ਮਿਲਟਰੀ ਇਲਾਕੇ 'ਚ ਗੈਰ-ਕਾਨੂੰਨੀ ਖੁਦਾਈ, ਬੱਦੋਵਾਲ ਐਮੂਨੀਸ਼ਨ ਡਿੱਪੂ ਨੇ ਚੁੱਕਿਆ ਮਾਮਲਾ; ਅਣਪਛਾਤਿਆਂ ਖ਼ਿਲਾਫ਼ ਚੋਰੀ ਦਾ ਕੇਸ ਦਰਜ
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ 17 ਫੀਲਡ ਐਮੂਨੀਸ਼ਨ ਡਿਪੂ, ਬੱਦੋਵਾਲ ਦੇ ਪ੍ਰਸ਼ਾਸਕੀ ਅਧਿਕਾਰੀ ਲੈਫਟੀਨੈਂਟ ਕਰਨਲ ਨੇ ਦੱਸਿਆ ਕਿ ਡਿਪੂ ਦੇ ਅਧਿਸੂਚਿਤ ਸੁਰੱਖਿਆ ਖੇਤਰ ਅੰਦਰ ਕੁਝ ਵਿਅਕਤੀਆਂ ਵੱਲੋਂ ਖੁਦਾਈ ਕੀਤੀ ਜਾ ਰਹੀ ਸੀ। ਫੌਜੀ ਅਧਿਕਾਰੀਆਂ ਵੱਲੋਂ ਇਸ ਸਬੰਧੀ ਪਿੰਡ ਇਆਲੀ ਕਲਾਂ ਦੇ ਸਰਪੰਚ ਨੂੰ ਵੀ ਸੂਚਿਤ ਕੀਤਾ ਗਿਆ ਸੀ ਅਤੇ ਖੁਦਾਈ ਰੋਕਣ ਲਈ ਕਿਹਾ ਗਿਆ ਸੀ, ਪਰ ਇਸ ਦੇ ਬਾਵਜੂਦ ਖੁਦਾਈ ਦੀ ਕਾਰਵਾਈ ਜਾਰੀ ਰਹੀ।
Publish Date: Sun, 31 May 2026 12:02 PM (IST)
Updated Date: Sun, 31 May 2026 12:05 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ: ਫੌਜੀ ਮਹੱਤਤਾ ਵਾਲੇ ਬੱਦੋਵਾਲ ਸਥਿਤ 17 ਫੀਲਡ ਐਮੂਨੀਸ਼ਨ ਡਿਪੂ ਦੇ ਅਧਿਸੂਚਿਤ ਸੁਰੱਖਿਆ ਖੇਤਰ ਅੰਦਰ ਕਥਿਤ ਤੌਰ 'ਤੇ ਗੈਰ-ਕਾਨੂੰਨੀ ਖੁਦਾਈ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਰਾਭਾ ਨਗਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਇਲਾਕਾ ਫੌਜੀ ਸੁਰੱਖਿਆ ਦੇ ਨਜ਼ਰੀਏ ਨਾਲ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ, ਜਿੱਥੇ ਲੰਬੇ ਸਮੇਂ ਤੋਂ ਉਸਾਰੀ ਅਤੇ ਖੁਦਾਈ ਵਰਗੀਆਂ ਗਤੀਵਿਧੀਆਂ 'ਤੇ ਪਾਬੰਦੀਆਂ ਲਾਗੂ ਹਨ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ 17 ਫੀਲਡ ਐਮੂਨੀਸ਼ਨ ਡਿਪੂ, ਬੱਦੋਵਾਲ ਦੇ ਪ੍ਰਸ਼ਾਸਕੀ ਅਧਿਕਾਰੀ ਲੈਫਟੀਨੈਂਟ ਕਰਨਲ ਨੇ ਦੱਸਿਆ ਕਿ ਡਿਪੂ ਦੇ ਅਧਿਸੂਚਿਤ ਸੁਰੱਖਿਆ ਖੇਤਰ ਅੰਦਰ ਕੁਝ ਵਿਅਕਤੀਆਂ ਵੱਲੋਂ ਖੁਦਾਈ ਕੀਤੀ ਜਾ ਰਹੀ ਸੀ। ਫੌਜੀ ਅਧਿਕਾਰੀਆਂ ਵੱਲੋਂ ਇਸ ਸਬੰਧੀ ਪਿੰਡ ਇਆਲੀ ਕਲਾਂ ਦੇ ਸਰਪੰਚ ਨੂੰ ਵੀ ਸੂਚਿਤ ਕੀਤਾ ਗਿਆ ਸੀ ਅਤੇ ਖੁਦਾਈ ਰੋਕਣ ਲਈ ਕਿਹਾ ਗਿਆ ਸੀ, ਪਰ ਇਸ ਦੇ ਬਾਵਜੂਦ ਖੁਦਾਈ ਦੀ ਕਾਰਵਾਈ ਜਾਰੀ ਰਹੀ।
ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਦਿਆਂ ਅਧਿਸੂਚਿਤ ਖੇਤਰ ਵਿੱਚ ਖੁਦਾਈ ਕੀਤੀ ਗਈ, ਜਿਸ ਕਾਰਨ ਫੌਜੀ ਅਧਿਕਾਰੀਆਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਇਸ ਦੇ ਆਧਾਰ 'ਤੇ ਥਾਣਾ ਸਰਾਭਾ ਨਗਰ ਪੁਲਿਸ ਨੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 303(2)(ਚੋਰੀ ) ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਬੱਦੋਵਾਲ ਐਮੂਨੀਸ਼ਨ ਡਿਪੂ ਦੇ ਆਲੇ-ਦੁਆਲੇ ਦਾ ਖੇਤਰ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ। ਇਸ ਕਾਰਨ ਇੱਥੇ ਕਿਸੇ ਵੀ ਤਰ੍ਹਾਂ ਦੀ ਉਸਾਰੀ, ਖੁਦਾਈ ਜਾਂ ਹੋਰ ਵਿਕਾਸੀ ਗਤੀਵਿਧੀ ਲਈ ਸਬੰਧਤ ਅਧਿਕਾਰੀਆਂ ਦੀ ਮਨਜ਼ੂਰੀ ਲੈਣੀ ਲਾਜ਼ਮੀ ਹੁੰਦੀ ਹੈ। ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਖੁਦਾਈ ਕਰਨ ਵਾਲੇ ਵਿਅਕਤੀ ਕੌਣ ਸਨ ਅਤੇ ਉਨ੍ਹਾਂ ਦੇ ਮਕਸਦ ਕੀ ਸੀ।