ਫਿਕੋ ਨੇ ਪੈਟਰੋਲੀਅਮ ਮੰਤਰੀ ਨਾਲ ਕੀਤੀ ਮੁਲਾਕਾਤ
ਫਿਕੋ ਨੇ ਪੈਟਰੋਲੀਅਮ ਮੰਤਰੀ ਨਾਲ ਮੁਲਾਕਾਤ ਕਰਕੇ ਡੀਜ਼ਲ ਖਰੀਦ 'ਤੇ ਨਵੀਆਂ ਪਾਬੰਦੀਆਂ ਦਾ ਕੀਤਾ ਵਿਰੋਧ
Publish Date: Sat, 13 Jun 2026 07:51 PM (IST)
Updated Date: Sun, 14 Jun 2026 04:06 AM (IST)

ਡੀਜ਼ਲ ਖਰੀਦ ’ਤੇ ਨਵੀਆਂ ਪਾਬੰਦੀਆਂ ਦਾ ਕੀਤਾ ਵਿਰੋਧ ਉਦਯੋਗਿਕ ਖੇਤਰਾਂ ਲਈ ਪੀਐੱਨਜੀ ਗੈਸ ਦੀ ਕਨੈਕਟੀਵਿਟੀ ਦੀ ਕੀਤੀ ਮੰਗ ਸਟਾਫ਼ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ ; ਫੈੱਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਦਾ ਇੱਕ ਵਫ਼ਦ ਕੇਕੇ ਸੇਠ ਚੇਅਰਮੈਨ ਫਿਕੋ ਅਤੇ ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਦੀ ਅਗਵਾਈ ਹੇਠ ਭਾਰਤ ਸਰਕਾਰ ਦੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਮਿਲਿਆ ਅਤੇ ਹਾਲ ਹੀ ਵਿੱਚ ਜਾਰੀ ਕੀਤੇ ਗਏ ਮੋਟਰ ਸਪਿਰਿਟ ਅਤੇ ਹਾਈ ਸਪੀਡ ਡੀਜ਼ਲ (ਰਿਟੇਲ ਆਉਟਲੈਟਾਂ ਰਾਹੀਂ ਸਪਲਾਈ ਦਾ ਅਸਥਾਈ ਨਿਯਮਨ) ਆਰਡਰ, 2026 ਸਬੰਧੀ ਆਪਣੀਆਂ ਗੰਭੀਰ ਚਿੰਤਾਵਾਂ ਦਰਸਾਉਂਦਿਆਂ ਇੱਕ ਮੰਗ ਪੱਤਰ ਸੌਂਪਿਆ। ਵਫ਼ਦ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਉਦਯੋਗਿਕ ਅਤੇ ਵਪਾਰਕ ਖਪਤਕਾਰਾਂ ਵੱਲੋਂ ਰਿਟੇਲ ਆਉਟਲੈਟਾਂ ਤੋਂ ਡੀਜ਼ਲ ਖਰੀਦਣ ਤੇ ਲਗਾਈਆਂ ਗਈਆਂ ਪਾਬੰਦੀਆਂ ਅਤੇ ਪ੍ਰਤੀ ਵਾਹਨ ਪ੍ਰਤੀ ਦਿਨ 200 ਲੀਟਰ ਡੀਜ਼ਲ ਦੀ ਸੀਮਾ ਉਦਯੋਗਾਂ, ਖ਼ਾਸ ਕਰਕੇ ਐਮਐਸਐਮਈ ਖੇਤਰ, ਨੂੰ ਗੰਭੀਰ ਤੌਰ ਤੇ ਪ੍ਰਭਾਵਿਤ ਕਰੇਗੀ। ਜ਼ਿਆਦਾਤਰ ਉਦਯੋਗ ਆਪਣੀ ਰੋਜ਼ਾਨਾ ਡੀਜ਼ਲ ਲੋੜ ਲਈ ਪੈਟਰੋਲ ਪੰਪਾਂ ਤੇ ਨਿਰਭਰ ਹਨ ਕਿਉਂਕਿ ਉਨ੍ਹਾਂ ਕੋਲ ਆਪਣੇ ਕਨਜ਼ਿਊਮਰ ਪੰਪ ਜਾਂ ਇੰਧਨ ਸਟੋਰੇਜ ਦੀ ਸਹੂਲਤ ਨਹੀਂ ਹੈ। ਵਫ਼ਦ ਨੇ ਇਹ ਵੀ ਉਜਾਗਰ ਕੀਤਾ ਕਿ ਲੁਧਿਆਣਾ ਉੱਤਰੀ ਭਾਰਤ ਦਾ ਇੱਕ ਪ੍ਰਮੁੱਖ ਉਦਯੋਗਿਕ ਕੇਂਦਰ ਹੈ, ਜਿੱਥੇ ਸਾਈਕਲਾਂ, ਟੈਕਸਟਾਈਲ, ਹੋਜ਼ਰੀ, ਮਸ਼ੀਨ ਟੂਲਜ਼, ਫਾਸਟਨਰਜ਼, ਆਟੋ ਪਾਰਟਸ, ਖੇਤੀਬਾੜੀ ਮਸ਼ੀਨਰੀ, ਟਾਇਰ-ਟਿਊਬ, ਹੈਂਡ ਟੂਲਜ਼, ਸਿਲਾਈ ਮਸ਼ੀਨਾਂ ਅਤੇ ਪਲਾਈਵੁੱਡ ਦਾ ਵੱਡੇ ਪੱਧਰ ਤੇ ਨਿਰਮਾਣ ਹੁੰਦਾ ਹੈ। ਉਦਯੋਗ ਸਾਫ਼-ਸੁਥਰੇ ਇੰਧਨ ਨੂੰ ਅਪਣਾਉਣ ਅਤੇ ਵਾਤਾਵਰਣ ਸਬੰਧੀ ਪਹਿਲਾਂ ਦਾ ਸਮਰਥਨ ਕਰਨ ਲਈ ਤਿਆਰ ਹਨ, ਪਰ ਡੋਰਾਹਾ ਤੱਕ ਗੈਸ ਪਾਈਪਲਾਈਨ ਪਹੁੰਚਣ ਦੇ ਬਾਵਜੂਦ ਲੁਧਿਆਣਾ ਦੇ ਬਹੁਤੇ ਉਦਯੋਗਿਕ ਖੇਤਰਾਂ ਅਤੇ ਫੋਕਲ ਪੁਆਇੰਟਾਂ ਨੂੰ ਅਜੇ ਤੱਕ ਪਾਈਪਡ ਨੈਚੁਰਲ ਗੈਸ (ਪੀਐਨਜੀ) ਦੀ ਸਹੂਲਤ ਨਹੀਂ ਮਿਲੀ। ਫਿਕੋ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਨੋਟੀਫਿਕੇਸ਼ਨ ਤੇ ਮੁੜ ਵਿਚਾਰ ਕੀਤਾ ਜਾਵੇ, ਉਦਯੋਗਾਂ ਤੇ ਲਗਾਈਆਂ ਪਾਬੰਦੀਆਂ ਵਾਪਸ ਲਈਆਂ ਜਾਣ ਅਤੇ ਡੀਜ਼ਲ ਖਰੀਦ ਤੇ ਕਿਸੇ ਵੀ ਕਿਸਮ ਦੀ ਸੀਮਾ ਲਗਾਉਣ ਤੋਂ ਪਹਿਲਾਂ ਸਾਰੇ ਉਦਯੋਗਿਕ ਖੇਤਰਾਂ ਵਿੱਚ ਪੀਐਨਜੀ ਕਨੈਕਟੀਵਿਟੀ ਮੁਹੱਈਆ ਕਰਵਾਈ ਜਾਵੇ। ਇਸ ਮੌਕੇ ਰਾਜੀਵ ਜੈਨ ਸੀਨੀਅਰ ਵਾਈਸ ਪ੍ਰਧਾਨ ਫਿਕੋ, ਸਤਨਾਮ ਸਿੰਘ ਮੱਕੜ ਪ੍ਰਚਾਰ ਸਕੱਤਰ, ਮੰਕਰ ਗਰਗ ਮੁਖੀ ਪਲਾਸਟਿਕ ਡਿਵੀਜ਼ਨ, ਬਰਿੰਦਰ ਬਾਵਾ, ਐਗਜ਼ੈਕਟਿਵ ਮੈਂਬਰ, ਗੁਰਮੁਖ ਸਿੰਘ ਰੂਪਾਲ ਮੁਖੀ ਸਿਲਾਈ ਮਸ਼ੀਨ ਡਿਵੀਜ਼ਨ ਅਤੇ ਤਰਸੇਮ ਲਾਲ ਥਾਪਰ ਮੁਖੀ ਮਾਲੇਰਕੋਟਲਾ ਡਿਵੀਜ਼ਨ ਹਾਜ਼ਰ ਸਨ।