- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਦਲੀਆਂ ਚਾਰ ਪਾਰਟੀਆਂ ਤਿੰਨ ਚੋਣਾਂ ਹਾਰੇ, ਭੱਟੀ ਹੁਣ ਪੰਜਵੀਂ ਪਾਰਟੀ ’ਚ ਤਲਾਸਣ ਲੱਗੇ ਸਿਆਸੀ ਭਵਿੱਖ

ਬਾਦਲਾਂ ਸਮੇਂ ਬੋਲਦੀ ਸੀ ਤੂਤੀ, ਮੁੜ ਨਹੀਂ ਲੱਗੇ ਸਿਆਸੀ ਜ਼ਮੀਨ ’ਤੇ ਪੈਰ
ਸਿਆਸੀ ਇੱਛਾਵਾਂ ਦੀ ਪੂਰਤੀ ਲਈ ਪੰਜਵੀਂ ਵਾਰ ਫੜਿਆ ਨਵਾਂ ਸਿਆਸੀ ਰਸਤਾ
ਤਿੰਨ ਵਾਰ ਚੋਣਾਂ ਹਾਰਨ ਵਾਲੇ ਗੁਰਪ੍ਰੀਤ ਭੱਟੀ ਪੰਜਵੀਂ ਪਾਰਟੀ ਚ ਹੋਏ ਸ਼ਾਮਲ
ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ : ਅੱਜ ਖੰਨਾ ਦੀ ਸਿਆਸਤ ’ਚ ਉਸ ਵੇਲੇ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਜਦੋਂ ਭਾਜਪਾ ਆਗੂ ਗੁਰਪ੍ਰੀਤ ਭੱਟੀ ਨੇ ‘ਅਕਾਲੀ ਦਲ ਵਾਰਿਸ ਪੰਜਾਬ’ ਦੇ ਵਿੱਚ ਸਮੂਲੀਅਤ ਕੀਤੀ। ਦੱਸਣਯੋਗ ਹੈ ਕਿ ਭੱਟੀ ਦੀ ਬਾਦਲਾ ਦੀ ਸਰਕਾਰ ਸਮੇਂ ਤੂਤੀ ਬੋਲਦੀ ਹੁੰਦੀ ਸੀ, ਜਦੋਂ ਬਾਦਲਾਂ ਨੂੰ ਛੱਡ ਕੇ ਮਨਪ੍ਰੀਤ ਬਾਦਲ ਨਾਲ ਜੁੜੇ ਤਾਂ ਮੁੜ ਕੇ ਭੱਟੀ ਦੇ ਸਿਆਸੀ ਜ਼ਮੀਨ ’ਤੇ ਪੈਰ ਨਹੀਂ ਲੱਗ ਰਹੇ। ਆਪਣੀਆਂ ਸਿਆਸੀ ਇੱਛਾਵਾਂ ਦੀ ਪੂਰਤੀ ਲਈ ਪੰਜਵੀਂ ਵਾਰ ਨਵਾਂ ਸਿਆਸੀ ਰਸਤਾ ਫੜਿਆ ਹੈ, ਜਿਸ ਨੂੰ ਭਾਜਪਾ ਤੋਂ ਉਲਟ ਵਿਚਾਰਧਾਰਾਂ ਵਾਲੀ ਪਾਰਟੀ ’ਤੇ ਆਪਣਾ ਟਿਕਾਣਾ ਬਣਾਇਆ ਹੈ। ਚਾਰ ਪਾਰਟੀਆਂ ਬਦਲ ਕੇ ਤਿੰਨ ਵਾਰ ਚੋਣਾਂ ਹਾਰਨ ਵਾਲੇ ਗੁਰਪ੍ਰੀਤ ਭੱਟੀ ਹੁਣ ਪੰਜਵੀਂ ਪਾਰਟੀ ’ਚ ਸ਼ਾਮਿਲ ਹੋਏ ਹਨ। ਕਰੀਬ ਦੋ ਦਹਾਕਿਆਂ ਤੋਂ ਪੰਜਾਬ ਦੀ ਰਾਜਨੀਤੀ ’ਚ ਆਪਣਾ ਸੁਨਹਿਰਾ ਭਵਿੱਖ ਤਲਾਸ਼ ਰਹੇ ਗੁਰਪ੍ਰੀਤ ਸਿੰਘ ਭੱਟੀ ਨੇ ਇੱਕ ਵਾਰ ਫਿਰ ਨਵਾਂ ਸਿਆਸੀ ਟਿਕਾਣਾ ਨਵੀਂ ਪਾਰਟੀ ’ਚ ਲੱਭ ਲਿਆ ਹੈ, ਜਦਕਿ ਪਹਿਲਾਂ ਵੀ ਨਵੀਆਂ ਪਾਰਟੀਆਂ ਪੰਜਾਬ ਪੀਪਲਜ਼ ਪਾਰਟੀ ਤੇ ਆਮ ਆਦਮੀ ਪਾਰਟੀ ’ਚ ਕਿਸਮਤ ਅਜਮਾਈ ਸੀ ਪਰ ਨਵੀਆਂ ਜਾਂ ਪੁਰਾਣੀ ਪਾਰਟੀ ’ਚ ਜਿੱਤ ਦਾ ਰੁਤਬਾ ਨਹੀਂ ਮਿਲਿਆ ਤੇ ਹੁਣ ਨਵੀਂ ਪਾਰੀ ਖੇਡਣ ਦੀ ਸ਼ੁਰੂਆਤ ਕੀਤੀ ਹੈ।
ਬੁੱਧਵਾਰ ਨੂੰ ਭੱਟੀਆਂ ਵਿਖੇ ਉਨ੍ਹਾਂ ਦੀ ਰਿਹਾਇਸ਼ 'ਤੇ ਹੋਏ ਸਮਾਗਮ ਦੌਰਾਨ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ, ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਉਨ੍ਹਾਂ ਨੂੰ ਪਾਰਟੀ ’ਚ ਸ਼ਾਮਲ ਕਰਵਾਇਆ। ਭੱਟੀ ਦੀ ਇਸ ਨਵੀਂ ਸਿਆਸੀ ਪਾਰੀ ਤੋਂ ਬਾਅਦ ਸਿਆਸੀ ਗਲਿਆਰਿਆਂ ’ਚ ਮੁੜ ਚਰਚਾ ਛਿੜ ਗਈ ਹੈ ਕਿ ਆਖਿਰ ਲਗਾਤਾਰ ਹਾਰਾਂ ਅਤੇ ਵਾਰ-ਵਾਰ ਪਾਰਟੀਆਂ ਬਦਲਣ ਦੇ ਬਾਵਜੂਦ ਉਹ ਲੋਕਾਂ ਦਾ ਭਰੋਸਾ ਕਿਉਂ ਨਹੀਂ ਜਿੱਤ ਸਕੇ। ਉਨ੍ਹਾਂ ਦੀ ਕਿਸਮਤ ਨਹੀਂ ਬਣਲ ਸਕੀ ਤੇ ਹੁਣ ਭਾਜਪਾ ਵਰਗੀ ਰਾਸ਼ਟਰੀ ਪਾਰਟੀ ਨੂੰ ਛੱਡ ਕੇ ਨਵੀਂ ਪਾਰਟੀ ’ਚ ਆਪਣਾ ਭਵਿੱਖ ਕਿਉਂ ਦੇਖ ਰਹੇ ਹਨ। ਇਸ ਗੱਲ ਨੂੰ ਲੈ ਕੇ ਸ਼ਹਿਰ ਵਾਸੀ ਵੀ ਹੈਰਾਨ ਹਨ।
ਬਾਦਲਾਂ ਤੋਂ ਬਾਅਦ ਦਲ ਬਦਲੀਆਂ ’ਚ ਉਲਝਿਆ ਭੱਟੀ
ਬਾਦਲਾਂ ਤੋਂ ਬਾਅਦ ਹੁਣ ਤੱਕ ਗੁਰਪ੍ਰੀਤ ਸਿੰਘ ਭੱਟੀ ਦਾ ਸਿਆਸੀ ਸਫ਼ਰ ਸਫਲਤਾਵਾਂ ਨਾਲੋਂ ਵੱਧ ਨਾਕਾਮੀਆਂ ਅਤੇ ਦਲ-ਬਦਲ ਲਈ ਜਾਣਿਆ ਜਾਂਦਾ ਹੈ। ਸ੍ਰੋਮਣੀ ਅਕਾਲੀ ਦਲ ਛੱਡਣ ਮਗਰੋਂ ਸਾਲ 2012 ’ਚ ਉਨ੍ਹਾਂ ਨੇ ਖੰਨਾ ਤੋਂ ਪੀਪਲਜ਼ ਪਾਰਟੀ ਆਫ ਪੰਜਾਬ (ਪੀਪੀਪੀ) ਦੇ ਉਮੀਦਵਾਰ ਵਜੋਂ ਵਿਧਾਨ ਸਭਾ ਚੋਣ ਲੜੀ, ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਉਹ ਪੀਪੀਪੀ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। ਸਾਲ 2017 ’ਚ ਉਨ੍ਹਾਂ ਨੇ ਆਪਣਾ ਹਲਕਾ ਹੀ ਬਦਲ ਲਿਆ ਤੇ ਅਮਲੋਹ ਤੋਂ ਚੋਣ ਲੜੀ ਪਰ ਉੱਥੇ ਵੀ ਵੋਟਰਾਂ ਨੇ ਉਨ੍ਹਾਂ ਨੂੰ ਨਕਾਰ ਦਿੱਤਾ। ਦੋ ਚੋਣਾਂ ਹਾਰਨ ਤੋਂ ਬਾਅਦ ਭੱਟੀ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਦਾ ਰੁਖ਼ ਕਰ ਲਿਆ। ਭਾਜਪਾ ਨੇ ਉਨ੍ਹਾਂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਖੰਨਾ ਤੋਂ ਉਮੀਦਵਾਰ ਬਣਾਇਆ ਪਰ ਇਸ ਵਾਰ ਵੀ ਉਹ ਜਿੱਤ ਹਾਸਲ ਨਾ ਕਰ ਸਕੇ।
ਇਸ ਤਰ੍ਹਾਂ ਤਿੰਨ ਵੱਖ-ਵੱਖ ਪਾਰਟੀਆਂ ਦੇ ਟਿਕਟ 'ਤੇ ਤਿੰਨ ਵਿਧਾਨ ਸਭਾ ਚੋਣਾਂ ਲੜਨ ਦੇ ਬਾਵਜੂਦ ਉਹ ਜਿੱਤ ਦਾ ਸੁਆਦ ਨਹੀਂ ਚੱਖ ਸਕੇ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਭੱਟੀ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਰਹੀ ਕਿ ਚੋਣਾਂ ਦੌਰਾਨ ਤਾਂ ਉਹ ਲੋਕਾਂ ਵਿੱਚ ਸਰਗਰਮ ਦਿਖਾਈ ਦਿੱਤੇ, ਪਰ ਹਾਰ ਤੋਂ ਬਾਅਦ ਉਨ੍ਹਾਂ ਦੀ ਲੋਕਾਂ ਨਾਲ ਨਜ਼ਦੀਕੀ ਲਗਭਗ ਖਤਮ ਹੋ ਜਾਂਦੀ ਸੀ। ਲੋਕਾਂ ਦੇ ਸੁਖ-ਦੁੱਖ ਵਿੱਚ ਲਗਾਤਾਰ ਸ਼ਾਮਲ ਰਹਿਣ ਦੀ ਬਜਾਏ ਉਹ ਚੋਣ ਸਿਆਸਤ ਤੱਕ ਹੀ ਸੀਮਤ ਰਹੇ, ਜਿਸ ਕਾਰਨ ਉਹ ਆਪਣਾ ਪੱਕਾ ਵੋਟ ਬੈਂਕ ਤਿਆਰ ਨਹੀਂ ਕਰ ਸਕੇ।
ਹੁਣ ਚੋਣ ਲੜਨਗੇ ਜਾਂ ਨਹੀਂ, ਵੱਡਾ ਸਵਾਲ
ਸਥਾਨਕ ਸਿਆਸੀ ਹਲਕਿਆਂ ਵਿੱਚ ਇਹ ਵੀ ਚਰਚਾ ਹੈ ਕਿ ਭੱਟੀ ਨੇ ਵਿਚਾਰਧਾਰਾ ਨਾਲੋਂ ਵੱਧ ਸਿਆਸੀ ਮੌਕਿਆਂ ਨੂੰ ਤਰਜੀਹ ਦਿੱਤੀ। ਪਹਿਲਾਂ ਸ੍ਰੋਮਣੀ ਅਕਾਲੀ ਦਲ ਛੱਡ ਕੇ ਮਨਪ੍ਰੀਤ ਬਾਦਲ ਨਾਲ ਪੀਪੀਪੀ ’ਚ ਗਏ, ਫਿਰ ਪੀਪੀਪੀ ਤੋਂ ਆਮ ਆਦਮੀ ਪਾਰਟੀ, ਉੱਥੋਂ ਭਾਜਪਾ ਅਤੇ ਹੁਣ ਅਕਾਲੀ ਦਲ ਵਾਰਿਸ ਪੰਜਾਬ ਦੇ ਤੱਕ ਦਾ ਸਫ਼ਰ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਉਹ ਲਗਾਤਾਰ ਅਜਿਹਾ ਮੰਚ ਲੱਭ ਰਹੇ ਹਨ ਜਿੱਥੋਂ ਉਨ੍ਹਾਂ ਦਾ ਸਿਆਸੀ ਕਰੀਅਰ ਸਥਾਪਿਤ ਹੋ ਸਕੇ। ਇਸ ਵਾਰ ਚਰਚਾ ਹੈ ਕਿ ਗੁਰਪ੍ਰੀਤ ਸਿੰਘ ਭੱਟੀ ਖੰਨਾ ਜਾਂ ਫਿਰ ਪੰਥਕ ਹਲਕਾ ਫਤਿਹਗੜ੍ਹ ਸਾਹਿਬ ਤੋਂ ਚੋਣ ਲੜ ਸਕਦੇ ਹਨ। ਹਾਲਾਂਕਿ ਤਿੰਨ ਚੋਣ ਹਾਰਾਂ ਅਤੇ ਕਈ ਪਾਰਟੀਆਂ ਦੇ ਸਫ਼ਰ ਤੋਂ ਬਾਅਦ ਲੋਕਾਂ ’ਚ ਇਹ ਸਵਾਲ ਜ਼ਰੂਰ ਉੱਠ ਰਿਹਾ ਹੈ ਕਿ ਕੀ ਨਵੀਂ ਪਾਰਟੀ ਉਨ੍ਹਾਂ ਦੀ ਸਿਆਸੀ ਕਿਸਮਤ ਬਦਲ ਸਕੇਗੀ ਜਾਂ ਫਿਰ ਇਹ ਕਦਮ ਵੀ ਉਨ੍ਹਾਂ ਦੇ ਲੰਬੇ ਸਿਆਸੀ ਸੰਘਰਸ਼ ਦਾ ਇੱਕ ਹੋਰ ਅਸਫਲ ਅਧਿਆਏ ਬਣ ਕੇ ਰਹਿ ਜਾਵੇਗਾ।
ਭਾਜਪਾ ਦੀ ਕੋਈ ਚਾਲ ਨਹੀਂ, ਅਫ਼ਵਾਹਾਂ : ਭੱਟੀ
ਗੁਰਪ੍ਰੀਤ ਸਿੰਘ ਭੱਟੀ ਨੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ’ਚ ਸ਼ਾਮਿਲ ਹੋਣ ਪਿੱਛੇ ਭਾਜਪਾ ਦਾ ਕੋਈ ਵੀ ਹੱਥ ਹੋਣ ਤੋਂ ਨਾਕਾਰਦੇ ਹੋਏ ਕਿਹਾ ਕਿ ਇਸ ਅਕਾਲੀ ਦਲ ’ਚ ਭਾਜਪਾ ਦੀ ਕੋਈ ਚਾਲ ਨਹੀਂ ਹੈ ਇਹ ਸਿਰਫ ਮਨਘੜ੍ਹਤ ਗੱਲਾਂ ਤੇ ਅਫਵਾਹਾਂ ਹਨ। ਅਜਿਹੀਆ ਅਫਵਾਹਾਂ ਪਹਿਲਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਵੀ ਫੈਲਾਈਆ ਗਈਆਂ ਸਨ ਜੇਕਰ ਅਜਿਹੀ ਕੋਈ ਗੱਲਬਾਤ ਹੁੰਦੀ ਤਾਂ ਭਾਈ ਅਮ੍ਰਿਤਪਾਲ ਸਿੰਘ ਸੂਬੇ ਤੋਂ ਬਾਹਰ ਡਿਬਰੁਗੜ੍ਹ ਜੇਲ੍ਹ ’ਚ ਕੈਦ ਨਾ ਹੁੰਦੇ। ਇਹਨਾਂ ਆਪ ਵਾਲੀਆਂ ਨੇ ਐੱਨਐੱਸਏ ਲਗਾਈ ਅਤੇ ਉਹਨਾਂ ਨੇ ਅੰਦਰ ਰੱਖਿਆ। ਇਹ ਸਭ ਭਾਈ ਅੰਮ੍ਰਿਤਪਾਲ ਸਿੰਘ ਦੇ ਵੱਧਦੇ ਪ੍ਰਭਾਵ ਅਤੇ ਉਭਾਰ ਕਰਕੇ ਕੀਤਾ ਗਿਆ। ਭੱਟੀ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ ਟਕਸਾਲੀ ਅਕਾਲੀ ਹੈ। ਪਹਿਲਾ ਅਕਾਲੀ ਦਲ ਛੱਡਣ ਤੋਂ ਬਾਅਦ ਊਨਾ ਦੀ ਲੰਬੇ ਸਮੇਂ ਤੋਂ ਇੱਛਾ ਸੀ ਕਿ ਅਕਾਲੀ ਦਲ ਮੁੜ ਤੋਂ ਮਜਬੂਤ ਹੋਵੇ। ਅਕਾਲੀ ਦਲ ਕਦੇ ਖ਼ਤਮ ਨਹੀਂ ਹੋ ਸਕਦਾ ਅਤੇ ਨਾ ਹੀ ਖ਼ਤਮ ਹੋਣਾ ਚਾਹੀਦਾ। ਬਾਦਲ ਵਾਲੇ ਅਕਾਲੀ ਦਲ ਨੇ ਬੇਅਦਬੀਆ ਕੀਤੀਆਂ, ਪੰਥ ਦਾ ਨੁਕਸਾਨ ਕੀਤਾ। ਜਿਸ ਕਰ ਕੇ ਹੁਣ ਲੋਕਾਂ ਦੀ ਮੰਗ ਅਨੁਸਾਰ ਖੇਤਰੀ ਪਾਰਟੀ ਮਜਬੂਰ ਕੀਤੀ ਜਾ ਰਹੀ ਹੈ। ਉਹ ਪੰਥ ਅਤੇ ਪੰਜਾਬ ਦੇ ਭਲੇ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਬਿਨਾ ਕਿਸੇ ਲਾਲਚ ਅਤੇ ਸਵਾਰਥ ਤੋਂ ਆਏ ਹਨ। ਲੋਕਾਂ ਦੀ ਇੱਛਾ ਅਨੁਸਾਰ ਸਾਫ ਸੁਥਰਾ ਅਕਾਲੀ ਦਲ ਬਣ ਰਿਹਾ ਹੈ। ਜਿਸ ਦੀ ਮਜਬੂਤੀ ਲਈ ਉਹ ਕੰਮ ਕਰਨਗੇ। ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਿਸੇ ਭਾਜਪਾ ਨਾ ਕੋਈ ਚੋਣ ਸਮਝੌਤਾ ਨਹੀਂ ਕਰੇਗੀ। ਇੱਕਲੇ ਪੰਥਕ ਤੇ ਪੰਜਾਬ ਦੇ ਮਸਲਿਆਂ ਦੇ ਏਜੰਡੇ ’ਤੇ ਚੋਣ ਲੜਾਂਗੇ।