ਪਲਾਟ ਵਿਵਾਦ ਦਾ ਖ਼ੌਫ਼ਨਾਕ ਅੰਤ: ਧਮਕੀਆਂ ਤੋਂ ਪਰੇਸ਼ਾਨ ਵਿਅਕਤੀ ਨੇ ਜ਼ਹਿਰ ਨਿਗਲ ਕੇ ਕੀਤੀ ਖ਼ੁਦਕੁਸ਼ੀ, ਇਲਾਕੇ 'ਚ ਸਨਸਨੀ ਪਲਾਟ ਦੀ ਰਜਿਸਟਰੀ ਨੂੰ ਲੈ ਕੇ ਚੱਲ ਰਹੇ ਵਿਵਾਦ ਅਤੇ ਕਥਿਤ ਧਮਕੀਆਂ ਤੋਂ ਪ੍ਰੇਸ਼ਾਨ ਇੱਕ ਵਿਅਕਤੀ ਵੱਲੋਂ ਜ਼ਹਿਰੀਲੀ ਚੀਜ਼ ਨਿਗਲਣ ਮਗਰੋਂ ਇਲਾਜ ਦੌਰਾਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਕੂੰਮਕਲਾਂ ਪੁਲਿਸ ਨੇ ਮ੍ਰਿਤਕ ਦੇ ਪੁੱਤਰ ਦੀ ਸ਼ਿਕਾਇਤ 'ਤੇ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Thu, 09 Jul 2026 01:24 PM (IST)
Updated Date: Thu, 09 Jul 2026 01:30 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਪਲਾਟ ਦੀ ਰਜਿਸਟਰੀ ਨੂੰ ਲੈ ਕੇ ਚੱਲ ਰਹੇ ਵਿਵਾਦ ਅਤੇ ਕਥਿਤ ਧਮਕੀਆਂ ਤੋਂ ਪ੍ਰੇਸ਼ਾਨ ਇੱਕ ਵਿਅਕਤੀ ਵੱਲੋਂ ਜ਼ਹਿਰੀਲੀ ਚੀਜ਼ ਨਿਗਲਣ ਮਗਰੋਂ ਇਲਾਜ ਦੌਰਾਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਕੂੰਮਕਲਾਂ ਪੁਲਿਸ ਨੇ ਮ੍ਰਿਤਕ ਦੇ ਪੁੱਤਰ ਦੀ ਸ਼ਿਕਾਇਤ 'ਤੇ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਅਰਜੁਨ ਕੁਮਾਰ ਵਾਸੀ ਪਿੰਡ ਪੰਗਲੀਆਂ ਨੇ ਦੱਸਿਆ ਕਿ ਉਸ ਦੇ ਪਿਤਾ ਪ੍ਰਵੀਨ ਕੁਮਾਰ ਨੇ ਪਿੰਡ ਹੀਰਾਂ ਵਿੱਚ 180 ਵਰਗ ਗਜ਼ ਦਾ ਇੱਕ ਪਲਾਟ ਖਰੀਦਿਆ ਸੀ। ਦੋਸ਼ ਹੈ ਕਿ ਪਲਾਟ ਦੀ ਪੂਰੀ ਰਕਮ ਲੈਣ ਦੇ ਬਾਵਜੂਦ ਵਿਕਰੇਤਾ ਨੇ ਰਜਿਸਟਰੀ ਨਹੀਂ ਕਰਵਾਈ। ਇੰਨਾ ਹੀ ਨਹੀਂ, ਉਹ ਉਸ ਦੇ ਪਿਤਾ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਰਿਹਾ।
ਸ਼ਿਕਾਇਤ ਅਨੁਸਾਰ, ਇਨ੍ਹਾਂ ਹਾਲਾਤਾਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋ ਕੇ ਪ੍ਰਵੀਨ ਕੁਮਾਰ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਉਨ੍ਹਾਂ ਨੂੰ ਤੁਰੰਤ ਸ਼ੇਰਪੁਰ ਚੌਕ ਸਥਿਤ ਅਪੋਲੋ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਉਪਰੰਤ ਥਾਣਾ ਕੂੰਮਕਲਾਂ ਪੁਲਿਸ ਨੇ ਪਿੰਡ ਹੀਰਾਂ ਦੇ ਰਹਿਣ ਵਾਲੇ ਅਵਤਾਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੇ ਹਰ ਪਹਿਲੂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।