- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਫਿਕੋ ਨੇ ਵਫ਼ਦ ਨੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਨਵੇਂ ਜਨਰਲ ਮੈਨੇਜਰ ਨਾਲ ਮੁਲਾਕਾਤ ਕਰਕੇ ਉਦਯੋਗਾਂ ਦੇ ਅਹਿਮ ਮਸਲੇ ਉਠਾਏ

-ਕੁਲਾਰ ਨੇ ਕਿਹਾ ਕਿ ਰੁਕਾਵਟਾਂ ਐੱਮਐੱਸਐੱਮਈ ਖੇਤਰ ਦੀ ਮੁਕਾਬਲੇਬਾਜ਼ੀ ਨੂੰ ਕਰ ਰਹੀਆਂ ਨੇ ਪ੍ਰਭਾਵਿਤ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਉਦਯੋਗਾਂ ਦੇ ਅਹਿਮ ਮੁੱਦਿਆਂ ਦੇ ਹੱਲ ਕਰਵਾਉਣ ਦੇ ਮਕਸਦ ਨਾਲ ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਦੇ ਇੱਕ ਵਫ਼ਦ ਵੱਲੋਂ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਦੀ ਅਗਵਾਈ ਹੇਠ ਜ਼ਿਲ੍ਹਾ ਉਦਯੋਗ ਕੇਂਦਰ (ਡੀਆਈਸੀ) ਲੁਧਿਆਣਾ ਦੇ ਨਵੇਂ ਨਿਯੁਕਤ ਜਨਰਲ ਮੈਨੇਜਰ ਸੁਖਵਿੰਦਰ ਸਿੰਘ ਰੇਖੀ ਨਾਲ ਮ੍ਰੁਲਾਕਾਤ ਕੀਤੀ ਗਈ। ਵਫ਼ਦ ਨੇ ਰੇਖੀ ਨੂੰ ਨਵੀਂ ਜ਼ਿੰਮੇਵਾਰੀ ਸੰਭਾਲਣ 'ਤੇ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਉਦਯੋਗ ਜਗਤ ਦੀਆਂ ਸਮੱਸਿਆਵਾਂ ਤੇ ਉਮੀਦਾਂ ਨੂੰ ਯੋਗ ਤਰਜੀਹ ਮਿਲੇਗੀ।
ਮੀਟਿੰਗ ਦੌਰਾਨ ਫਿਕੋ ਨੇ ਪੰਜਾਬ ਦੇ ਉਦਯੋਗਾਂ ਨਾਲ ਸਬੰਧਤ ਕਈ ਲੰਬੇ ਸਮੇਂ ਤੋਂ ਲਟਕਦੇ ਅਤੇ ਮਹੱਤਵਪੂਰਨ ਮਸਲਿਆਂ ਬਾਰੇ ਇੱਕ ਵਿਸਥਾਰਪੂਰਵਕ ਮੰਗ ਪੱਤਰ ਸੌਂਪਿਆ। ਵਫ਼ਦ ਨੇ ਕਿਹਾ ਕਿ ਵੱਧ ਰਹੀਆਂ ਲਾਗਤਾਂ, ਵਰਕਿੰਗ ਕੈਪੀਟਲ ਦੀਆਂ ਸਮੱਸਿਆਵਾਂ ਤੇ ਗੁਆਂਢੀ ਸੂਬਿਆਂ ਨਾਲ ਵਧ ਰਹੀ ਮੁਕਾਬਲੇਬਾਜ਼ੀ ਦੇ ਮੱਦੇਨਜ਼ਰ ਉਦਯੋਗਾਂ ਦੀ ਤਰੱਕੀ, ਰੋਜ਼ਗਾਰ ਸਿਰਜਣਾ ਅਤੇ ਨਿਵੇਸ਼ ਨੂੰ ਬਣਾਈ ਰੱਖਣ ਲਈ ਤੁਰੰਤ ਨੀਤੀਗਤ ਅਤੇ ਪ੍ਰਸ਼ਾਸਕੀ ਦਖਲ ਦੀ ਲੋੜ ਹੈ।
ਕੁਲਾਰ ਨੇ ਕਿਹਾ ਕਿ ਪੰਜਾਬ ਦਾ ਉਦਯੋਗਿਕ ਖੇਤਰ ਰਾਜ ਦੀ ਅਰਥਵਿਵਸਥਾ, ਨਿਰਯਾਤ ਤੇ ਰੋਜ਼ਗਾਰ ਸਿਰਜਣਾ ਵਿੱਚ ਹਮੇਸ਼ਾ ਹੀ ਮਹੱਤਵਪੂਰਨ ਯੋਗਦਾਨ ਪਾਉਂਦਾ ਆ ਰਿਹਾ ਹੈ। ਪਰੰਤੂ ਕਈ ਨੀਤੀਗਤ ਤੇ ਪ੍ਰਕਿਰਿਆਗਤ ਰੁਕਾਵਟਾਂ ਖਾਸ ਤੌਰ 'ਤੇ ਐਮਐਸਐਮਈ ਖੇਤਰ ਦੀ ਮੁਕਾਬਲੇਬਾਜ਼ੀ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਫਿਕੋ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਮਸਲਿਆਂ ਦਾ ਮੁੱਢਲੇ ਆਧਾਰ 'ਤੇ ਹੱਲ ਕੀਤਾ ਜਾਵੇ, ਤਾਂ ਜੋ ਪੰਜਾਬ ਦੇ ਉਦਯੋਗਿਕ ਮਾਹੌਲ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਰਾਜ ਵਿੱਚ ਕਾਰੋਬਾਰ ਕਰਨ ਦੀ ਸੁਵਿਧਾ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਫਿਕੋ ਉਦਯੋਗਾਂ ਦੀ ਤਕਨੀਕੀ ਸਮਰੱਥਾ ਅਤੇ ਮੁਕਾਬਲੇਬਾਜ਼ੀ ਵਧਾਉਣ ਲਈ ਦੋ ਕਾਮਨ ਫੈਸਿਲਿਟੀ ਸੈਂਟਰ ਸਥਾਪਿਤ ਕਰਨ ਦੀ ਪਹਿਲ ਕਰੇਗਾ।
ਫਿਕੋ ਨੇ ਇਨਵਰਟਡ ਡਿਊਟੀ ਸਟ੍ਰਕਚਰ ਕਾਰਨ ਲੰਬਿਤ ਜੀਐਸਟੀ ਰਿਫੰਡਾਂ ਬਾਰੇ ਗੰਭੀਰ ਚਿੰਤਾ ਜਤਾਈ ਅਤੇ ਸਮਾਂਬੱਧ ਰਿਫੰਡ ਪ੍ਰਣਾਲੀ ਦੀ ਮੰਗ ਕੀਤੀ।
ਉਨ੍ਹਾਂ ਨੇ ਮੰਗ ਕੀਤੀ ਕਿ ਉਹ ਪਲਾਟ ਤੇ ਖਸਰਾ ਨੰਬਰ ਜੋ ਕਦੇ ਅਧਿਗ੍ਰਹਿਤ ਨਹੀਂ ਕੀਤੇ ਗਏ, ਉਨ੍ਹਾਂ ਨੂੰ ਪੀਐਸਆਈਈਸੀ ਰਿਕਾਰਡ ਤੋਂ ਡੀ-ਨੋਟੀਫਾਈ ਕੀਤਾ ਜਾਵੇ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ 200 ਪ੍ਰਤੀ ਮਹੀਨਾ ਪ੍ਰੋਫੈਸ਼ਨਲ ਟੈਕਸ ਖਤਮ ਕਰਨ ਦੀ ਅਪੀਲ ਕੀਤੀ, ਜਿਸ ਨਾਲ ਉਦਯੋਗਾਂ ਤੇ ਕਰਦਾਤਾਵਾਂ ਉੱਤੇ ਬੇਲੋੜਾ ਬੋਝ ਪੈਂਦਾ ਹੈ। ਉਨ੍ਹਾਂ ਨੇ ਇਨ੍ਹਾਂ ਉਦਯੋਗਾਂ ਨੂੰ ਥਰਸਟ ਸੈਕਟਰ ਸੂਚੀ ਤੋਂ ਬਾਹਰ ਕਰਨ ਦਾ ਵਿਰੋਧ ਕਰਦਿਆਂ ਤੁਰੰਤ ਮੁੜ ਸ਼ਾਮਲ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਉਦਯੋਗਿਕ ਨੀਤੀ 2026 ਤਹਿਤ ਖਤਮ ਕੀਤੀ ਗਈ ਆਈਡੀਐੱਫ ਛੋਟ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਇਸ ਨਾਲ ਉਦਯੋਗਾਂ ਦੀ ਬਿਜਲੀ ਲਾਗਤ ਵਿੱਚ ਵਾਧਾ ਹੋਵੇਗਾ। ਫਿਕੋ ਨੇ ਮਾਲੇਰਕੋਟਲਾ ਰੋਡ ਸਥਿਤ ਪੁਰਾਣੀਆਂ ਉਦਯੋਗਿਕ ਇਕਾਈਆਂ ਨੂੰ ਐਨਓਸੀ ਪ੍ਰਾਪਤ ਕਰਨ ਵਿੱਚ ਆ ਰਹੀਆਂ ਮੁਸ਼ਕਲਾਂ ਦਾ ਮੁੱਦਾ ਉਠਾਇਆ ਅਤੇ ਤੁਰੰਤ ਹੱਲ ਦੀ ਮੰਗ ਕੀਤੀ। ਜਨਰਲ ਮੈਨੇਜਰ ਰੇਖੀ ਨੇ ਵਫ਼ਦ ਵੱਲੋਂ ਚੁੱਕੇ ਮਸਲਿਆਂ ਨੂੰ ਧਿਆਨ ਨਾਲ ਸੁਣਿਆ ਤੇ ਭਰੋਸਾ ਦਿਵਾਇਆ ਕਿ ਮੰਗ ਪੱਤਰ ’ਚ ਦਰਜ ਮੁੱਦਿਆਂ ਨੂੰ ਸੰਬੰਧਤ ਅਧਿਕਾਰੀਆਂ ਕੋਲ ਵਿਚਾਰ ਤੇ ਕਾਰਵਾਈ ਲਈ ਭੇਜਿਆ ਜਾਵੇਗਾ। ਇਸ ਮੌਕੇ ਅਵਤਾਰ ਸਿੰਘ ਭੋਗ, ਇੰਦਰਜੀਤ ਸਿੰਘ ਨਵਯੁੱਗ, ਗਗਨੀਸ਼ ਖੁਰਾਣਾ, ਰਾਜੀਵ ਜੈਨ, ਸੁਖਵਿੰਦਰ ਸਿੰਘ ਮੈਗਸੰਨ, ਗੁਰਮੁੱਖ ਸਿੰਘ ਰੁਪਾਲ, ਅਸ਼ਪ੍ਰੀਤ ਸਿੰਘ ਸਾਹਨੀ ਆਦਿ ਹਾਜ਼ਰ ਸਨ।