- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਹ ਵੀ ਇਕ ਦੌਰ ਸੀ ਜਦੋਂ ਮੰਗਲਵਾਰ ਨੂੰ ਟੀਵੀ ’ਤੇ ਫਿਲਮ ਆਉਂਦੀ ਸੀ। ਉਸ ਨੂੰ ਦੇਖਣ ਤੋਂ ਪਹਿਲਾਂ ਘਰ ਵਾਲੇ ਪੂਰਾ ਕੰਮ ਕਰਵਾਉਂਦੇ ਸਨ ਅਤੇ ਫਿਲਮ ਦੇਖਣ ਦੇ ਲਾਲਚ ਵਿਚ ਜੋ ਵੀ ਕੰਮ ਕਿਹਾ ਜਾਂਦਾ ਸੀ, ਉਹ ਕਰਦੇ ਸਾਂ। ਰਾਤ ਨੂੰ ਜਦੋਂ ਫਿਲਮ ਦਾ ਸਮਾਂ ਹੁੰਦਾ ਤਾਂ ਬਿਜਲੀ ਬੰਦ ਹੋ ਜਾਂਦੀ।

ਦਿਨੇਸ਼ ਸ਼ਰਮਾ, ਜਾਗਰਣ, ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਵਿਚ ਸ਼ੁੱਕਰਵਾਰ ਨੂੰ ‘ਦੈਨਿਕ ਜਾਗਰਣ ਫਿਲਮ ਫੈਸਟੀਵਲ’ ਦੇ ਉਦਘਾਟਨ ਮੌਕੇ ਵੱਡਾ ਐਲਾਨ ਕੀਤਾ। ਨਿਊ ਚੰਡੀਗੜ੍ਹ ਦੇ ਨੇੜੇ 200 ਤੋਂ 300 ਏਕੜ ’ਚ ਪੰਜਾਬ ਵਿਚ ਫਿਲਮ ਸਿਟੀ ਬਣੇਗੀ। ਫਿਲਮ ਸਿਟੀ ਦੇ ਸਬੰਧ ਵਿਚ ਸਰਕਾਰ ਨੇ ਕਈ ਪ੍ਰੋਡਿਊਸਰਾਂ ਨਾਲ ਗੱਲਬਾਤ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਾਲੀਵੁੱਡ ਦੇ ਲੋਕ ਪੰਜਾਬ ਵਿਚ ਸ਼ੂਟਿੰਗ ਕਰਨ ਆਉਂਦੇ ਹਨ। ਇੱਥੇ ਸਰੋਂ ਦੇ ਪੀਲੇ ਫੁੱਲਾਂ ਦੇ ਖੇਤ ਹਨ, ਹਰਿਆਲੀ ਹੈ, ਭਾਖੜਾ ਡੈਮ ਦੀਆਂ ਝੀਲਾਂ ਹਨ। ਅਬੋਹਰ ਅਤੇ ਫਾਜ਼ਿਲਕਾ ਵਿਚ ਪੁਰਾਣੇ ਘਰ ਹਨ, ਊਠ ਵੀ ਮਿਲਦੇ ਹਨ। ਕਈ ਫਿਲਮਾਂ ਦੀ ਸ਼ੂਟਿੰਗ ਇੱਥੇ ਹੋ ਚੁੱਕੀ ਹੈ। ਇਸ ਤੋਂ ਇਲਾਵਾ, ਕੰਢੀ ਖੇਤਰ ਵਿਚ ਵੀ ਬਹੁਤ ਸਾਰੀ ਹਰਿਆਲੀ ਹੈ। ਉਨ੍ਹਾਂ ਕਿਹਾ ਕਿ ਫਿਲਮਾਂ ਦੀ ਸ਼ੂਟਿੰਗ ਤੋਂ ਬਾਅਦ ਪੋਸਟ ਪ੍ਰੋਡਕਸ਼ਨ ਦਾ ਕੰਮ ਵੀ ਇੱਥੇ ਹੀ ਹੋਵੇਗਾ। ਇਸ ਨਾਲ ਪੰਜਾਬੀ ਸਿਨੇਮਾ ਵੀ ਬਿਹਤਰ ਹੋਵੇਗਾ। ਜਾਗਰਣ ਫਿਲਮ ਫੈਸਟੀਵਲ ਦੇ ਉਦਘਾਟਨ ਮੌਕੇ ’ਤੇ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਕੈਬਨਿਟ ਮੰਤਰੀ ਹਰਦੀਪ ਮੁੰਡੀਆਂ, ਲੁਧਿਆਣਾ ਦੇ ਮੇਅਰ ਸਮੇਤ ਕਈ ਪਤਵੰਤੇ ਮੌਜੂਦ ਸਨ।
ਦੈਨਿਕ ਜਾਗਰਣ ਫਿਲਮ ਫੈਸਟੀਵਲ: ਅਨੋਖਾ ਤੇ ਸ਼ਲਾਘਾਯੋਗ
ਮੁੱਖ ਮੰਤਰੀ ਭਗਵੰਤ ਮਾਨ ਨੇ ‘ਦੈਨਿਕ ਜਾਗਰਣ’ ਦੇ ਫਿਲਮ ਫੈਸਟੀਵਲ ਦੀ ਮੰਚ ਤੋਂ ਬਹੁਤ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਆਪਣੀ ਕਿਸਮ ਦਾ ਲੋਕਾਂ ਨੂੰ ਸਿਨੇਮਾ ਨਾਲ ਜੋੜਨ ਦਾ ਅਨੋਖਾ ਯਤਨ ਹੈ। ਤਿੰਨ ਦਿਨਾਂ ਵਿਚ ਇਕ ਹੀ ਥਾਂ, ਇਕ ਛੱਤ ਦੇ ਹੇਠਾਂ ਹਿੰਦੀ, ਪੰਜਾਬੀ, ਦੱਖਣੀ ਅਤੇ ਇੱਥੋਂ ਤੱਕ ਕਿ ਵਿਦੇਸ਼ਾਂ ਦੀਆਂ ਫਿਲਮਾਂ ਵੀ ਦੇਖਣ ਨੂੰ ਮਿਲਣਗੀਆਂ ਅਤੇ ਜੀਵਨ ਬਾਰੇ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਪਹਿਲਾਂ ਅਜਿਹਾ ਨਹੀਂ ਹੁੰਦਾ ਸੀ ਪਰ ਹੁਣ ‘ਦੈਨਿਕ ਜਾਗਰਣ’ ਇਹ ਮੌਕਾ ਦੇ ਰਿਹਾ ਹੈ। ਇਸ ਨਾਲ ਸਿਨੇਮਾ ਦਾ ਦਾਇਰਾ ਬਹੁਤ ਵੱਡਾ ਹੁੰਦਾ ਹੈ।
ਪਹਿਲਾਂ ਪੈਸੇ ਲੈ ਕੇ ਜਾਂਦਾ ਸੀ ਪਿੰਡਾਂ ਵਿਚ, ਹੁਣ ਦੇਣ ਜਾਂਦਾ ਹਾਂ :
ਮੁੱਖ ਮੰਤਰੀ ਮਾਨ ਨੇ ਆਪਣਾ ਇਕ ਕਿੱਸਾ ਸਾਂਝਾ ਕੀਤਾ ਜਿਸ ਵਿਚ ਉਨ੍ਹਾਂ ਦੱਸਿਆ ਕਿ ਜਦੋਂ ਉਹ ਕਲਾਕਾਰ ਸਨ ਤਾਂ ਪੈਸੇ ਲੈ ਕੇ ਪਿੰਡਾਂ ਵਿਚ ਪ੍ਰੋਗਰਾਮ ਕਰਨ ਜਾਂਦੇ ਸਨ। ਹੁਣ ਜਦੋਂ ਮੁੱਖ ਮੰਤਰੀ ਬਣਨ ਦੇ ਬਾਅਦ ਬਰਨਾਲਾ ਦੇ ਇਕ ਪਿੰਡ ਵਿਚ ਗਿਆ ਤਾਂ ਉੱਥੇ ਲੋਕਾਂ ਨੇ ਹਿਸਾਬ ਰੱਖਿਆ ਸੀ। ਉਹ ਕਹਿਣ ਲੱਗੇ ਕਿ 1998 ਵਿਚ ਤੁਸੀਂ ਦੋ ਲੱਖ ਰੁਪਏ ਲੈ ਕੇ ਟੂਰਨਾਮੈਂਟ ਵਿਚ ਆਏ ਸੀ। ਅੱਜ ਦੇ ਹਿਸਾਬ ਨਾਲ 35 ਲੱਖ ਬਣ ਗਏ ਹਨ। ਹੁਣ ਕਲਾਕਾਰ ਨਹੀਂ, ਜੋ ਜ਼ਿੰਮੇਵਾਰੀ ਲੋਕਾਂ ਨੇ ਸੌਂਪੀ ਹੈ, ਉਸ ਨੂੰ ਨਿਭਾ ਰਿਹਾ ਹਾਂ।
ਵੀਸੀਅਰ ਵਿਚ ਪਹਿਲਾਂ ਦੇਖਣੀਆਂ ਪੈਂਦੀਆਂ ਸਨ ਗੁਆਂਢੀ ਦੇ ਵਿਆਹ ਦੀਆਂ ਫਿਲਮਾਂ:
ਉਹ ਵੀ ਇਕ ਦੌਰ ਸੀ ਜਦੋਂ ਮੰਗਲਵਾਰ ਨੂੰ ਟੀਵੀ ’ਤੇ ਫਿਲਮ ਆਉਂਦੀ ਸੀ। ਉਸ ਨੂੰ ਦੇਖਣ ਤੋਂ ਪਹਿਲਾਂ ਘਰ ਵਾਲੇ ਪੂਰਾ ਕੰਮ ਕਰਵਾਉਂਦੇ ਸਨ ਅਤੇ ਫਿਲਮ ਦੇਖਣ ਦੇ ਲਾਲਚ ਵਿਚ ਜੋ ਵੀ ਕੰਮ ਕਿਹਾ ਜਾਂਦਾ ਸੀ, ਉਹ ਕਰਦੇ ਸਾਂ। ਰਾਤ ਨੂੰ ਜਦੋਂ ਫਿਲਮ ਦਾ ਸਮਾਂ ਹੁੰਦਾ ਤਾਂ ਬਿਜਲੀ ਬੰਦ ਹੋ ਜਾਂਦੀ। ਇਸ ਤੋਂ ਬਾਅਦ ਵੀਸੀਅਰ ਦਾ ਦੌਰ ਆਇਆ। ਗੁਆਂਢੀਆਂ ਦੇ ਘਰ ਵੀਸੀਅਰ ’ਤੇ ਫਿਲਮਾਂ ਦੇਖਣੀਆਂ ਹੁੰਦੀਆਂ ਤਾਂ ਉਨ੍ਹਾਂ ਦੀਆਂ ਸ਼ਰਤਾਂ ਮੰਨਣੀਆਂ ਪੈਂਦੀਆਂ ਸਨ। ਸਭ ਤੋਂ ਪਹਿਲਾਂ ਉਨ੍ਹਾਂ ਦੇ ਪਰਿਵਾਰ ਦੀ ਵਿਆਹ ਦੀ ਫਿਲਮ ਦੋ ਘੰਟੇ ਤੱਕ ਦੇਖਣੀ ਪੈਂਦੀ ਸੀ। ਉਹ ਫਿਲਮ ਖ਼ਤਮ ਹੋਣ ਤੋਂ ਬਾਅਦ ‘ਮੌਲਾ ਜੱਟ’, ‘ਜੱਟ ਤੇ ਜ਼ਮੀਨ’ ਵਰਗੀਆਂ ਫਿਲਮਾਂ ਦੇਖਣ ਦਾ ਇੰਤਜ਼ਾਰ ਰਹਿੰਦਾ ਸੀ। ਰਾਤ ਨੂੰ ਵੀਸੀਅਰ ਵਿਚ ਫਿਲਮਾਂ ਦੇਖਣ ਤੋਂ ਬਾਅਦ ਅਗਲੇ ਦਿਨ ਕਲਾਸ ਵਿਚ ਸਾਰਿਆਂ ਨੂੰ ਨੀਂਦ ਆ ਰਹੀ ਹੁੰਦੀ ਸੀ। ਕਾਲਜ ਦੇ ਸਮੇਂ ਕਲਾਸ ਤੋਂ ਬੰਕ ਮਾਰ ਕੇ ਸੁਨਾਮ ਅਤੇ ਸੰਗਰੂਰ ਵਿਚ ਫਿਲਮ ਦੇਖਣ ਪਹੁੰਚ ਜਾਂਦੇ ਸਾਂ।
ਹੁਣ ਵੀ ਕਲਾਕਾਰ ਬਣ ਕੇ ਮੰਚ ’ਤੇ ਸਮਾਂ ਬੰਨ੍ਹ ਸਕਦਾ ਹਾਂ:
ਮੁੱਖ ਮੰਤਰੀ ਮਾਨ ਦੇ ਕਿੱਸਿਆਂ ਨੂੰ ਲੋਕ ਪੂਰੀ ਦਿਲਚਸਪੀ ਨਾਲ ਸੁਣ ਰਹੇ ਸਨ। ਮਾਹੌਲ ਖ਼ੁਸ਼ਨੁਮਾ ਬਣਿਆ ਹੋਇਆ ਸੀ। ਚਿਹਰਿਆਂ ’ਤੇ ਮੁਸਕਾਨ ਅਤੇ ਹਾਲ ਵਿਚ ਤਾੜੀਆਂ ਦੀ ਗੂੰਜ ਸੀ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਲੱਗਦਾ ਹੈ ਕਿ ਹੁਣ ਵੀ ਮੰਚ ’ਤੇ ਕਲਾਕਾਰ ਦੇ ਤੌਰ ’ਤੇ ਸਮਾਂ ਬੰਨ੍ਹ ਸਕਦਾ ਹਾਂ। ਹਥਿਆਰ ਛੱਡੇ ਹਨ, ਪਰ ਚਲਾਉਣੇ ਨਹੀਂ ਭੁੱਲੇ।