
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਥਾਣਾ ਸਦਰ ਅਹਿਮਦਗੜ੍ਹ ਦੇ ਸਹਾਇਕ ਥਾਣੇਦਾਰ ਗੁਰਜੰਟ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਸੂਚਨਾ ਮਿਲੀ ਕਿ ਮੁਜ਼ੱਫਰਨਗਰ (ਉੱਤਰ ਪ੍ਰਦੇਸ਼) ਵਾਸੀ ਮੀਰ ਹੁਸਨ ਅਤੇ ਆਸ਼ੂ, ਜੋ ਇਸ ਸਮੇਂ ਭੁਰਥਲਾ ਮੰਡੇਰ ਵਿੱਚ ਰਹਿ ਰਹੇ ਹਨ, ਸਲਤਾਨ ਸਿੰਘ ਵਾਸੀ ਰੁੜਕੀ ਕਲਾਂ ਅਤੇ ਹਰਪ੍ਰੀਤ ਸਿੰਘ ਵਾਸੀ ਭੁਰਥਲਾ ਮੰਡੇਰ ਨਾਲ ਮਿਲ ਕੇ ਹਰਪ੍ਰੀਤ ਸਿੰਘ ਦੇ ਖੇਤ ਵਿੱਚ ਬਣੇ ਪੁਰਾਣੇ ਡੇਅਰੀ ਫਾਰਮ ਦੇ ਸ਼ੈੱਡ ਵਿੱਚ ਨਾਜਾਇਜ਼ ਤੌਰ ’ਤੇ ਪਟਾਕੇ ਤਿਆਰ ਕਰਦੇ ਹਨ। ਇੱਥੇ ਪਟਾਕਿਆਂ ਦਾ ਭੰਡਾਰ ਵੀ ਕੀਤਾ ਜਾਂਦਾ ਸੀ।

ਸੰਵਾਦ ਸਹਿਯੋਗੀ, ਪੰਜਾਬੀ ਜਾਗਰਣ, ਅਹਿਮਦਗੜ੍ਹ (ਮਾਲੇਰਕੋਟਲਾ): ਪਿਛਲੇ ਹਫ਼ਤੇ ਦੋ ਨਾਜਾਇਜ਼ ਪਟਾਕਾ ਫੈਕਟਰੀਆਂ ਦਾ ਪਰਦਾਫਾਸ਼ ਕਰਨ ਤੋਂ ਬਾਅਦ ਥਾਣਾ ਸਦਰ ਅਹਿਮਦਗੜ੍ਹ ਪੁਲਿਸ ਨੇ ਪਿੰਡ ਭੁਰਥਲਾ ਮੰਡੇਰ ਦੇ ਖੇਤਾਂ ਵਿੱਚ ਬਣੇ ਪੁਰਾਣੇ ਡੇਅਰੀ ਫਾਰਮ ਦੇ ਸ਼ੈੱਡ ਵਿੱਚ ਚੱਲ ਰਹੀ ਇਕ ਹੋਰ ਨਾਜਾਇਜ਼ ਪਟਾਕਾ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਮੌਕੇ ਤੋਂ ਵੱਡੀ ਮਾਤਰਾ ਵਿੱਚ ਤਿਆਰ ਪਟਾਕੇ, ਪਟਾਕੇ ਬਣਾਉਣ ਵਾਲੀ ਸਮੱਗਰੀ, ਖਾਲੀ ਡੱਬੇ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਥਾਣਾ ਸਦਰ ਅਹਿਮਦਗੜ੍ਹ ਦੇ ਸਹਾਇਕ ਥਾਣੇਦਾਰ ਗੁਰਜੰਟ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਸੂਚਨਾ ਮਿਲੀ ਕਿ ਮੁਜ਼ੱਫਰਨਗਰ (ਉੱਤਰ ਪ੍ਰਦੇਸ਼) ਵਾਸੀ ਮੀਰ ਹੁਸਨ ਅਤੇ ਆਸ਼ੂ, ਜੋ ਇਸ ਸਮੇਂ ਭੁਰਥਲਾ ਮੰਡੇਰ ਵਿੱਚ ਰਹਿ ਰਹੇ ਹਨ, ਸਲਤਾਨ ਸਿੰਘ ਵਾਸੀ ਰੁੜਕੀ ਕਲਾਂ ਅਤੇ ਹਰਪ੍ਰੀਤ ਸਿੰਘ ਵਾਸੀ ਭੁਰਥਲਾ ਮੰਡੇਰ ਨਾਲ ਮਿਲ ਕੇ ਹਰਪ੍ਰੀਤ ਸਿੰਘ ਦੇ ਖੇਤ ਵਿੱਚ ਬਣੇ ਪੁਰਾਣੇ ਡੇਅਰੀ ਫਾਰਮ ਦੇ ਸ਼ੈੱਡ ਵਿੱਚ ਨਾਜਾਇਜ਼ ਤੌਰ ’ਤੇ ਪਟਾਕੇ ਤਿਆਰ ਕਰਦੇ ਹਨ। ਇੱਥੇ ਪਟਾਕਿਆਂ ਦਾ ਭੰਡਾਰ ਵੀ ਕੀਤਾ ਜਾਂਦਾ ਸੀ। ਮੁਲਜ਼ਮਾਂ ਕੋਲ ਪਟਾਕੇ ਬਣਾਉਣ ਜਾਂ ਉਨ੍ਹਾਂ ਦਾ ਭੰਡਾਰ ਕਰਨ ਸਬੰਧੀ ਕੋਈ ਜਾਇਜ਼ ਲਾਇਸੈਂਸ ਨਹੀਂ ਸੀ।
ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਡੇਅਰੀ ਫਾਰਮ ’ਤੇ ਛਾਪਾ ਮਾਰਿਆ। ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਉੱਥੇ ਮੌਜੂਦ ਮੁਲਜ਼ਮ ਫਰਾਰ ਹੋ ਗਏ। ਤਲਾਸ਼ੀ ਦੌਰਾਨ ਪੁਲਿਸ ਨੇ 58 ਡੱਬੇ ਤਿਆਰ ਪਟਾਕੇ, 12 ਡੱਬੇ ਖਾਲੀ ਤੀਲੀਆਂ, ਕਰੀਬ 8 ਹਜ਼ਾਰ ਛੋਟੀਆਂ ਖਾਲੀ ਡੱਬੀਆਂ, 600 ਖਾਲੀ ਡੱਬੇ, 50 ਕਿਲੋ ਪੋਟਾਸ਼, 62 ਕਿਲੋ ਕੋਲਾ, ਇਕ ਹਜ਼ਾਰ ਸਫ਼ੈਦ ਰੰਗ ਦੀਆਂ ਖਾਲੀ ਡੱਬੀਆਂ ਅਤੇ ਵਾਲ ਪੁੱਟੀ ਦੇ ਤਿੰਨ ਥੈਲੇ ਬਰਾਮਦ ਕੀਤੇ। ਇਸ ਤੋਂ ਇਲਾਵਾ ਪਟਾਕੇ ਤਿਆਰ ਕਰਨ ਵਿੱਚ ਵਰਤੀ ਜਾਣ ਵਾਲੀ ਹੋਰ ਸਮੱਗਰੀ ਵੀ ਪੁਲਿਸ ਨੇ ਕਬਜ਼ੇ ਵਿੱਚ ਲਈ ਹੈ।
ਪੁਲਿਸ ਨੇ ਬਰਾਮਦ ਸਾਰਾ ਸਾਮਾਨ ਕਬਜ਼ੇ ਵਿੱਚ ਲੈ ਕੇ ਚਾਰਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਅਤੇ ਉਨ੍ਹਾਂ ਦੇ ਸੰਭਾਵਿਤ ਟਿਕਾਣਿਆਂ ’ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।