ਸਲੇਮ ਟਾਬਰੀ ਥਾਣੇ ਬਾਹਰ ਗੁੱਥਮ-ਗੁੱਥਾ ਹੋਏ ਪਤੀ ਪਤਨੀ
ਘਰੇਲੂ ਕਲੇਸ਼ ਦੇ ਚਲਦੇ ਸਲੇਮ ਟਾਬਰੀ ਥਾਣੇ ਬਾਹਰ ਗੁੱਥਮ ਗੁੱਥਾ ਹੋਏ ਪਤੀ ਪਤਨੀ
Publish Date: Sat, 13 Jun 2026 08:29 PM (IST)
Updated Date: Sun, 14 Jun 2026 04:06 AM (IST)

ਇੱਕ ਦੂਜੇ ਦੇ ਪਾੜੇ ਕੱਪੜੇ, ਥਾਣੇ ਦੇ ਬਾਹਰ ਕੀਤਾ ਹਾਈ ਵੋਲਟੇਜ ਡਰਾਮਾ ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਘਰੇਲੂ ਵਿਵਾਦ ਦੇ ਚੱਲਦੇ ਥਾਣੇ ਸੱਦੇ ਗਏ ਪਤੀ ਪਤਨੀ ਨੇ ਥਾਣਾ ਸਲੇਮ ਟਾਬਰੀ ਦੇ ਬਾਹਰ ਇੱਕ-ਦੂਜੇ ਉਪਰ ਗੰਭੀਰ ਦੋਸ਼ ਲਾਉਂਦੇ ਹੋਏ ਹਾਈ ਵੋਲਟੇਜ ਡਰਾਮਾ ਸ਼ੁਰੂ ਕਰ ਦਿੱਤਾ। ਝਗੜੇ ਲਈ ਦਰਖਾਸਤ ਦੇਣ ਵਾਲੇ ਪਤੀ-ਪਤਨੀ ਅਤੇ ਦੋਨਾਂ ਦੇ ਪਰਿਵਾਰਕ ਮੈਂਬਰ ਥਾਣੇ ਦੇ ਬਾਹਰ ਹੀ ਇੱਕ-ਦੂਜੇ ਨਾਲ ਹੱਥੋਪਾਈ ਕਰਨ ਲੱਗ ਗਏ ਤੇ ਇਸ ਪਰਿਵਾਰਕ ਝਗੜੇ ਨੂੰ ਵੇਖਣ ਵਾਲੇ ਤਮਾਸ਼ਬੀਨਾਂ ਦੀ ਭੀੜ ਜੁਟਣ ਕਾਰਨ ਥਾਣੇ ਦੇ ਬਾਹਰ ਹੀ ਅਜੀਬੋ-ਗਰੀਬ ਮਾਹੌਲ ਬਣ ਗਿਆ। ਮਾਹੌਲ ਜ਼ਿਆਦਾ ਗਰਮ ਹੋਣ ’ਤੇ ਥਾਣੇ ਦੇ ਮੁਲਾਜ਼ਮਾਂ ਨੇ ਕਿਸੇ ਤਰ੍ਹਾਂ ਦੋਨਾਂ ਪੱਖਾਂ ਤੇ ਸਮਰਥਕਾਂ ਨੂੰ ਸ਼ਾਂਤ ਕਰਵਾ ਕੇ ਇਹ ਡਰਾਮਾ ਖਤਮ ਕੀਤਾ। ਘਟਨਾ ਸਲੇਮ ਟਾਬਰੀ ਥਾਣੇ ਦੇ ਬਾਹਰ ਅੰਜਾਮ ਹੋਈ ਜਿੱਥੇ ਪਰਿਵਾਰਕ ਝਗੜੇ ਦੀ ਸ਼ਿਕਾਇਤ ਮਿਲਣ ਮਗਰੋਂ ਤਫਤੀਸ਼ੀ ਅਧਿਕਾਰੀ ਨੇ ਪਤੀ-ਪਤਨੀ ਨੂੰ ਰਾਜ਼ੀਨਾਮੇ ਲਈ ਥਾਣੇ ਸੱਦਿਆ ਸੀ। ਇਸ ਦੌਰਾਨ ਦੋਨਾਂ ਵਿਚਕਾਰ ਤਲਖੀ ਵਾਲਾ ਮਾਹੌਲ ਬਣ ਗਿਆ ਅਤੇ ਦੋਨੋਂ ਹੀ ਪੱਖ ਇੱਕ ਦੂਜੇ ਉੱਪਰ ਗੰਭੀਰ ਦੋਸ਼ ਲਾਉਣ ਲੱਗ ਗਏ। ਗਾਲੀ ਗਲੋਚ ਮਗਰੋਂ ਗੱਲ ਹੱਥੋਪਾਈ ਤੱਕ ਪੁੱਜੀ ਤੇ ਦੋਨਾਂ ਨੇ ਇੱਕ ਦੂਜੇ ਦੇ ਕੱਪੜੇ ਫੜ ਕੇ ਖਿੱਚ ਧੂਹ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਝਗੜਾ ਕਰ ਰਹੇ ਪਰਿਵਾਰਕ ਮੈਂਬਰਾਂ ਦੇ ਕੱਪੜੇ ਵੀ ਫਟ ਗਏ। ਝਗੜੇ ਦੌਰਾਨ ਪਤੀ ਨੇ ਦੋਸ਼ ਲਾਏ ਕਿ ਉਨ੍ਹਾਂ ਵਿਚਕਾਰ ਰਾਜ਼ੀਨਾਮੇ ਦੀ ਗੱਲ ਤਾਂ ਚੱਲ ਰਹੀ ਸੀ ਪਰ ਪਤਨੀ ਦੀਆਂ ਭੈਣਾਂ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਬਿਨਾਂ ਵਜ੍ਹਾ ਕਲੇਸ਼ ਕਰਨਾ ਸ਼ੁਰੂ ਕਰ ਦਿੱਤਾ। ਪਤੀ ਨੇ ਆਪਣੀ ਪਤਨੀ ਦੇ ਚਰਿੱਤਰ ਉੱਪਰ ਵੀ ਸਵਾਲੀਆ ਨਿਸ਼ਾਨ ਲਾਉਂਦੇ ਹੋਏ ਪਤਨੀ ਦੇ ਮੋਬਾਈਲ ਫੋਨ ਦੀ ਕਾਲ ਡਟੇਲ ਕਢਵਾ ਕੇ ਜਾਂਚ ਕਰਨ ਦੀ ਮੰਗ ਤੱਕ ਕਰ ਦਿੱਤੀ। ਉਧਰ ਪਤਨੀ ਨੇ ਆਪਣੇ ਪਤੀ ਉੱਪਰ ਇਤਰਾਜ਼ਯੋਗ ਭਾਸ਼ਾ ਵਰਤਣ ਤੇ ਗੰਦੀਆਂ ਗਾਲਾਂ ਕੱਢਣ ਦੇ ਦੋਸ਼ ਲਾਏ। ਉਸ ਨੇ ਇਤਰਾਜ਼ ਜਤਾਇਆ ਕਿ ਆਪਣੇ ਪਰਿਵਾਰ ਦੀਆਂ ਝੂਠੀਆਂ ਗੱਲਾਂ ’ਤੇ ਭਰੋਸਾ ਕਰ ਕੇ ਪਤੀ ਬੇਵਜ੍ਹਾ ਉਸ ਦੇ ਚਰਿੱਤਰ ਉੱਪਰ ਸ਼ੱਕ ਕਰਦਾ ਹੈ। ਥਾਣਾ ਸਲੇਮ ਟਾਬਰੀ ਦੇ ਪੁਲਿਸ ਅਧਿਕਾਰੀਆਂ ਮੁਤਾਬਕ ਪਤੀ ਪਤਨੀ ਵਿਚਕਾਰ ਪਿਛਲੇ ਲੰਮੇ ਸਮੇਂ ਤੋਂ ਘਰੇਲੂ ਵਿਵਾਦ ਚੱਲ ਰਿਹਾ ਹੈ ਤੇ ਦੋਨਾਂ ਪੱਖਾਂ ਵੱਲੋਂ ਇੱਕ-ਦੂਜੇ ਖਿਲਾਫ ਕਈ ਵਾਰ ਸ਼ਿਕਾਇਤਾਂ ਦਿੱਤੀਆਂ ਗਈਆਂ। ਦੋਨਾਂ ਵਿਚਕਾਰ ਝਗੜੇ ਦੇ ਰਾਜ਼ੀਨਾਮੇ ਲਈ ਦੋਨਾਂ ਧਿਰਾਂ ਨੂੰ ਥਾਣੇ ਸੱਦਿਆ ਗਿਆ ਸੀ ਪਰ ਉਹ ਇੱਕ ਦੂਜੇ ਉੱਪਰ ਦੋਸ਼ ਲਾਉਂਦੇ ਹੋਏ ਆਪਸ ਵਿੱਚ ਭਿੜ ਗਏ। ਹਾਲਾਂਕਿ ਫੌਰੀ ਤੌਰ ’ਤੇ ਦੋਨਾਂ ਨੂੰ ਸਮਝਾ ਕੇ ਝਗੜਾ ਖਤਮ ਕਰਵਾ ਦਿੱਤਾ ਗਿਆ ਹੈ ਤੇ ਸ਼ਿਕਾਇਤਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।