- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੁਧਿਆਣਾ ਪਹਿਲਾਂ ਹੀ ਫੋਰਜਿੰਗ ਸਨਅਤ ਦਾ ਵੱਡਾ ਕੇਂਦਰ ਹੈ, ਪਰ ਇਹ ਪ੍ਰੋਜੈਕਟ ਇਸ ਪੱਖੋਂ ਵੱਖਰਾ ਹੈ ਕਿ ਇਸ ਵਿੱਚ ਜਾਪਾਨ ਦੀ ਉੱਨਤ ਮੈਨੂਫੈਕਚਰਿੰਗ ਤਕਨੀਕ, ਕੁਆਲਿਟੀ ਸਿਸਟਮ ਅਤੇ ਉਤਪਾਦਨ ਦੇ ਤੌਰ-ਤਰੀਕੇ ਅਪਣਾਏ ਜਾਣਗੇ। ਕੰਪਨੀ ਦਾ ਦਾਅਵਾ ਹੈ ਕਿ ਇਹ ਦੇਸ਼ ਵਿੱਚ ਪ੍ਰਿਸੀਜ਼ਨ ਫੋਰਜਿੰਗ ਲਈ ਨਵਾਂ ਮਿਆਰ ਕਾਇਮ ਕਰੇਗਾ।

ਵਰਿੰਦਰ ਰਾਣਾ, ਪੰਜਾਬੀ ਜਾਗਰਣ , ਲੁਧਿਆਣਾ : ਸ਼ਹਿਰ ਨੂੰ ਇੱਕ ਹੋਰ ਵੱਡੀ ਸਨਅਤੀ ਸੌਗਾਤ ਮਿਲਣ ਜਾ ਰਹੀ ਹੈ। ਸਪੈਸ਼ਲ ਸਟੀਲ ਬਣਾਉਣ ਵਾਲੀ ਦੇਸ਼ ਦੀ ਮੋਹਰੀ ਕੰਪਨੀ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਇੱਥੇ ਕਰੀਬ 1,100 ਕਰੋੜ ਰੁਪਏ ਦੀ ਲਾਗਤ ਨਾਲ ਅਤਿ-ਆਧੁਨਿਕ ਫੋਰਜਿੰਗ ਪਲਾਂਟ ਲਾਉਣ ਜਾ ਰਹੀ ਹੈ। ਇਹ ਨਿਵੇਸ਼ ਪੜਾਅਵਾਰ ਕੀਤਾ ਜਾਵੇਗਾ। ਕੰਪਨੀ ਹੁਣ ਪ੍ਰੋਜੈਕਟ ਦਾ ਨੀਂਹ ਪੱਥਰ 27 ਜੁਲਾਈ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੋਂ ਰਖਵਾਉਣ ਜਾ ਰਹੀ ਹੈ।
ਇਸ ਨਿਵੇਸ਼ ਸਬੰਧੀ ਸਮਝੌਤਾ (ਐੱਮਓਯੂ) ਦਸੰਬਰ 2025 ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਸਹੀਬੱਧ ਹੋਇਆ ਸੀ। ਪਲਾਂਟ ਜਾਪਾਨ ਦੀ ਆਇਚੀ ਫੋਰਜ ਕੰਪਨੀ ਲਿਮਟਿਡ ਦੇ ਤਕਨੀਕੀ ਸਹਿਯੋਗ ਨਾਲ ਲੱਗੇਗਾ। ਇਹ ਕੰਪਨੀ ਆਇਚੀ ਸਟੀਲ ਕਾਰਪੋਰੇਸ਼ਨ ਦਾ ਹਿੱਸਾ ਹੈ, ਜੋ ਦੁਨੀਆ ਭਰ ਵਿੱਚ ਮਸ਼ਹੂਰ ਟੋਇਟਾ ਗਰੁੱਪ ਨਾਲ ਜੁੜੀ ਹੋਈ ਹੈ। ਲੁਧਿਆਣਾ ਪਹਿਲਾਂ ਹੀ ਫੋਰਜਿੰਗ ਸਨਅਤ ਦਾ ਵੱਡਾ ਕੇਂਦਰ ਹੈ, ਪਰ ਇਹ ਪ੍ਰੋਜੈਕਟ ਇਸ ਪੱਖੋਂ ਵੱਖਰਾ ਹੈ ਕਿ ਇਸ ਵਿੱਚ ਜਾਪਾਨ ਦੀ ਉੱਨਤ ਮੈਨੂਫੈਕਚਰਿੰਗ ਤਕਨੀਕ, ਕੁਆਲਿਟੀ ਸਿਸਟਮ ਅਤੇ ਉਤਪਾਦਨ ਦੇ ਤੌਰ-ਤਰੀਕੇ ਅਪਣਾਏ ਜਾਣਗੇ। ਕੰਪਨੀ ਦਾ ਦਾਅਵਾ ਹੈ ਕਿ ਇਹ ਦੇਸ਼ ਵਿੱਚ ਪ੍ਰਿਸੀਜ਼ਨ ਫੋਰਜਿੰਗ ਲਈ ਨਵਾਂ ਮਿਆਰ ਕਾਇਮ ਕਰੇਗਾ। ਪਲਾਂਟ ਵਿੱਚ ਗੱਡੀਆਂ ਲਈ ਬੇਹੱਦ ਬਾਰੀਕ ਤੇ ਸਟੀਕ ਫੋਰਜਡ ਪੁਰਜ਼ੇ ਬਣਨਗੇ। ਇਨ੍ਹਾਂ ਦੀ ਸਪਲਾਈ ਟੋਇਟਾ ਅਤੇ ਮਾਰੂਤੀ ਸੁਜ਼ੂਕੀ ਵਰਗੀਆਂ ਜਾਪਾਨੀ ਵਾਹਨ ਕੰਪਨੀਆਂ ਤੋਂ ਇਲਾਵਾ ਦੇਸ਼-ਵਿਦੇਸ਼ ਦੇ ਹੋਰ ਗਾਹਕਾਂ ਨੂੰ ਵੀ ਹੋਵੇਗੀ। ਪ੍ਰੋਜੈਕਟ ਵਿੱਚ ਬਰਾਮਦ ਦੀ ਵੀ ਵੱਡੀ ਸੰਭਾਵਨਾ ਹੈ, ਜਿਸ ਨਾਲ ਆਟੋ ਪਾਰਟਸ ਦੀ ਸੰਸਾਰਕ ਸਪਲਾਈ ਚੇਨ ਵਿੱਚ ਪੰਜਾਬ ਦੀ ਪਕੜ ਮਜ਼ਬੂਤ ਹੋਵੇਗੀ।
ਪਲਾਂਟ ਤੋਂ ਵੱਡੀ ਗਿਣਤੀ ਵਿੱਚ ਸਿੱਧਾ ਤੇ ਅਸਿੱਧਾ ਰੁਜ਼ਗਾਰ ਮਿਲਣ ਦੀ ਆਸ ਹੈ। ਇਸ ਨਾਲ ਸ਼ਹਿਰ ਦੀਆਂ ਸਹਾਇਕ (ਐਂਸਿਲਰੀ) ਇਕਾਈਆਂ ਨੂੰ ਵੀ ਕੰਮ ਮਿਲੇਗਾ ਅਤੇ ਸਨਅਤੀ ਢਾਂਚਾ ਮਜ਼ਬੂਤ ਹੋਵੇਗਾ। ਕੰਪਨੀ ਮੁਤਾਬਿਕ ਇਹ ਪ੍ਰੋਜੈਕਟ ਕੇਂਦਰ ਸਰਕਾਰ ਦੀ ਮੇਕ ਇਨ ਇੰਡੀਆ ਮੁਹਿੰਮ ਅਤੇ ਪੰਜਾਬ ਸਰਕਾਰ ਦੀ ਹਾਈ-ਵੈਲਿਊ ਮੈਨੂਫੈਕਚਰਿੰਗ ਨੀਤੀ ਦੇ ਅਨੁਸਾਰ ਹੈ। ਮੁਕੰਮਲ ਹੋਣ ’ਤੇ ਇਹ ਦੇਸ਼ ਦੇ ਸਭ ਤੋਂ ਆਧੁਨਿਕ ਫੋਰਜਿੰਗ ਪਲਾਂਟਾਂ ਵਿੱਚ ਗਿਣਿਆ ਜਾਵੇਗਾ।
ਕੰਪਨੀ ਨੇ ਸਰਕਾਰੀ ਸਕੂਲ ਦਾ 21 ਕਮਰਿਆਂ ਦਾ ਬਲਾਕ ਕਰਵਾਇਆ ਤਿਆਰ
ਵਰਧਮਾਨ ਟੈਕਸਟਾਈਲ ਲਿਮਟਿਡ ਵੱਲੋਂ ਲੋਹਾਰਾ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦਾ ਨਵਾਂ ਦੋ ਮੰਜ਼ਿਲਾ ਬਲਾਕ ਤਿਆਰ ਕਰਵਾਇਆ ਗਿਆ ਹੈ। ਇਸ ਸਕੂਲ ਵਿੱਚ ਬੱਚਿਆਂ ਲਈ ਕਲਾਸ ਰੂਮ ਘੱਟ ਪੈ ਰਹੇ ਸਨ। ਕੰਪਨੀ ਨੇ ਕੁੱਲ 21 ਕਮਰੇ ਬਣਾਏ ਹਨ। ਇਨ੍ਹਾਂ ਵਿੱਚ ਵਿਦਿਆਰਥੀਆਂ ਲਈ 18 ਕਲਾਸ ਰੂਮ, ਇੱਕ ਪ੍ਰਿੰਸੀਪਲ ਰੂਮ ਤੇ ਸਟਾਫ ਲਈ ਕਮਰੇ ਤਿਆਰ ਕੀਤੇ ਗਏ ਹਨ। ਬਲਾਕ ਦੀ ਹਰ ਮੰਜ਼ਿਲ ’ਤੇ ਦੋ ਸੈੱਟ ਟਾਇਲਟ ਬਣਾਏ ਗਏ ਹਨ, ਜਿਨ੍ਹਾਂ ਵਿੱਚ ਔਰਤਾਂ ਤੇ ਮਰਦਾਂ ਲਈ ਵੱਖ-ਵੱਖ ਸਹੂਲਤ ਰਹੇਗੀ। ਕੰਪਨੀ ਨੇ ਆਪਣੇ ਸੀਐੱਸਆਰ ਫੰਡ ਰਾਹੀਂ ਸਾਰੇ ਕਲਾਸ ਰੂਮ ਅਪਟੂਡੇਟ ਕੀਤੇ ਹਨ, ਯਾਨੀ ਫਰਨੀਚਰ, ਪੱਖੇ, ਲਾਈਟਾਂ ਤੇ ਬਲੈਕ ਬੋਰਡ ਤੋਂ ਲੈ ਕੇ ਹਰ ਸਹੂਲਤ ਦਿੱਤੀ ਗਈ ਹੈ। ਇੰਨਾ ਹੀ ਨਹੀਂ, ਅਧਿਆਪਕਾਂ ਲਈ ਬਣਾਇਆ ਸਟਾਫ ਰੂਮ ਵੀ ਪੂਰੀ ਤਰ੍ਹਾਂ ਤਿਆਰ ਕੀਤਾ ਗਿਆ ਹੈ।