- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ’ਚ ਸੋਮਵਾਰ ਦੇ ਮੁਕਾਬਲੇ ਤਿੰਨ ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਇਸੇ ਤਰ੍ਹਾਂ ਘੱਟੋ-ਘੱਟ ਤਾਪਮਾਨ ’ਚ 0.5 ਡਿਗਰੀ ਦੀ ਗਿਰਾਵਟ ਆਈ, ਪਰ ਇਹ ਆਮ ਨਾਲੋਂ 1.9 ਡਿਗਰੀ ਵੱਧ ਰਿਹਾ।

ਜਾਸ, ਲੁਧਿਆਣਾ : ਮੌਨਸੂਨ ਦੇ ਇਕ ਵਾਰ ਮੁੜ ਸਰਗਰਮ ਹੋਣ ਮੰਗਲਵਾਰ ਨੂੰ ਪੰਜਾਬ ਦੇ ਕਈ ਇਲਾਕਿਆਂ ’ਚ ਭਾਰੀ ਬਾਰਿਸ਼ ਹੋਈ। ਜਿੱਥੇ ਬਾਰਿਸ਼ ਨਹੀਂ ਪਈ ਉੱਥੇ ਵੀ ਸਾਰਾ ਦਿਨ ਬੱਦਲਵਾਈ ਰਹੀ।
ਆਈਐੱਮਡੀ (ਭਾਰਤੀ ਮੌਸਮ ਵਿਗਿਆਨ ਵਿਭਾਗ) ਚੰਡੀਗੜ੍ਹ ਮੁਤਾਬਕ ਸੋਮਵਾਰ ਅੱਧੀ ਰਾਤ ਤੋਂ ਬਾਅਦ ਮੰਗਲਵਾਰ ਸਵੇਰ ਤੱਕ ਰੂਪਨਗਰ ’ਚ ਸਭ ਤੋਂ ਵੱਧ 81.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਤੋਂ ਬਾਅਦ ਪਠਾਨਕੋਟ ’ਚ 77.5 ਮਿਲੀਮੀਟਰ, ਚੰਡੀਗੜ੍ਹ ਸ਼ਹਿਰ ’ਚ 58.6, ਮੋਹਾਲੀ ’ਚ 28.5, ਬਠਿੰਡਾ ’ਚ 20, ਅੰਮ੍ਰਿਤਸਰ ’ਚ 3.5, ਐੱਸਬੀਐੱਸ ਨਗਰ ’ਚ 15.2, ਲੁਧਿਆਣਾ ’ਚ 13.6, ਹੁਸ਼ਿਆਰਪੁਰ ’ਚ 4.8 ਤੇ ਜਲੰਧਰ ’ਚ 3.5 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਪੰਜਾਬ ’ਚ ਪਹਿਲੀ ਜੂਨ ਤੋਂ 28 ਜੁਲਾਈ ਤੱਕ 132.2 ਮਿਲੀਮੀਟਰ ਮੀਂਹ ਪੈ ਚੁੱਕਾ ਹੈ, ਜਦਕਿ ਆਮ ਮੀਂਹ 199.4 ਮਿਲੀਮੀਟਰ ਹੈ। ਹਾਲੇ ਵੀ ਆਮ ਨਾਲੋਂ 34 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ।
ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ’ਚ ਸੋਮਵਾਰ ਦੇ ਮੁਕਾਬਲੇ ਤਿੰਨ ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਇਸੇ ਤਰ੍ਹਾਂ ਘੱਟੋ-ਘੱਟ ਤਾਪਮਾਨ ’ਚ 0.5 ਡਿਗਰੀ ਦੀ ਗਿਰਾਵਟ ਆਈ, ਪਰ ਇਹ ਆਮ ਨਾਲੋਂ 1.9 ਡਿਗਰੀ ਵੱਧ ਰਿਹਾ। ਸੂਬੇ ਦਾ ਸਭ ਤੋਂ ਵੱਧ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਬਠਿੰਡਾ ’ਚ ਦਰਜ ਕੀਤਾ ਗਿਆ, ਜਦਕਿ ਸਭ ਤੋਂ ਘੱਟ ਘੱਟੋ-ਘੱਟ ਤਾਪਮਾਨ 24.4 ਡਿਗਰੀ ਸੈਲਸੀਅਸ ਪਠਾਨਕੋਟ ’ਚ ਰਿਕਾਰਡ ਹੋਇਆ।
ਵਿਭਾਗ ਮੁਤਾਬਕ ਚੰਡੀਗੜ੍ਹ ’ਚ ਦਿਨ ਦਾ ਤਾਪਮਾਨ 28.8 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ ਪੰਜ ਡਿਗਰੀ ਘੱਟ ਸੀ। ਪਟਿਆਲਾ ’ਚ 28.5 ਡਿਗਰੀ ਸੈਲਸੀਅਸ, ਮੋਹਾਲੀ ਤੇ ਐੱਸਬੀਐੱਸ ਨਗਰ ’ਚ 29.1, ਲੁਧਿਆਣਾ ’ਚ 30.0, ਗੁਰਦਾਸਪੁਰ, ਹੁਸ਼ਿਆਰਪੁਰ ਤੇ ਰੂਪਨਗਰ ’ਚ 31 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਦੂਜੇ ਪਾਸੇ ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ 29 ਜੁਲਾਈ ਨੂੰ ਸੂਬੇ ਦੇ ਕੁਝ ਇਲਾਕਿਆਂ ’ਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ, ਜਦਕਿ 30 ਜੁਲਾਈ ਤੋਂ 3 ਅਗਸਤ ਤੱਕ ਵੱਖ-ਵੱਖ ਥਾਵਾਂ ’ਤੇ ਭਾਰੀ ਮੀਂਹ ਪੈਣ ਦੇ ਆਸਾਰ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਸੱਤ ਦਿਨਾਂ ਤੱਕ ਮੌਨਸੂਨ ਸਰਗਰਮ ਰਹੇਗਾ ਤੇ ਕਈ ਜ਼ਿਲ੍ਹਿਆਂ ’ਚ ਰੁਕ-ਰੁਕ ਕੇ ਮੀਂਹ ਦਾ ਦੌਰ ਜਾਰੀ ਰਹੇਗਾ। ਲਗਾਤਾਰ ਹੋ ਰਹੇ ਮੀਂਹ ਕਾਰਨ ਤਾਪਮਾਨ ’ਚ ਗਿਰਾਵਟ ਆਵੇਗੀ ਤੇ ਲੋਕਾਂ ਨੂੰ ਉਮਸ ਤੋਂ ਰਾਹਤ ਮਿਲੇਗੀ।