- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਤਰਾਂ ਅਨੁਸਾਰ ਗਿਰੋਹ ਟਰਾਂਸਪੋਰਟ ਵਿਭਾਗ ਦੀ ਸਾਈਟ ਹੈਕ ਕਰਕੇ ਜਾਂ ਵਿਭਾਗ ਦੇ ਕੁਝ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਕਥਿਤ ਮਿਲੀਭੁਗਤ ਨਾਲ ਪੁਰਾਣੇ ਫੈਂਸੀ ਨੰਬਰਾਂ ਦੀ ਬੈਕਲਾਗ ਐਂਟਰੀ ਕਰਵਾ ਕੇ ਉਨ੍ਹਾਂ ਨੂੰ ਆਪਣੇ ਜਾਂ ਗਾਹਕਾਂ ਦੇ ਨਾਮ ਟਰਾਂਸਫਰ ਕਰਵਾ ਰਿਹਾ ਹੈ।

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ: ਪੰਜਾਬ ਵਿੱਚ 20 ਤੋਂ 30 ਸਾਲ ਪੁਰਾਣੀਆਂ ਸੀਰੀਜ਼ ਦੇ ਫੈਂਸੀ ਵਾਹਨ ਨੰਬਰ ਕਥਿਤ ਤੌਰ 'ਤੇ ਗੈਰ-ਕਾਨੂੰਨੀ ਢੰਗ ਨਾਲ ਆਪਣੇ ਜਾਂ ਗਾਹਕਾਂ ਦੇ ਨਾਮ ਕਰਵਾਉਣ ਵਾਲਾ ਇੱਕ ਗਿਰੋਹ ਸਰਗਰਮ ਹੋਣ ਦੇ ਦੋਸ਼ ਸਾਹਮਣੇ ਆਏ ਹਨ। ਸ਼ਿਕਾਇਤ ਮਿਲਣ ਮਗਰੋਂ ਆਰਟੀਓ ਲੁਧਿਆਣਾ ਨੇ ਪੀਬੀ-10 ਐਲ-0001 ਨੰਬਰ ਦੀ ਟਰਾਂਸਫਰ ਦੀ ਜਾਂਚ ਕਰਵਾਉਣ ਲਈ ਰਾਜ ਟਰਾਂਸਪੋਰਟ ਕਮਿਸ਼ਨਰ ਨੂੰ ਚਿੱਠੀ ਲਿਖੀ ਹੈ।
ਸੂਤਰਾਂ ਅਨੁਸਾਰ ਗਿਰੋਹ ਟਰਾਂਸਪੋਰਟ ਵਿਭਾਗ ਦੀ ਸਾਈਟ ਹੈਕ ਕਰਕੇ ਜਾਂ ਵਿਭਾਗ ਦੇ ਕੁਝ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਕਥਿਤ ਮਿਲੀਭੁਗਤ ਨਾਲ ਪੁਰਾਣੇ ਫੈਂਸੀ ਨੰਬਰਾਂ ਦੀ ਬੈਕਲਾਗ ਐਂਟਰੀ ਕਰਵਾ ਕੇ ਉਨ੍ਹਾਂ ਨੂੰ ਆਪਣੇ ਜਾਂ ਗਾਹਕਾਂ ਦੇ ਨਾਮ ਟਰਾਂਸਫਰ ਕਰਵਾ ਰਿਹਾ ਹੈ। ਇਨ੍ਹਾਂ ਨੰਬਰਾਂ ਨੂੰ ਲੱਖਾਂ ਰੁਪਏ ਵਿੱਚ ਵੇਚ ਕੇ ਕਥਿਤ ਤੌਰ 'ਤੇ ਵੱਡੀ ਠੱਗੀ ਕੀਤੀ ਜਾ ਰਹੀ ਹੈ।
ਆਰਟੀਓ ਮਨਕਵਲ ਸਿੰਘ ਚਾਹਲ ਨੇ ਟਰਾਂਸਪੋਰਟ ਕਮਿਸ਼ਨਰ ਨੂੰ ਲਿਖੀ ਚਿੱਠੀ ਵਿੱਚ ਦੱਸਿਆ ਕਿ ਇੱਕ ਸ਼ਿਕਾਇਤ ਮਿਲੀ ਹੈ, ਜਿਸ ਵਿੱਚ ਦੋਸ਼ ਹੈ ਕਿ ਪੀਬੀ-10 ਐਲ-0001 ਨੰਬਰ ਬਿਨਾਂ ਸਹਿਮਤੀ ਦੇ ਟਰਾਂਸਫਰ ਕੀਤਾ ਗਿਆ। ਦਫ਼ਤਰੀ ਰਿਕਾਰਡ ਦੀ ਜਾਂਚ ਦੌਰਾਨ ਇਸ ਸਬੰਧੀ ਕੋਈ ਸਪੱਸ਼ਟ ਰਿਕਾਰਡ ਨਹੀਂ ਮਿਲਿਆ। ਹਾਲਾਂਕਿ ਆਨਲਾਈਨ ਵਾਹਨ ਪੋਰਟਲ ਦੇ ਫਾਰਮ-24 ਵਿੱਚ ਨਿਖਿਲ ਸ਼ਰਮਾ ਦੇ ਵੇਰਵੇ ਦਰਜ ਹਨ।
ਚਿੱਠੀ ਵਿੱਚ ਐਨਆਈਸੀ ਤੋਂ ਇਹ ਵੇਰਵਾ ਮੰਗਿਆ ਗਿਆ ਹੈ ਕਿ ਉਕਤ ਨੰਬਰ ਕਿਸ ਮਿਤੀ ਨੂੰ, ਕਿਸ ਪ੍ਰਕਿਰਿਆ ਰਾਹੀਂ, ਕਿਸ ਅਧਿਕਾਰੀ ਦੀ ਮਨਜ਼ੂਰੀ ਨਾਲ ਅਤੇ ਕਿਸ ਵਾਹਨ ਤੇ ਵਿਅਕਤੀ ਦੇ ਨਾਮ ਟਰਾਂਸਫਰ ਕੀਤਾ ਗਿਆ। ਸੂਤਰਾਂ ਦਾ ਦਾਅਵਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣ 'ਤੇ ਅਜਿਹੇ ਹੋਰ ਕਈ ਫੈਂਸੀ ਨੰਬਰਾਂ ਦੀ ਟਰਾਂਸਫਰ ਦਾ ਵੀ ਖੁਲਾਸਾ ਹੋ ਸਕਦਾ ਹੈ।
ਜਾਂਚ ਮਗਰੋਂ ਹੀ ਸਥਿਤੀ ਹੋਵੇਗੀ ਸਪੱਸ਼ਟ : ਆਰਟੀਓ
ਆਰਟੀਓ ਮਨਕਵਲ ਸਿੰਘ ਚਾਹਲ ਨੇ ਕਿਹਾ ਕਿ ਟਰਾਂਸਪੋਰਟ ਕਮਿਸ਼ਨਰ ਨੂੰ ਭੇਜੀ ਚਿੱਠੀ ਦੇ ਜਵਾਬ ਮਗਰੋਂ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਸਾਈਟ ਹੈਕ ਹੋਣ ਜਾਂ ਹੋਰ ਕਿਸੇ ਤਰ੍ਹਾਂ ਦੀ ਧੋਖਾਧੜੀ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅਸਲ ਸਥਿਤੀ ਸਪੱਸ਼ਟ ਹੋਵੇਗੀ।