ਗਿਆਨੀ ਰਘਬੀਰ ਸਿੰਘ ਨੂੰ ਪੰਥ ’ਚੋਂ ਤੁਰੰਤ ਛੇਕਣਾ ਚਾਹੀਦਾ ਹੈ : ਗਿਆਨੀ ਰਣਜੀਤ ਸਿੰਘ
ਗਿਆਨੀ ਰਘਬੀਰ ਸਿੰਘ ਨੂੰ ਸਿੱਖ ਪੰਥ ਵਿੱਚੋਂ ਤੁਰੰਤ ਛੇਕਣਾ ਚਾਹੀਦਾ ਹੈ-ਗਿਆਨੀ ਰਣਜੀਤ ਸਿੰਘ ਗਉਹਰ-ਏ-ਮਸਕੀਨ
Publish Date: Sat, 13 Jun 2026 08:47 PM (IST)
Updated Date: Sun, 14 Jun 2026 04:07 AM (IST)

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਗਉਹਰ-ਏ-ਮਸਕੀਨ ਨੇ ਪਿੰਡ ਸਲੇਮਪੁਰ ਨੇੜੇ ਹੰਬੜਾਂ ਲੁਧਿਆਣਾ ਵਿਖੇ ਪੰਜਾਬੀ ਜਾਗਰਣ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੋਟਕਪੁਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਪੁਲਿਸ ਜਾਂਚ ਕਮੇਟੀ ਅੱਗੇ ਜੋ ਬਿਆਨ ਦਰਜ ਕਰਵਾਏ ਹਨ, ਉਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਦੇ ਬਿਲਕੁਲ ਉਲਟ ਹੈ। ਸਾਬਕਾ ਜਥੇਦਾਰ ਨੇ ਸਟੇਟਮੈਂਟ ਦੇ ਕੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਘੋਰ ਉਲੰਘਣਾ ਕੀਤੀ ਹੈ। ਜਥੇਦਾਰ ਗਉਹਰ-ਏ-ਮਸਕੀਨ ਨੇ ਅੱਗੇ ਕਿਹਾ ਕਿ ਗਿਆਨੀ ਰਘਬੀਰ ਸਿੰਘ ਨੇ ਸਿੱਖਾਂ ਦੇ ਸਰਵ-ਉੱਚ ਅਸਥਾਨ ਦੇ ਫੈਸਲੇ ਦਾ ਅਪਮਾਨ ਕਰਕੇ ਸਿੱਖ ਪੰਥ ਦੇ ਅਕਸ ਨੂੰ ਧੁੰਦਲਾ ਕਰਨ ਦੀ ਜੋ ਕੋਸ਼ਿਸ਼ ਕੀਤੀ ਗਈ ਹੈ, ਜਿਸ ਦੀ ਉਹ ਘੋਰ ਨਿੰਦਿਆ ਕਰਦੇ ਹਨ, ਕਿਉਂਕਿ ਸਿੱਖ ਇਤਿਹਾਸ ਵਿੱਚ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ। ਉਨ੍ਹਾਂ ਅੱਗੇ ਕਿਹਾ ਕਿ ਗਿਆਨੀ ਰਘਬੀਰ ਸਿੰਘ ਨੇ ਜਿਸ ਮਹਾਨ ਸੰਸਥਾ ਵਿੱਚੋਂ ਆਪਣਾ ਘਰ ਚਲਾਇਆ, ਉਸ ਦੀ ਪਿੱਠ ਤੇ ਵਾਰ ਕੀਤਾ ਹੈ, ਜਿਸ ਕਰਕੇ ਸਿੱਖ ਪੰਥ ਕਦੇ ਵੀ ਉਨ੍ਹਾਂ ਨੂੰ ਮੁਆਫ ਨਹੀਂ ਕਰੇਗਾ, ਜਦਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖਤ ਅੱਗੇ ਸਿਰ ਝੁਕਾ ਕੇ ਪੇਸ਼ ਹੁੰਦਿਆਂ ਸਾਰੇ ਗੁਨਾਹਾਂ ਨੂੰ ਆਪਣੀ ਝੋਲੀ ਵਿਚ ਪੁਵਾ ਲਿਆ ਸੀ> ਇਸ ਲਈ ਗਿਆਨੀ ਰਘਬੀਰ ਸਿੰਘ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਉਪਰ ਹੋਈ ਕਾਰਵਾਈ, ਸਬੰਧੀ ਜਾਂਚ ਕਮੇਟੀ ਅੱਗੇ ਬਿਆਨ ਦੇ ਕੇ ਆਪਣੀ ਸਟੇਟਮੈਂਟ ਦਰਜ ਨਹੀਂ ਕਰਵਾਉਣੀ ਚਾਹੀਦੀ ਸੀ। ਜੱਥੇਦਾਰ ਮਸਕੀਨ ਨੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੋਂ ਮੰਗ ਕੀਤੀ ਹੈ ਕਿ ਗਿਆਨੀ ਰਘਬੀਰ ਸਿੰਘ ਨੂੰ ਸਿੱਖ ਪੰਥ |ਚੋਂ ਛੇਕ ਦੇਣਾ ਚਾਹੀਦਾ ਹੈ। ਉਨ੍ਹਾਂ ਅਖੀਰ ਵਿੱਚ ਕਿਹਾ ਕਿ ਗਿਆਨੀ ਰਘਬੀਰ ਸਿੰਘ ਨੇ ਸਿੱਖ ਪੰਥ ਵਿਰੋਧੀ ਕਿਸੇ ਅਨਸਰ ਦੇ ਕਹਿਣ ਤੇ ਸਿੱਟ ਅੱਗੇ ਸਟੇਟਮੈਂਟ ਦਿੱਤੀ ਹੈ, ਜਦਕਿ ਗਿਆਨੀ ਰਘਬੀਰ ਸਿੰਘ ਨੂੰ ਅਜਿਹਾ ਕਰਨ ਤੋਂ ਪਹਿਲਾਂ 100 ਵਾਰ ਸੋਚਣਾ ਚਾਹੀਦਾ ਸੀ। ਇਸ ਮੌਕੇ ਜਥੇਦਾਰ ਜਸਵੰਤ ਸਿੰਘ ਛਾਪਾ ਵੀ ਮੌਜੂਦ ਸਨ।