ਬਿਜਲੀ ਮੰਤਰੀ ਸੋਂਦ ਦੇ ਘਰ ਅੱਗੇ ਪਹਿਲਾ ਧਰਨਾ ਖ਼ਤਮ, ਦੂਜਾ ਹੋਇਆ ਸ਼ੁਰੂ
ਬਿਜਲੀ ਮੰਤਰੀ ਸੋਂਦ ਦੇ ਘਰ ਅੱਗੇ ਪਹਿਲਾ ਧਰਨਾ ਖ਼ਤਮ ਦੂਜਾ ਹੋਇਆ ਸ਼ੁਰੂ
Publish Date: Wed, 24 Jun 2026 07:47 PM (IST)
Updated Date: Thu, 25 Jun 2026 04:05 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਖੰਨਾ : 15 ਜੂਨ ਤੋਂ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਦੇ ਘਰ ਅੱਗੇ ਕੱਚੇ ਮੁਲਾਜ਼ਮਾਂ ਵੱਲੋਂ ਦਿੱਤਾ ਜਾ ਰਿਹ ਧਰਨਾ 23 ਜੂਨ ਨੂੰ ਸਰਕਾਰ ਨੇ ਖ਼ਤਮ ਕਰਵਾਇਆ ਸੀ ਪਰ ਵਿਭਾਗ ਦੇ ਹੋਰ ਮੁਲਾਜ਼ਮਾਂ ਵੱਲੋਂ 24 ਜੂਨ ਨੂੰ ਆਪਣਾ ਧਰਨਾ ਸ਼ੁਰੂ ਕਰ ਦਿੱਤਾ। ਦੂਜਾ ਧਰਨਾ ਸ਼ੁਰੂ ਹੋਣ ਨਾਲ ਕਲੋਨੀ ਨਿਵਾਸੀਆਂ ਦਾ ਫਿਰ ਮੁੱਖ ਰਸਤਾ ਬੰਦ ਹੋ ਗਿਆ। ਇੱਕ ਦਿਨ ਪਹਿਲਾਂ ਹਟਾਈ ਗਈ ਭਾਰੀ ਗਿਣਤੀ ’ਚ ਪੁਲਿਸ ਫੋਰਸ ਫਿਰ ਤਾਇਨਾਤ ਕੀਤੀ ਗਈ। ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਵੱਲੋ ਬਿਜਲੀ ਮੰਤਰੀ ਸੋਂਦ ਦੀ ਰਿਹਾਇਸ ਸਾਹਮਣੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ’ਚ ਪੂਰੇ ਪੰਜਾਬ ਦੇ ਹਜਾਰਾਂ ਦੀ ਗਿਣਤੀ ’ਚ ਬਿਜਲੀ ਕਾਮਿਆਂ ਵੱਲੋ ਸਮੂਲੀਅਤ ਕੀਤੀ ਗਈ ਅਤੇ ਲਾ-ਮਿਸਾਲ ਇਕੱਠ ਕਰਕੇ ਬਿਜਲੀ ਨਿਗਮ ਮੈਨੇਜ਼ਮੈਂਟ ਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਮੋਰਚੇ ਦੇ ਸਕੱਤਰ ਅਵਤਾਰ ਸਿੰਘ ਕੈਂਥ ਨੇ ਦੱਸਿਆ ਗਿਆ ਕਿ ਮੋਰਚੇ ਵੱਲੋ ਆਪਣੀਆ ਹੱਕੀ ਮੰਗਾਂ ਦੀ ਪੂਰਤੀ ਲਈ ਬਿਜਲੀ ਨਿਗਮ ਮੈਨੇਜ਼ਮੈਟ ਨੂੰ 14 ਦਿਨ ਪਹਿਲਾ ਸੰਘਰਸ਼ ਦਾ ਨੋਟਿਸ ਦਿੱਤਾ ਸੀ ਅਤੇ ਮੀਟਿੰਗ ਦੀ ਮੰਗ ਕੀਤੀ ਗਈ ਸੀ ਤਾਂ ਜੋ ਇਹਨਾਂ ਮੰਗਾਂ ਦਾ ਨਿਪਟਾਰਾ ਕੀਤਾ ਜਾ ਸਕੇ ਪਰੰਤੂ ਮੈਨੇਜਮੈਟ ਵੱਲੋ ਇਸ ਮੀਟਿੰਗ ਦੀ ਮੰਗ ਨੂੰ ਅਣਗੌਲਿਆਂ ਕੀਤਾ ਗਿਆ ਜਿਸ ਕਾਰਨ ਮੋਰਚੇ ਵੱਲੋ 15 ਜੂਨ ਤੋ 22 ਜੂਨ ਤੱਕ ਲਗਾਤਾਰ ਪੂਰੇ ਪੰਜਾਬ ਦੇ ਸਰਕਲ ਦਫਤਰਾਂ ਅੰਦਰ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ ਬਿਜਲੀ ਮੰਤਰੀ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਮੋਰਚੇ ਦੀਆਂ ਪ੍ਰਮੁੱਖ ਮੰਗਾਂ ’ਚ 35400 ਦੀ ਤਨਖਾਹ ਦਾ ਮਸਲਾ, 17 ਜੁਲਾਈ 20 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ 6ਵਾਂ ਪੇ ਸਕੇਲ ਲਾਗੂ ਕਰਨ, ਸ਼ੋਲੇਸ਼ੀਅਮ ਤੇ ਸਪੈਸ਼ਲ ਪੈਨਸ਼ਨ ਦੀ ਰਿਕਵਰੀ ਬੰਦ ਕਰਨ, ਸੀਆਰਏ 294/04, 267/11 ਅਤੇ 281/13 ਦੇ ਕੰਟਰੈਕਟ ਸਮੇਂ ਨੂੰ ਪੈਨਸ਼ਨ, ਸੀਨੀਆਰਤਾ ਤੇ ਤਰੱਕੀਆਂ ਲਈ ਗਿਣਨ, ਕਰਮਚਾਰੀਆਂ ਨੂੰ ਜਬਰਦਸ਼ਤੀ ਫੋਨ ਦੇਣ, ਪਾਰਟ ਟਾਈਮ ਸਵੀਪਰਜ਼, ਕੰਟਰੈਕਟ ਵਰਕਰਜ਼ ਨੂੰ ਸਿੱਧੇ ਕੰਟਰੈਕਟ ਤੇ ਲੈਣ, ਸਹਾਇਕ ਲਾਈਨਮੈਨ ਦੀ ਸਿੱਧੀ ਭਰਤੀ ਕਰਨ, ਬਰਾਬਰ ਕੰਮ ਬਰਾਬਰ ਤਨਖਾਹ ਦੇ ਫੈਸਲੇ ਨੂੰ ਲਾਗੂ ਕਰਨ, ਡੀਏ ਦੇਣ, ਬੰਦ ਕੀਤੇ ਭੱਤੇ ਮੁੜ ਬਹਾਲ ਕਰਨ, ਗਰੈਚੁਟੀ ਤੇ ਪੈਨਸ਼ਨ ਟਰੱਸਟ ਸੁਰੂ ਕਰਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਗੁਰੂ ਅਮਰਦਾਸ ਥਰਮਲ ਪਲਾਂਟ ਵਿਖੇ ਸਿੱਧੀ ਭਰਤੀ ਕਰਨ ਅਤੇ ਗਰਿੱਡ ਸਬ ਸਟੇਸ਼ਨਾਂ ਆਦਿ ਮਸਲੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮੰਗਾਂ ਨਾਂ ਮੰਨੂੰ ਜਾਣ ਦੀ ਮੂਰਤ ’ਚ ਮੋਰਚੇ ਵੱਲੋਂ ਫੀਲਡ ਦੌਰਿਆਂ ਦੌਰਾਨ ਚੇਅਰਮੈਨ ਤੇ ਡਾਇਰੈਕਟਰਾਂ ਦੇ ਘਿਰਾਓ ਕਰਨ, ਬਣਦੀ ਡਿਊਟੀ ਹੀ ਕਰਨ, ਸਰਕਲ ਕਨਵੈਨਸ਼ਨਾਂ ਕਰਨ ਤੇ ਪਟਿਆਲਾ ਵਿਖੇ ਉੱਚ ਅਧਿਕਾਰੀਆਂ ਦੇ ਅਚਨਚੇਤ ਘਿਰਾਓ ਦੇ ਪ੍ਰੋਗਰਾਮ ਦਿੱਤੇ ਗਏ। ਇਸ ਮੌਕੇ ਮੈਂਬਰ ਹਰਪ੍ਰੀਤ ਸਿੰਘ, ਕਰਮਜੀਤ ਸਿੰਘ ਸਿੱਧੂ, ਦਲਵੀਰ ਸਿੰਘ ਜੌਹਲ, ਅਮਿਤ ਕੁਮਾਰ, ਵਿਜੇ ਕੁਮਾਰ, ਜਗਰੂਪ ਸਿੰਘ ਮਹਿਮਦਪੁਰ, ਗੁਰਵਿੰਦਰ ਸਿੰਘ ਗੁਰੂ, ਸੰਜੀਵ ਕੁਮਾਰ, ਸੁਰਿੰਦਰ ਧਰਾਂਗਵਾਲਾ, ਅਸ਼ੋਕ ਕੁਮਾਰ, ਕੁਲਵਿੰਦਰ ਸਿੰਘ, ਸਰਦਾਰਾ ਸਿੰਘ ਗੱਜੂਮਾਜਰਾ ਆਦਿ ਹਾਜ਼ਰ ਸਨ।