ਭਾਜਪਾ ਦੇ ਕੌਮੀ ਪ੍ਰਧਾਨ ਨਬੀਨ ਵੱਲੋਂ ਪਦਮ ਵਿਭੂਸ਼ਣ ਸਰਦਾਰਾ ਸਿੰਘ ਜੌਹਲ ਨਾਲ ਮੁਲਾਕਾਤ
ਜਨਰਲ ਲਈ-ਭਾਜਪਾ ਦੇ ਕੌਮੀ ਪ੍ਰਧਾਨ ਨਬੀਨ ਵੱਲੋਂ ਪਦਮ ਵਿਭੂਸ਼ਣ ਸਰਦਾਰਾ ਸਿੰਘ ਜੌਹਲ ਨਾਲ ਮੁਲਾਕਾਤ
Publish Date: Mon, 22 Jun 2026 07:18 PM (IST)
Updated Date: Mon, 22 Jun 2026 07:19 PM (IST)

-ਪੰਜਾਬ ਦੇ ਮੂਲ ਖੇਤੀ ਢਾਂਚੇ ਨੂੰ ਸਮਝਣ ਲਈ ਨਬੀਨ ਦੀ ਜੌਹਲ ਨਾਲ ਮਿਲਣੀ ਸਾਰਥਕ ਸਿੱਧ ਹੋਵੇਗੀ -ਨਬੀਨ ਨੇ ਡਾ. ਜੌਹਲ ਨੂੰ ਭਾਜਪਾ ਦੇ 12 ਸਾਲਾਂ ’ਚ ਕੀਤੇ ਕੰਮਾਂ ’ਤੇ ਛਪੀ ਇੱਕ ਪੁਸਤਕ ਕੀਤੀ ਭੇਟ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਆਪਣੀ ਲੁਧਿਆਣਾ ਫ਼ੇਰੀ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਵੱਲੋਂ ਪੀਏਯੂ ਦੇ ਸਾਬਕਾ ਉਪ ਕੁਲਪਤੀ, ਖੇਤੀ ਮਾਹਿਰ, ਅਰਥ ਸ਼ਾਸਤਰੀ ਤੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਸਾਬਕਾ ਕੁਲਪਤੀ ਪਦਮ ਵਿਭੂਸ਼ਣ ਡਾ. ਸਰਦਾਰਾ ਸਿੰਘ ਜੌਹਲ ਨਾਲ ਮੁਲਾਕਾਤ ਕੀਤੀ। ਡਾ. ਜੌਹਲ ਨਾਲ ਮੁਲਾਕਾਤ ਕਰ ਕੇ ਨਬੀਨ ਨੇ ਪੰਜਾਬ ਦੀ ਕਿਸਾਨੀ ਅਤੇ ਖੇਤੀ ਸੰਕਟ ਦੇ ਨਿਵਾਰਨ ਦੇ ਨੁਕਤਿਆਂ ਬਾਰੇ ਚਰਚਾ ਕੀਤੀ। ਜਿਸ ਦੌਰਾਨ ਉਨ੍ਹਾਂ ਨੇ ਡਾ. ਜੌਹਲ ਨਾਲ ਪੰਜਾਬ ਦੇ ਖੇਤੀਬਾੜੀ ਢਾਂਚੇ, ਪੰਜਾਬ ਦੀ ਖੇਤੀ ਤੇ ਖੇਤੀ ਸੰਕਟ ’ਤੇ ਗੰਭੀਰ ਚਰਚਾ ਕੀਤੀ ਅਤੇ ਨਬੀਨ ਨੇ ਡਾ. ਜੌਹਲ ਦੇ ਸੁਝਾਅ ਤੇ ਕਾਰਜਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਧੰਨਵਾਦ ਵੀ ਕੀਤਾ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਜੇਕਰ ਦੇਸ਼ ਦੀ ਰਾਸ਼ਟਰੀ ਪਾਰਟੀ ਪੰਜਾਬ ਦੇ ਖੇਤੀਬਾੜੀ ਸਿਸਟਮ ਨੂੰ ਭਲੀਭਾਂਤ ਜਾਣ ਲਵੇਗੀ ਤਾਂ ਪੰਜਾਬ ਸੂਬੇ ਤੇ ਪੰਜਾਬ ਦੇ ਕਿਸਾਨਾਂ ਦੀ ਖੁਸ਼ਹਾਲੀ ਸੰਭਵ ਹੋ ਸਕਦੀ ਹੈ। ਜੇਕਰ ਪੰਜਾਬ ਵਿੱਚ 2027 ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਤਾਂ ਜ਼ਰੂਰ ਪੰਜਾਬ ਦੀ ਖੇਤੀ , ਪੰਜਾਬ ਦੇ ਕਿਸਾਨ ਤੇ ਪੰਜਾਬ ਦੀ ਖੁਸ਼ਹਾਲੀ ਨੂੰ ਪਹਿਲ ਦੇ ਆਧਾਰ ’ਤੇ ਤਵੱਜੋ ਮਿਲੇਗੀ। ਨਬੀਨ ਨੇ ਡਾ. ਜੌਹਲ ਨੂੰ ਭਾਜਪਾ ਦੇ 12 ਸਾਲਾਂ ਵਿੱਚ ਕੀਤੇ ਕੰਮਾਂ ’ਤੇ ਛਪੀ ਇੱਕ ਪੁਸਤਕ ਵੀ ਭੇਟ ਕੀਤੀ। ਇਸ ਵਿਸ਼ੇਸ਼ ਮਿਲਣੀ ਮੌਕੇ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਜਨਰਲ ਸਕੱਤਰ ਅਨਿਲ ਸਰੀਨ, ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਜਿਸ ਸਮੇਂ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਅੰਦੋਲਨ ਚੱਲ ਰਿਹਾ ਸੀ ਤਾਂ ਉਸ ਸਮੇਂ ਡਾ. ਜੌਹਲ ਨੇ ਕਿਹਾ ਸੀ ਕਿ 23 ਫ਼ਸਲਾਂ ਦੀ ਖ਼ਰੀਦ ਦੀ ਕਾਨੂੰਨੀ ਗਾਰੰਟੀ ਦੇਣਾ ਸਰਕਾਰ ਲਈ ਵਿੱਤੀ ਤੌਰ ’ਤੇ ਮੁਸ਼ਕਲ ਹੈ। ਡਾ. ਜੌਹਲ ਨੇ ਇਸ ਦੀ ਬਜਾਏ ਫ਼ਸਲੀ ਵਿਭਿੰਨਤਾ ’ਤੇ ਜ਼ੋਰ ਦਿੱਤਾ ਸੀ। ਡਾ. ਜੌਹਲ ਪੰਜਾਬ ਨੂੰ ਕਣਕ-ਝੋਨੇ ਦੇ ਗੇੜ ਤੋਂ ਮੁਕਤ ਕਰਨ ਲਈ ‘ਜੌਹਲ ਪਲਾਨ’ ਵੀ ਦੇ ਚੁੱਕੇ ਹਨ, ਜਿਸ ਤਹਿਤ ਉਨ੍ਹਾਂ ਝੋਨੇ ਹੇਠੋਂ 20 ਫ਼ੀਸਦੀ ਰਕਬਾ ਕੱਢਣ ਦੀ ਗੱਲ ਰੱਖੀ ਸੀ ਅਤੇ ਬਦਲਵੀਂਆਂ ਫ਼ਸਲਾਂ ਦਾ ਮਸ਼ਵਰਾ ਦਿੱਤਾ ਸੀ।