- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸੇ ਦੌਰਾਨ ਚਿੱਟੇ ਰੰਗ ਦੀ ਟੀਵੀਐੱਸ ਜੁਪੀਟਰ ਸਕੂਟਰੀ ਨੂੰ ਕਾਰ ਚਾਲਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਸਕੂਟਰੀ ਸਵਾਰ ਗਗਨਪ੍ਰੀਤ ਕੌਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ: ਸੜਕਾਂ 'ਤੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਵਾਹਨ ਚਲਾਉਣ ਦਾ ਖਮਿਆਜ਼ਾ ਕਈ ਵਾਰ ਮਾਸੂਮ ਅਤੇ ਬੇਕਸੂਰ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਖਾਨਪੁਰ ਨਹਿਰ ਪੁਲ ਨੇੜੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਨੇ ਇੱਕ ਅਜਿਹੇ ਹੀ ਪਰਿਵਾਰ ਦੀਆਂ ਖ਼ੁਸ਼ੀਆਂ ਉਜਾੜ ਕੇ ਰੱਖ ਦਿੱਤੀਆਂ। ਘਰ ਦੇ ਖ਼ਰਚੇ ਪੂਰੇ ਕਰਨ ਲਈ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਣ ਵਾਲੀ ਕਰੀਬ 19 ਸਾਲਾ ਮੁਟਿਆਰ ਦੀ ਸਕੂਟਰੀ ਨੂੰ ਇੱਕ ਅਣਪਛਾਤੇ ਕਾਰ ਚਾਲਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਗੰਭੀਰ ਰੂਪ ਵਿੱਚ ਜ਼ਖ਼ਮੀ ਹੋਈ ਮੁਟਿਆਰ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ, ਪਰ ਜ਼ਿੰਦਗੀ ਅਤੇ ਮੌਤ ਵਿਚਾਲੇ ਚੱਲੀ ਜੰਗ ਦੌਰਾਨ ਉਸ ਨੇ ਦਮ ਤੋੜ ਦਿੱਤਾ। ਸਭ ਤੋਂ ਦੁਖਦਾਈ ਪਹਿਲੂ ਇਹ ਹੈ ਕਿ ਮੁਟਿਆਰ ਦੇ ਪਿਤਾ ਦੀ ਮੌਤ ਵੀ ਦੋ ਸਾਲ ਪਹਿਲਾਂ ਹੋ ਚੁੱਕੀ ਸੀ ਅਤੇ ਉਹ ਆਪਣੀ ਮਾਂ ਨਾਲ ਮਿਲ ਕੇ ਪਰਿਵਾਰ ਦੀ ਜ਼ਿੰਮੇਵਾਰੀ ਨਿਭਾ ਰਹੀ ਸੀ। ਹੁਣ ਇਸ ਹਾਦਸੇ ਨੇ ਇੱਕ ਮਾਂ ਤੋਂ ਉਸ ਦੀ ਧੀ ਖੋਹ ਲਈ ਹੈ ਅਤੇ 15 ਸਾਲਾ ਛੋਟੇ ਭਰਾ ਦੇ ਸਿਰ ਤੋਂ ਵੀ ਵੱਡੀ ਭੈਣ ਦਾ ਸਹਾਰਾ ਉੱਠ ਗਿਆ ਹੈ।
ਜਸਪਾਲ ਬਾਂਗੜ ਇਲਾਕੇ ਦੇ ਨਿੱਜੀ ਸਕੂਲ ਵਿੱਚ ਪੜ੍ਹਾਉਂਦੀ ਸੀ ਮੁਟਿਆਰ
ਜਾਣਕਾਰੀ ਅਨੁਸਾਰ, ਮ੍ਰਿਤਕਾ ਮੁਟਿਆਰ ਗਗਨਪ੍ਰੀਤ ਕੌਰ ਦੀ ਉਮਰ ਕਰੀਬ 19 ਸਾਲ ਦੱਸੀ ਜਾ ਰਹੀ ਹੈ। ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਮਾਂ ਅਤੇ ਧੀ ਦੇ ਮੋਢਿਆਂ 'ਤੇ ਆ ਗਈਆਂ ਸਨ। ਘਰ ਦੇ ਖ਼ਰਚੇ ਪੂਰੇ ਕਰਨ ਅਤੇ ਆਪਣੇ ਛੋਟੇ ਭਰਾ ਦੀ ਪਰਵਰਿਸ਼ ਵਿੱਚ ਹੱਥ ਵਟਾਉਣ ਲਈ ਮੁਟਿਆਰ ਜਸਪਾਲ ਬਾਂਗੜ ਇਲਾਕੇ ਦੇ ਇੱਕ ਨਿੱਜੀ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਂਦੀ ਸੀ। ਮਾਂ-ਧੀ ਮਿਹਨਤ ਕਰਕੇ ਘਰ ਚਲਾ ਰਹੀਆਂ ਸਨ ਅਤੇ ਪਰਿਵਾਰ ਨੂੰ ਮੁੜ ਪੈਰਾਂ 'ਤੇ ਖੜ੍ਹਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇੱਕ ਸੜਕ ਹਾਦਸੇ ਨੇ ਪਰਿਵਾਰ ਦੀ ਉਸ ਧੀ ਨੂੰ ਖੋਹ ਲਿਆ, ਜੋ ਆਪਣੇ ਪਰਿਵਾਰ ਦੀਆਂ ਉਮੀਦਾਂ ਅਤੇ ਜ਼ਿੰਮੇਵਾਰੀਆਂ ਦਾ ਸਹਾਰਾ ਬਣੀ ਹੋਈ ਸੀ।
ਸਕੂਟਰੀ ਨੂੰ ਟੱਕਰ ਮਾਰ ਕੇ ਮੌਕੇ ਤੋਂ ਫ਼ਰਾਰ ਹੋਇਆ ਕਾਰ ਚਾਲਕ
ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਬਿਲਾਸਪੁਰ ਪਿੰਡ ਦੇ ਰਹਿਣ ਵਾਲੇ ਗੁਰਚਰਨ ਸਿੰਘ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਬਾੜੀ ਚੌਕ ਵੱਲ ਜਾ ਰਿਹਾ ਸੀ। ਇਸ ਦੌਰਾਨ ਇੱਕ ਚਿੱਟੇ ਰੰਗ ਦੀ ਸਕਾਰਪੀਓ ਕਾਰ ਦਾ ਅਣਪਛਾਤਾ ਚਾਲਕ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਂਦਾ ਹੋਇਆ ਪਿੰਡ ਖਾਨਪੁਰ ਦੀ ਲਿੰਕ ਸੜਕ ਤੋਂ ਸਾਹਨੇਵਾਲ-ਡੇਹਲੋਂ ਮੇਨ ਰੋਡ ਵੱਲ ਨੂੰ ਮੁੜਿਆ।
ਇਸੇ ਦੌਰਾਨ ਚਿੱਟੇ ਰੰਗ ਦੀ ਟੀਵੀਐੱਸ ਜੁਪੀਟਰ ਸਕੂਟਰੀ ਨੂੰ ਕਾਰ ਚਾਲਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਸਕੂਟਰੀ ਸਵਾਰ ਗਗਨਪ੍ਰੀਤ ਕੌਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਗੰਭੀਰ ਜ਼ਖ਼ਮੀ ਹੋਈ ਗਗਨਪ੍ਰੀਤ ਕੌਰ ਨੂੰ ਇਲਾਜ ਲਈ ਮਾਡਲ ਟਾਊਨ ਸਥਿਤ ਦੀਪ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਲੜਕੀ ਦੇ ਸਿਰ ਤੇ ਸੱਟਾਂ ਲੱਗਣ ਕਾਰਨ ਉਸਦੀ ਹਾਲਤ ਬੇਹਦ ਗੰਭੀਰ ਹੋ ਗਈ ਸੀ ਅਤੇ ਹੁਣ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ। ਮਾਮਲੇ ਦੀ ਪੜਤਾਲ ਕਰ ਰਹੇ ਏਐਸਆਈ ਜਗਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਮਾਮਲੇ ਨੂੰ ਸੁਲਝਾਉਣ ਲਈ ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਮੁਲਜਮ ਦੀ ਸ਼ਨਾਖਤ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।