Punjab News : ਚਿਤਾ 'ਚੋਂ ਅੱਧਸੜੀ ਲਾਸ਼ ਕੱਢ ਕੇ ਸਿਰ ਧੜ ਨਾਲੋਂ ਕੀਤਾ ਵੱਖ, ਮੌਕੇ 'ਤੇ ਮਿਲੀ ਖ਼ੂਨ ਨਾਲ ਲਿਬੜੀ ਗੁੱਡੀ ਨਾਲ ਜਗਰਾਓਂ 'ਚ ਫੈਲੀ ਸਨਸਨੀ
ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਅਣਪਛਾਤੇ ਲੋਕਾਂ ਨੇ ਮ੍ਰਿਤਕ ਦੇਹ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਉਸ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਸੀ। ਘਟਨਾ ਸਥਾਨ ਤੋਂ ਸ਼ਰਾਬ ਦੀਆਂ ਬੋਤਲਾਂ, ਖੂਨ ਨਾਲ ਲੱਥਪੱਥ ਗੁੱਡੀ, ਗੁੱਡੀ ਦੇ ਗਲੇ 'ਚ ਲੋਹੇ ਦੀ ਜ਼ੰਜੀਰ ਪਾ ਕੇ ਲਗਾਇਆ ਗਿਆ ਤਾਲਾ, ਕੁਝ ਤਸਵੀਰਾਂ, ਦੀਵੇ, ਸਬਜ਼ੀ ਅਤੇ ਰੋਟੀ ਸਮੇਤ ਕਈ ਸ਼ੱਕੀ ਵਸਤੂਆਂ ਵੀ ਮਿਲੀਆਂ।
Publish Date: Sat, 14 Nov 2026 02:39 PM (IST)
Updated Date: Sat, 14 Nov 2026 02:47 PM (IST)
ਸੰਵਾਦ ਸਹਿਯੋਗੀ, ਜਗਰਾਓਂ : ਥਾਣਾ ਸੁਧਾਰ ਅਧੀਨ ਪਿੰਡ ਹਲਵਾਰਾ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੰਟਰਨੈਸ਼ਨਲ ਏਅਰਪੋਰਟ ਰੋਡ ਸਥਿਤ ਸ਼ਮਸ਼ਾਨਘਾਟ 'ਚ ਸਸਕਾਰ ਤੋਂ ਬਾਅਦ ਇਕ ਮ੍ਰਿਤਕ ਦੇਹ ਨਾਲ ਕਥਿਤ ਤੌਰ 'ਤੇ ਛੇੜਛਾੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਉਣ ਨਾਲ ਇਲਾਕੇ 'ਚ ਹੜਕੰਪ ਮਚ ਗਿਆ ਹੈ। ਕਰੀਬ 38 ਸਾਲਾ ਜਗਜੀਤ ਸਿੰਘ ਦੇ ਸਸਕਾਰ ਤੋਂ ਅਗਲੇ ਦਿਨ ਜਦੋਂ ਪਰਿਵਾਰਕ ਮੈਂਬਰ ਅਸਥੀਆਂ ਦੀ ਰਸਮ ਨਿਭਾਉਣ ਲਈ ਸ਼ਮਸ਼ਾਨਘਾਟ ਪਹੁੰਚੇ ਤਾਂ ਉੱਥੋਂ ਦਾ ਦ੍ਰਿਸ਼ ਦੇਖ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਅਣਪਛਾਤੇ ਲੋਕਾਂ ਨੇ ਮ੍ਰਿਤਕ ਦੇਹ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਉਸ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਸੀ। ਘਟਨਾ ਸਥਾਨ ਤੋਂ ਸ਼ਰਾਬ ਦੀਆਂ ਬੋਤਲਾਂ, ਖੂਨ ਨਾਲ ਲੱਥਪੱਥ ਗੁੱਡੀ, ਗੁੱਡੀ ਦੇ ਗਲੇ 'ਚ ਲੋਹੇ ਦੀ ਜ਼ੰਜੀਰ ਪਾ ਕੇ ਲਗਾਇਆ ਗਿਆ ਤਾਲਾ, ਕੁਝ ਤਸਵੀਰਾਂ, ਦੀਵੇ, ਸਬਜ਼ੀ ਅਤੇ ਰੋਟੀ ਸਮੇਤ ਕਈ ਸ਼ੱਕੀ ਵਸਤੂਆਂ ਵੀ ਮਿਲੀਆਂ।
ਜਾਣਕਾਰੀ ਅਨੁਸਾਰ ਹਲਵਾਰਾ ਵਾਸੀ ਜਗਜੀਤ ਸਿੰਘ ਨੇ ਜ਼ਹਿਰੀਲੀ ਦਵਾਈ ਦਾ ਸੇਵਨ ਕਰ ਕੇ ਖ਼ੁਦਕੁਸ਼ੀ ਕਰ ਲਈ ਸੀ। ਇਸ ਤੋਂ ਬਾਅਦ ਪਰਿਵਾਰ ਨੇ ਸਿੱਖ ਰੀਤੀ-ਰਿਵਾਜਾਂ ਅਨੁਸਾਰ ਏਅਰਪੋਰਟ ਰੋਡ ਸਥਿਤ ਸ਼ਮਸ਼ਾਨਘਾਟ 'ਚ ਉਨ੍ਹਾਂ ਦਾ ਸਸਕਾਰ ਕੀਤਾ ਸੀ।
ਅਗਲੇ ਦਿਨ ਜਦੋਂ ਪਰਿਵਾਰਕ ਮੈਂਬਰ ਫੁੱਲ ਚੁਗਣ ਲਈ ਸ਼ਮਸ਼ਾਨਘਾਟ ਪਹੁੰਚੇ ਤਾਂ ਉਨ੍ਹਾਂ ਨੂੰ ਮ੍ਰਿਤਕ ਦੇਹ ਨਾਲ ਹੋਈ ਕਥਿਤ ਛੇੜਛਾੜ ਬਾਰੇ ਪਤਾ ਲੱਗਾ। ਇਹ ਦ੍ਰਿਸ਼ ਦੇਖ ਕੇ ਪਰਿਵਾਰਕ ਮੈਂਬਰ ਡੂੰਘੇ ਸਦਮੇ 'ਚ ਆ ਗਏ।
ਪਰਿਵਾਰਕ ਮੈਂਬਰਾਂ ਅਨੁਸਾਰ ਘਟਨਾ ਸਥਾਨ 'ਤੇ ਜਿਸ ਤਰ੍ਹਾਂ ਸ਼ੱਕੀ ਸਾਮਾਨ ਖਿੱਲਰਿਆ ਪਿਆ ਸੀ, ਉਸ ਤੋਂ ਉਨ੍ਹਾਂ ਨੂੰ ਕਿਸੇ ਯੋਜਨਾਬੱਧ ਗਤੀਵਿਧੀ ਦਾ ਸ਼ੱਕ ਹੈ। ਖੂਨ ਨਾਲ ਲੱਥਪੱਥ ਗੁੱਡੀ, ਲੋਹੇ ਦੀ ਜ਼ੰਜੀਰ ਅਤੇ ਤਾਲਾ, ਦੀਵੇ ਤੇ ਹੋਰ ਵਸਤੂਆਂ ਮਿਲਣ ਤੋਂ ਬਾਅਦ ਪਰਿਵਾਰ ਨੇ ਕਥਿਤ ਤਾਂਤਰਿਕ ਗਤੀਵਿਧੀਆਂ ਦੀ ਸ਼ੱਕੀ ਭੂਮਿਕਾ ਦਾ ਖਦਸ਼ਾ ਵੀ ਜਤਾਇਆ ਹੈ।
ਹਾਲਾਂਕਿ, ਇਨ੍ਹਾਂ ਖਦਸ਼ਿਆਂ ਦੀ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਮਾਮਲੇ 'ਚ ਘਟਨਾ ਸਥਾਨ ਤੋਂ ਇਕ ਨਾਮੀ ਫੋਟੋ ਸਟੂਡੀਓ ਦਾ ਲਿਫ਼ਾਫ਼ਾ ਮਿਲਣ ਦੀ ਗੱਲ ਵੀ ਸਾਹਮਣੇ ਆਈ ਹੈ। ਪਰਿਵਾਰ ਦਾ ਦਾਅਵਾ ਹੈ ਕਿ ਇਸ ਲਿਫ਼ਾਫ਼ੇ ਦੇ ਆਧਾਰ 'ਤੇ ਉਨ੍ਹਾਂ ਨੂੰ ਕੁਝ ਸ਼ੱਕੀ ਵਿਅਕਤੀਆਂ ਬਾਰੇ ਜਾਣਕਾਰੀ ਮਿਲੀ ਹੈ।
ਪਰਿਵਾਰਕ ਮੈਂਬਰਾਂ ਨੇ ਆਪਸੀ ਰੰਜਿਸ਼ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤੇ ਜਾਣ ਦਾ ਖਦਸ਼ਾ ਜਤਾਉਂਦਿਆਂ ਇਕ ਮਹਿਲਾ ਸਮੇਤ ਕੁਝ ਹੋਰ ਲੋਕਾਂ ਦੀ ਭੂਮਿਕਾ 'ਤੇ ਵੀ ਸ਼ੱਕ ਪ੍ਰਗਟਾਇਆ ਹੈ। ਪਰਿਵਾਰ ਨੂੰ ਇਸ ਮਾਮਲੇ 'ਚ ਹੋਰ ਲੋਕਾਂ ਦੀ ਮਿਲੀਭੁਗਤ ਹੋਣ ਦਾ ਵੀ ਖਦਸ਼ਾ ਹੈ।
ਪਰਿਵਾਰ ਦਾ ਕਹਿਣਾ ਹੈ ਕਿ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੇ ਅੰਤਿਮ ਸਸਕਾਰ ਦੀ ਮਰਿਆਦਾ ਅਤੇ ਧਾਰਮਿਕ ਪਰੰਪਰਾਵਾਂ ਦਾ ਸਤਿਕਾਰ ਕਰਨਾ ਹਰੇਕ ਵਿਅਕਤੀ ਦਾ ਫ਼ਰਜ਼ ਹੈ। ਮ੍ਰਿਤਕ ਦੇਹ ਨਾਲ ਇਸ ਤਰ੍ਹਾਂ ਦੀ ਕਥਿਤ ਹਰਕਤ ਨਾ ਸਿਰਫ਼ ਅਣਮਨੁੱਖੀ ਹੈ, ਸਗੋਂ ਇਸ ਨਾਲ ਪਰਿਵਾਰ ਦੀਆਂ ਧਾਰਮਿਕ, ਸਮਾਜਿਕ ਅਤੇ ਭਾਵਨਾਤਮਕ ਭਾਵਨਾਵਾਂ ਨੂੰ ਵੀ ਡੂੰਘੀ ਸੱਟ ਵੱਜੀ ਹੈ।
ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਘਟਨਾ ਸਥਾਨ ਦੀ ਬਾਰੀਕੀ ਨਾਲ ਜਾਂਚ ਕਰਵਾਉਣ, ਉੱਥੋਂ ਮਿਲੇ ਸ਼ੱਕੀ ਸਾਮਾਨ ਅਤੇ ਤਸਵੀਰਾਂ ਦੀ ਪੜਤਾਲ ਕਰਨ ਅਤੇ ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਜਾਂਚ 'ਚ ਇਸ ਸਨਸਨੀਖੇਜ਼ ਘਟਨਾ ਪਿੱਛੇ ਕਿਹੜੇ ਲੋਕਾਂ ਦਾ ਹੱਥ ਸਾਹਮਣੇ ਆਉਂਦਾ ਹੈ ਅਤੇ ਇਸ ਦਾ ਅਸਲ ਕਾਰਨ ਕੀ ਨਿਕਲਦਾ ਹੈ।