋ-ਘੱਟ 35–40 ਫ਼ੀਸਦੀ ਸਪਲਾਈ ਜ਼ਰੂਰ ਦਿੱਤੀ ਜਾਵੇ ਤਾਂ ਜੋ ਜ਼ਰੂਰੀ ਮਸ਼ੀਨਰੀ ਤੇ ਉਪਕਰਨ ਚੱਲਦੇ ਰਹਿਣ ਅਤੇ ਉਦਯੋਗਾਂ ਦਾ ਨੁਕਸਾਨ ਘੱਟ ਤੋਂ ਘੱਟ ਹੋਵੇ। ਇਸ ਸਮੇਂ ਇੱਕ ਪਾਸੇ ਗਰਮੀ ਕਾਰਨ ਬਿਜਲੀ ਦੀ ਖਪਤ ਬਹੁਤ ਵੱਧ ਗਈ ਹੈ ਅਤੇ ਦੂਜੇ ਪਾਸੇ ਝੋਨੇ ਦੀ ਬਿਜਾਈ ਲਈ ਪਿੰਡਾਂ ਨੂੰ ਨਿਰੰਤਰ ਬਿਜਲੀ ਦੇਣਾ ਵੀ ਬਹੁਤ ਜ਼ਰੂਰੀ ਹੈ। ਅਜਿਹੇ ਹਾਲਾਤਾਂ ਵਿੱਚ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਦੀ ਲੋੜ ਹੈ। ਚੀਫ਼ ਇੰਜੀਨੀਅਰ ਨੇ ਕਿਹਾ ਕਿ ਮੀਟਿੰਗ ਵਿੱਚ ਜੋ ਵੀ ਸੁਝਾਅ ਆਏ ਹਨ ਅਤੇ ਜਿਹੜੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਦਾ ਢੁੱਕਵਾਂ ਹੱਲ ਕੱਢਣ ਲਈ ਛੇਤੀ ਹੀ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਦੀ ਸਹੂਲਤ ਲਈ ਬਿਜਲੀ ਨਿਗਮ ਹਰ ਸਮੇਂ ਤਿਆਰ ਬਰ ਤਿਆਰ ਹੈ। ਉਨ੍ਹਾਂ ਕਿਹਾ ਕਿ ਸਾਨੂੰ ਬਿਜਲੀ ਦੀ ਸਮਝਦਾਰੀ ਨਾਲ ਵਰਤੋਂ ਕਰਨੀ ਚਾਹੀਦੀ ਹੈ। ਜਿੱਥੇ ਸੰਭਵ ਹੋਵੇ ਏਅਰ ਕੰਡੀਸ਼ਨਰ ਦਾ ਤਾਪਮਾਨ 26–27 ਡਿਗਰੀ ਸੈਲਸੀਅਸ ਤੇ ਰੱਖੀਏ, ਬੇਲੋੜੇ ਏਸੀ ਤੇ ਹੋਰ ਬਿਜਲੀ ਉਪਕਰਣ ਬੰਦ ਰੱਖੀਏ ਅਤੇ ਸਿਰਫ਼ ਲੋੜ ਅਨੁਸਾਰ ਹੀ ਬਿਜਲੀ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਾਡਾ ਛੋਟਾ ਜਿਹਾ ਯੋਗਦਾਨ ਵੀ ਬਿਜਲੀ ਦੀ ਮੰਗ ਘਟਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਮੀਟਿੰਗ ਵਿੱਚ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ, ਫ਼ੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ ਦੇ ਕਾਰਜਕਾਰੀ ਪ੍ਰਧਾਨ ਰਾਜੀਵ ਜੈਨ, ਢੰਡਾਰੀ ਇੰਡਸਟਰੀਅਲ ਵੈਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਯੂਸੀਪੀਐਮਏ ਦੇ ਵਿੱਤ ਸਕੱਤਰ ਸਤਨਾਮ ਸਿੰਘ ਮੱਕੜ, ਯੂਸੀਪੀਐਮਏ ਦੇ ਉਪ ਪ੍ਰਧਾਨ ਇੰਦਰਜੀਤ ਸਿੰਘ ਨਵਯੁੱਗ, ਫਿਕੋ ਦੇ ਕਾਰਜਕਾਰੀ ਜਨਰਲ ਸਕੱਤਰ ਦਿਨੇਸ਼ ਸਿੰਘ ਭੋਗਲ, ਸਮਾਲ ਸਕੇਲ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਚੌਹਾਨ,ਅਪੈਕਸ ਚੈਂਬਰ ਆਫ਼ ਇੰਡਸਟਰੀਜ਼ ਦੇ ਆਗੂ ਰਾਹੁਲ ਆਹੂਜਾ, ਜਨਤਾ ਨਗਰ ਸਮਾਲ ਸਕੇਲ ਮੈਨੂੰਫ਼ੈਕਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਤੇ ਯੂਸੀਪੀਐਮਏ ਦੇ ਸੀਨੀਅਰ ਉਪ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ, ਕੁਲਵੰਤ ਸਿੰਘ ਐਨਕੇਐਚ,ਐਸੋਸੀਏਸ਼ਨ ਆਫ ਟਰੇਡ ਐਂਡ ਇੰਡਸਟਰੀਅਲ ਅੰਡਰਟੇਕਿੰਗਜ਼ (ਏਟੀਆਈਯੂ) ਦੇ ਪ੍ਰਧਾਨ ਪੰਕਜ ਸ਼ਰਮਾ ਸਮੇਤ ਕਈ ਸਨਅਤਕਾਰਾਂ ਤੇ ਬਿਜਲੀ ਨਿਗਮ ਦੇ ਅਧਿਕਾਰੀ ਹਾਜ਼ਰ ਸਨ।