- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਦਸਾ ਇੰਨਾ ਭਿਆਨਕ ਸੀ ਕਿ ਟੈਂਪੂ ਮਾਸੂਮ ਦੀ ਛਾਤੀ ਤੋਂ ਲੰਘ ਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਹਾਦਸਾ ਸੇਠੀ ਸਟੀਲ ਫੈਕਟਰੀ ਦੇ ਬਾਹਰ ਸੜਕ ’ਤੇ ਵਾਪਰਿਆ। ਮ੍ਰਿਤਕ ਬੱਚੀ ਦੀ ਮਾਂ ਲਵਲੀ ਬੇਗਮ ਸੇਠੀ ਸਟੀਲ ਫੈਕਟਰੀ ’ਚ ਸਾਈਕਲ ਦੀਆਂ ਸੀਟਾਂ ਬਣਾਉਣ ਦਾ ਕੰਮ ਕਰਦੀ ਹੈ। ਉਹ ਆਪਣੀ 2 ਸਾਲਾਂ ਧੀ ਮਨਤ ਪ੍ਰਵੀਨ ਨੂੰ ਵੀ ਆਪਣੇ ਨਾਲ ਫੈਕਟਰੀ ਲੈ ਕੇ ਆਉਂਦੀ ਸੀ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਫੈਕਟਰੀ ’ਚ ਕੰਮ ਕਰਨ ਵਾਲੀ ਔਰਤ ਆਪਣੀ 2 ਸਾਲਾਂ ਮਾਸੂਮ ਧੀ ਨੂੰ ਵੀ ਆਪਣੇ ਨਾਲ ਕੰਮ ਵਾਲੀ ਥਾਂ ’ਤੇ ਲੈ ਆਈ ਸੀ ਪਰ ਕਿਸੇ ਨੂੰ ਕੀ ਪਤਾ ਸੀ ਕਿ ਕੁੱਝ ਹੀ ਪਲਾਂ ਬਾਅਦ ਇਕ ਤੇਜ਼ ਰਫ਼ਤਾਰ ਟੈਂਪੂ ਇਸ ਨੰਨ੍ਹੀ ਜਿਹੀ ਜ਼ਿੰਦਗੀ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ। ਖੇਡਦੀ-ਖੇਡਦੀ ਫੈਕਟਰੀ ਤੋਂ ਬਾਹਰ ਆਈ ਮਾਸੂਮ ਬੱਚੀ ਜਿਵੇਂ ਹੀ ਸੜਕ ’ਤੇ ਪੁੱਜੀ ਤਾਂ ਤੇਜ਼ ਰਫ਼ਤਾਰ ਟੈਂਪੂ ਦੀ ਲਪੇਟ ’ਚ ਆ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਟੈਂਪੂ ਮਾਸੂਮ ਦੀ ਛਾਤੀ ਤੋਂ ਲੰਘ ਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਹਾਦਸਾ ਸੇਠੀ ਸਟੀਲ ਫੈਕਟਰੀ ਦੇ ਬਾਹਰ ਸੜਕ ’ਤੇ ਵਾਪਰਿਆ। ਮ੍ਰਿਤਕ ਬੱਚੀ ਦੀ ਮਾਂ ਲਵਲੀ ਬੇਗਮ ਸੇਠੀ ਸਟੀਲ ਫੈਕਟਰੀ ’ਚ ਸਾਈਕਲ ਦੀਆਂ ਸੀਟਾਂ ਬਣਾਉਣ ਦਾ ਕੰਮ ਕਰਦੀ ਹੈ। ਉਹ ਆਪਣੀ 2 ਸਾਲਾਂ ਧੀ ਮਨਤ ਪ੍ਰਵੀਨ ਨੂੰ ਵੀ ਆਪਣੇ ਨਾਲ ਫੈਕਟਰੀ ਲੈ ਕੇ ਆਉਂਦੀ ਸੀ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਬੱਚੀ ਦੇ ਪਿਤਾ ਨੇ ਦੱਸਿਆ ਕਿ ਕਰੀਬ 2.30 ਵਜੇ ਉਸ ਦੀ ਧੀ ਫੈਕਟਰੀ ’ਚ ਖੇਡ ਰਹੀ ਸੀ। ਇਸ ਦੌਰਾਨ ਉਹ ਅਚਾਨਕ ਫੈਕਟਰੀ ਦੇ ਗੇਟ ਰਾਹੀਂ ਬਾਹਰ ਸੜਕ ’ਤੇ ਆ ਗਈ। ਇਸੇ ਸਮੇਂ ਟੈਂਪੂ ਚਾਲਕ ਵਿਕਰਮ ਸ਼ਾਹ ਆਪਣੇ ਟੈਂਪੂ ਨੂੰ ਤੇਜ਼ ਰਫ਼ਤਾਰ ਨਾਲ ਚਲਾਉਂਦਾ ਹੋਇਆ ਉੱਥੋਂ ਲੰਘ ਰਿਹਾ ਸੀ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਜਾਂਚ ਦੌਰਾਨ ਸਾਹਮਣੇ ਆਇਆ ਕਿ ਮਾਸੂਮ ਪਹਿਲਾਂ ਫੈਕਟਰੀ ਤੋਂ ਬਾਹਰ ਆਈ ਫਿਰ ਵਾਪਸ ਅੰਦਰ ਚਲੇ ਗਈ ਤੇ ਕੁਝ ਪਲਾਂ ਬਾਅਦ ਤੇਜ਼ੀ ਨਾਲ ਦੌੜਦੀ ਹੋਈ ਮੁੜ ਸੜਕ ਵੱਲ ਆ ਗਈ। ਇਸ ਦੌਰਾਨ ਸੜਕ ਤੋਂ ਲੰਘ ਰਹੇ ਟੈਂਪੂ ਚਾਲਕ ਨੂੰ ਬੱਚੀ ਦੇ ਅਚਾਨਕ ਸਾਹਮਣੇ ਆ ਜਾਣ ਕਾਰਨ ਬਰੇਕ ਲਾਉਣ ਦਾ ਮੌਕਾ ਨਹੀਂ ਮਿਲਿਆ ਤੇ ਤੇਜ਼ ਰਫ਼ਤਾਰ ਟੈਂਪੂ ਨੇ ਮਾਸੂਮ ਨੂੰ ਕੁਚਲ ਦਿੱਤਾ। ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰ ਬੱਚੀ ਨੂੰ ਤੁਰੰਤ ਨੇੜਲੇ ਹਸਪਤਾਲ ਲੈ ਕੇ ਗਏ ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬਾਕਸ-- ਪੋਸਟਮਾਰਟਮ ਮਗਰੋਂ ਵਾਰਸਾਂ ਨੂੰ ਸੌਂਪੀ ਬੱਚੀ ਦੀ ਲਾਸ਼ ਨੰਨ੍ਹੀ ਬੱਚੀ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ’ਚ ਮਾਤਮ ਛਾ ਗਿਆ। ਪੁਲਿਸ ਅਨੁਸਾਰ ਬੱਚੀ ਪਰਿਵਾਰ ਦੀ ਇਕਲੌਤੀ ਔਲਾਦ ਸੀ। ਬੱਚੀ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ, ਜਿਸ ਮਗਰੋਂ ਪਰਿਵਾਰ ਨੇ ਨਮ ਅੱਖਾਂ ਨਾਲ ਉਸ ਦਾ ਅੰਤਿਮ ਸੰਸਕਾਰ ਕਰਦਿਆਂ ਰਸਮਾਂ ਅਨੁਸਾਰ ਦਫਨਾ ਦਿੱਤਾ। ਇਸ ਮਾਮਲੇ ’ਚ ਬੱਚੀ ਦੇ ਪਿਤਾ ਦੀ ਸ਼ਿਕਾਇਤ ’ਤੇ ਥਾਣਾ-6 ਦੀ ਪੁਲਿਸ ਨੇ ਟੈਂਪੂ ਚਾਲਕ ਵਿਕਰਮ ਸ਼ਾਹ ਵਾਸੀ ਸੁੰਦਰ ਨਗਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਸਮੇਤ ਮਾਮਲੇ ਨਾਲ ਸਬੰਧਤ ਸਾਰੇ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ।