ਪ੍ਰੈਕਟਿਸ ਲਈ ਨਿਕਲੀ 14 ਸਾਲਾ ਅੰਸ਼ਿਕਾ ਮੁੜ ਘਰ ਨਾ ਆਈ, ਇੱਟਾਂ ਨਾਲ ਭਰੀ ਟਰੈਕਟਰ-ਟਰਾਲੀ ਨੇ ਕੁਚਲਿਆ ਖੇਡਾਂ ਦਾ ਸੁਪਨਾ
ਅੰਸ਼ਿਕਾ ਦੇ ਪਿਤਾ ਅਮਿਤ ਰਾਏ ਪ੍ਰਿੰਟਿੰਗ ਪ੍ਰੈੱਸ 'ਚ ਕੰਮ ਕਰਦੇ ਹਨ, ਜਦਕਿ ਉਸ ਦੀ ਮਾਂ ਹਾਊਸਵਾਈਫ ਹੈ। ਪਰਿਵਾਰ 'ਚ ਅੰਸ਼ਿਕਾ ਦਾ 13 ਸਾਲਾ ਭਰਾ ਵੀ ਹੈ, ਜੋ ਉਸ ਦੇ ਨਾਲ ਨੌਵੀਂ ਜਮਾਤ 'ਚ ਪੜ੍ਹਦਾ ਹੈ। ਅੰਸ਼ਿਕਾ ਦੇ ਪਰਿਵਾਰ ਨੂੰ ਉਮੀਦ ਸੀ ਕਿ ਉਹ ਹੈਂਡਬਾਲ ਦੇ ਸਟੇਟ ਲੈਵਲ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਰਿਵਾਰ ਅਤੇ ਸਕੂਲ ਦਾ ਨਾਮ ਰੌਸ਼ਨ ਕਰੇਗੀ।
Publish Date: Tue, 06 Oct 2026 02:50 PM (IST)
Updated Date: Tue, 06 Oct 2026 02:54 PM (IST)
ਜਾਗਰਣ ਸੰਵਾਦਦਾਤਾ, ਲੁਧਿਆਣਾ : ਲੁਧਿਆਣਾ ਦੇ ਜੱਸੀਆਂ ਰੋਡ ਇਲਾਕੇ 'ਚ ਸੋਮਵਾਰ ਸ਼ਾਮ ਹੋਏ ਸੜਕ ਹਾਦਸੇ 'ਚ 14 ਸਾਲਾ ਉੱਭਰਦੀ ਹੋਈ ਹੈਂਡਬਾਲ ਖਿਡਾਰਨ ਅੰਸ਼ਿਕਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ। ਲੋਕਾਂ ਨੇ ਗੰਭੀਰ ਹਾਲਤ 'ਚ ਬੱਚੀ ਨੂੰ ਡੀਐਮਸੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਚੌਕੀ ਜਗਤਪੁਰੀ ਦੀ ਪੁਲਿਸ ਮੌਕੇ 'ਤੇ ਪਹੁੰਚੀ। ਚੌਕੀ ਜਗਤਪੁਰੀ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਕਿਹਾ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰ ਦੇ ਬਿਆਨ ਲੈਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਟਰੈਕਟਰ-ਟਰਾਲੀ ਅਤੇ ਚਾਲਕ ਦੋਵਾਂ ਨੂੰ ਹਿਰਾਸਤ 'ਚ ਲੈ ਲਿਆ ਹੈ।
ਜਾਣਕਾਰੀ ਮੁਤਾਬਕ ਅੰਸ਼ਿਕਾ ਐਲਪਾਈਨ ਸਕੂਲ 'ਚ ਨੌਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਉੱਥੇ ਹੀ ਹੈਂਡਬਾਲ ਦੀ ਪ੍ਰੈਕਟਿਸ ਵੀ ਕਰਦੀ ਸੀ। ਸੋਮਵਾਰ ਸ਼ਾਮ ਕਰੀਬ ਚਾਰ ਵਜੇ ਉਹ ਆਪਣੇ ਪਰਿਵਾਰਕ ਮੈਂਬਰ ਨਾਲ ਐਕਟਿਵਾ 'ਤੇ ਸਕੂਲ 'ਚ ਪ੍ਰੈਕਟਿਸ ਲਈ ਜਾ ਰਹੀ ਸੀ। ਜੱਸੀਆਂ ਰੋਡ 'ਤੇ ਪਹੁੰਚਣ ਦੌਰਾਨ ਇੱਟਾਂ ਨਾਲ ਲੱਦੀ ਟਰੈਕਟਰ-ਟਰਾਲੀ ਨੂੰ ਕਰਾਸ ਕਰਦੇ ਸਮੇਂ ਐਕਟਿਵਾ 'ਤੇ ਪਿੱਛੇ ਬੈਠੀ ਅੰਸ਼ਿਕਾ ਅਚਾਨਕ ਐਕਟਿਵਾ ਤੋਂ ਹੇਠਾਂ ਡਿੱਗ ਗਈ। ਇਸ ਦੌਰਾਨ ਟਰਾਲੀ ਦਾ ਟਾਇਰ ਉਸ ਦੇ ਉੱਪਰੋਂ ਲੰਘ ਗਿਆ। ਇਸ ਤੋਂ ਬਾਅਦ ਅੰਸ਼ਿਕਾ ਖੂਨ ਨਾਲ ਲਥਪਥ ਅਤੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ। ਹਾਦਸੇ ਤੋਂ ਤੁਰੰਤ ਬਾਅਦ ਅੰਸ਼ਿਕਾ ਨੂੰ ਗੰਭੀਰ ਹਾਲਤ 'ਚ ਡੀਐਮਸੀ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਨੇ ਉਸ ਨੂੰ ਬਚਾਉਣ ਲਈ ਕਾਫ਼ੀ ਕੋਸ਼ਿਸ਼ਾਂ ਕੀਤੀਆਂ, ਪਰ ਸੱਟਾਂ ਗੰਭੀਰ ਹੋਣ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਸਟੇਟ ਲੈਵਲ ਖੇਡਣ ਲਈ ਮੰਗਲਵਾਰ ਨੂੰ ਜਾਣਾ ਸੀ ਬਠਿੰਡਾ
ਅੰਸ਼ਿਕਾ ਦੇ ਪਿਤਾ ਅਮਿਤ ਰਾਏ ਪ੍ਰਿੰਟਿੰਗ ਪ੍ਰੈੱਸ 'ਚ ਕੰਮ ਕਰਦੇ ਹਨ, ਜਦਕਿ ਉਸ ਦੀ ਮਾਂ ਹਾਊਸਵਾਈਫ ਹੈ। ਪਰਿਵਾਰ 'ਚ ਅੰਸ਼ਿਕਾ ਦਾ 13 ਸਾਲਾ ਭਰਾ ਵੀ ਹੈ, ਜੋ ਉਸ ਦੇ ਨਾਲ ਨੌਵੀਂ ਜਮਾਤ 'ਚ ਪੜ੍ਹਦਾ ਹੈ। ਅੰਸ਼ਿਕਾ ਦੇ ਪਰਿਵਾਰ ਨੂੰ ਉਮੀਦ ਸੀ ਕਿ ਉਹ ਹੈਂਡਬਾਲ ਦੇ ਸਟੇਟ ਲੈਵਲ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਰਿਵਾਰ ਅਤੇ ਸਕੂਲ ਦਾ ਨਾਮ ਰੌਸ਼ਨ ਕਰੇਗੀ। ਮੰਗਲਵਾਰ ਨੂੰ ਉਸ ਨੇ ਬਠਿੰਡਾ 'ਚ ਹੋਣ ਵਾਲੇ ਮੈਚ ਲਈ ਰਵਾਨਾ ਹੋਣਾ ਸੀ, ਪਰ ਉਸ ਤੋਂ ਇਕ ਦਿਨ ਪਹਿਲਾਂ ਹੋਏ ਹਾਦਸੇ ਨੇ ਪਰਿਵਾਰ ਨੂੰ ਡੂੰਘੇ ਸਦਮੇ 'ਚ ਪਾ ਦਿੱਤਾ।
ਬਿਨਾਂ ਨੰਬਰ ਪਲੇਟ ਅਤੇ ਜੁਗਾੜੂ ਹਾਲਤ 'ਚ ਸੀ ਟਰੈਕਟਰ-ਟਰਾਲੀ
ਹਾਦਸੇ ਤੋਂ ਬਾਅਦ ਲੋਕਾਂ ਨੇ ਇੱਟਾਂ ਨਾਲ ਲੱਦੀ ਟਰੈਕਟਰ-ਟਰਾਲੀ ਦੇ ਚਾਲਕ ਨੂੰ ਘੇਰ ਲਿਆ। ਉਸ ਨੂੰ ਫੜ ਕੇ ਕੁੱਟਿਆ ਗਿਆ ਅਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਟਰੈਕਟਰ-ਟਰਾਲੀ ਖਸਤਾ ਹਾਲਤ 'ਚ ਸੀ। ਉਸ ਦੇ ਨਾ ਅੱਗੇ ਨੰਬਰ ਪਲੇਟ ਸੀ ਅਤੇ ਨਾ ਹੀ ਪਿੱਛੇ। ਉਹ ਕਿਸੇ ਜੁਗਾੜੂ ਵਾਹਨ ਵਰਗੀ ਲੱਗ ਰਹੀ ਸੀ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਜਦੋਂ ਹਾਦਸਾ ਹੋਇਆ ਤਾਂ ਚਾਲਕ ਦੀ ਬ੍ਰੇਕ ਤੱਕ ਨਹੀਂ ਲੱਗੀ। ਹਾਲਾਂਕਿ ਪੁਲਿਸ ਇਨ੍ਹਾਂ ਸਾਰੇ ਤੱਥਾਂ ਦੀ ਜਾਂਚ ਕਰ ਰਹੀ ਹੈ।