- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘੱਟ ਵੋਲਟੇਜ਼ ਕਰਕੇ ਘਰਾਂ ’ਚ ਸੜਦੇ ਬਿਜਲਈ ਉਪਰਕਣ, ਬਣਿਆਂ ਪਾਣੀ ਦਾ ਗੰਭੀਰ ਸੰਕਟ

-ਬਿਜਲੀ ਮੰਤਰੀ ਦੇ ਸ਼ਹਿਰ ’ਚ ਬਿਜਲੀ ਦੀ ਸਮੱਸਿਆ ਤੋੰ ਲੋਕ ਔਖੇ, ਪਾਣੀ ਲਿਆਉਣ ਲਈ ਚੁੱਕਣੀਆਂ ਪਈਆਂ ਬਾਲਟੀਆਂ
ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ : ਡੀਏਵੀ ਸਕੂਲ ਦੇ ਨੇੜੇ ਵਾਰਡ ਨੰਬਰ 20 ਖੰਨਾ ਇਲਾਕੇ ’ਚ ਬਿਜਲੀ ਦੀ ਸਪਲਾਈ ਸਹੀ ਨਾ ਹੋਣ ਕਰਕੇ ਪਾਣੀ ਦੀ ਵੱਡੀ ਕਿੱਲਤ ਪੈਦਾ ਹੋ ਗਈ ਹੈ, ਜਿਸ ਕਰਕੇ ਇਸ ਇਲਾਕੇ ਦੇ ਰਾਜਸਥਾਨ ਵਰਗੇ ਹਾਲਾਤ ਬਣੇ ਹੋਏ ਹਨ। ਇਸ ਇਲਾਕੇ ’ਚ ਬਿਜਲੀ ਦੀ ਸਮੱਸਿਆ ਹੋਣ ਕਰਕੇ ਜਿੱਥੇ ਲੋਕਾਂ ਦੇ ਘਰਾਂ ਦੀ ਬਿਜਲੀ ਡਿੰਮ ਹੈ, ਉੱਥੇ ਹੀ ਬਿਜਲੀ ਦੀ ਸਪਲਾਈ ਸਹੀ ਨਾ ਹੋਣ ਕਰਕੇ ਪਾਣੀ ਦਾ ਸੰਕਟ ਬਣਿਆ ਹੋਇਆ ਹੈ। ਇਲਾਕੇ ਦੇ ਲੋਕਾਂ ਨੂੰ ਪਾਣੀ ਲਿਆਉਣ ਲਈ ਬਾਲਟੀਆਂ ਚੁੱਕਣੀਆਂ ਪੈ ਗਈਆਂ ਹਨ। ਪਾਣੀ ਦੀ ਟੈਂਕੀ ਅੱਗੇ ਲੋਕਾਂ ਦੀਆਂ ਲਾਈਨਾਂ ਲੱਗਦੀਆਂ ਹਨ। ਜਿਸ ਤੋਂ ਦੁਖੀ ਹੋ ਕੇ ਲੋਕਾਂ ਨੇ ਸਰਕਾਰ ਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਲਾਕੇ ਲੋਕਾਂ ਨੇ ਦੱਸਿਆ ਕਿ ਬਿਜਲੀ ਸਪਲਾਈ ਦੀ ਘੱਟ ਵੋਲਟੇਜ਼ ਤੋਂ ਪ੍ਰੇਸ਼ਾਨ ਹੋ ਕੇ ਮੁਹੱਲਾ ਵਾਸੀਆਂ ਨੇ ਕਾਰਜਕਾਰੀ ਇੰਜਨੀਅਰ ਖੰਨਾ ਨੂੰ ਮੰਗ ਪੱਤਰ ਦਿੱਤਾ ਪਰ ਕਰੀਬ ਹਫ਼ਤੇ ਤੋਂ ਸਮੱਸਿਆ ਦਾ ਹੱਲ ਨਹੀਂ ਹੋਇਆ। ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਦੇ ਹਲਕੇ ਦੀ ਇਹ ਵੱਡੀ ਸਮੱਸਿਆਂ ’ਤੇ ਆਉਣ ਵਾਲੇ ਦਿਨਾਂ ’ਚ ਸਿਆਸਤ ਵੀ ਭਖ਼ ਸਕਦੀ ਹੈ ਕਿਉਂਕਿ ਲੋਕਾਂ ਦੀ ਸਮੱਸਿਆਂ ਦਾ ਕਿਸੇ ਨੇ ਹੱਲ ਨਹੀਂ ਕੀਤਾ, ਜਿਸ ਦਾ ਪਤਾ ਲੱਗਣ ’ਤੇ ਸਾਬਕਾ ਮੰਤਰੀ ਗੁਰਕੀਰਤ ਕੋਟਲੀ ਲੋਕਾਂ ਦੀ ਹਾਲ ਜਾਣਨ ਲਈ ਪੁੱਜੇ।
ਵਾਰਡ ਵਾਸੀਆਂ ਸੁਮਿਤ, ਅਮਨਪ੍ਰੀਤ ਕੌਰ ਤੇ ਸੰਭੂ ਨੇ ਦੱਸਿਆ ਕਿ ਅਸੀ ਸਮੂਹ ਮੁਹੱਲਾ ਨਿਵਾਸੀ ਅਤੇ ਘਰੇਲੂ ਬਿਜਲੀ ਮੀਟਰ ਖਪਤਕਾਰ ਵਾਸੀ ਵਾਰਡ ਨੰਬਰ 20 ਨੇੜੇ ਡੀਏਵੀ ਸਕੂਲ, ਗੁਰਦੁਆਰਾ ਸਾਹਿਬ ਦੇ ਸਾਹਮਣੇ ਵਾਲੀ ਗਲੀ ਖੰਨਾ ਦੇ ਰਹਿਣ ਵਾਲੇ ਹਾਂ। ਸਾਡੇ ਘਰਾਂ ਦੀ ਕਈ ਦਿਨਾਂ ਤੋਂ ਬਿਜਲੀ ਦੀ ਸਪਲਾਈ ਦੀ ਵੋਲਟੇਜ਼ ਬਹੁਤ ਜਿਆਦਾ ਘੱਟ ਆ ਰਹੀ ਹੈ ਤੇ ਜਿਸ ਟਰਾਂਸਫਾਰਮ ਤੋਂ ਸਾਡੇ ਘਰਾਂ ਨੂੰ ਬਿਜਲੀ ਦੀ ਸਪਲਾਈ ਸਾਡੇ ਘਰਾਂ ਤੱਕ ਆਉਂਦੀ ਹੈ, ਉਹ ਟਰਾਂਸਫਾਰਮਰ ਸਾਡੇ ਘਰਾਂ ਤੋ ਕਾਫੀ ਦੂਰ ਹੈ, ਜਿਸ ਕਾਰਨ ਸਾਡੇ ਘਰਾਂ ਨੂੰ ਬਿਜਲੀ ਦੀ ਵੋਲਟੇਜ਼ ਪੂਰੀ ਨਹੀ ਆਉਦੀ ਤੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਨਾਲ ਹੀ ਸਾਡੇ ਘਰਾਂ ’ਚ ਚੱਲਣ ਵਾਲੇ ਬਿਜਲੀ ਦੇ ਯੰਤਰ ਘੱਟ ਵੋਲਟੇਜ਼ ਆਉਣ ਨਾਲ ਸੜ ਜਾਂਦੇ ਹਨ ਤੇ ਸਾਡਾ ਕਾਫੀ ਮਾਲੀ ਨੁਕਸਾਨ ਹੁੰਦਾ ਹੈ। ਜਿਸ ਟਰਾਂਸਫਾਰਮ ਤੋ ਸਪਲਾਈ ਆ ਰਹੀ ਹੈ, ਉਸ ’ਤੇ ਬਹੁਤ ਜਿਆਦਾ ਲੋਡ ਹੈ ਤੇ ਸਾਡੇ ਘਰਾਂ ’ਚ ਰੋਜਾਨਾ ਚੱਲਣ ਵਾਲੇ ਬਿਜਲੀ ਦੇ ਯੰਤਰ ਵਾਰ-2 ਖਰਾਬ ਹੋ ਰਹੇ ਹਨ।
-ਪੰਜ ਦਿਨਾਂ ਤੋਂ ਸੰਤਾਪ ਹੰਢਾ ਰਹੇ ਨੇ ਇਲਾਕਾ ਵਾਸੀ
ਉਨ੍ਹਾਂ ਕਿਹਾ ਕਿ 40 ਤੋਂ 45 ਡਿਗਰੀ ਤਾਪਮਾਨ ਹੋਣ ਕਰਕੇ ਅੱਤ ਦੀ ਗਰਮੀ ਦਾ ਸੀਜ਼ਨ ਹੈ ਤੇ ਬਿਜਲੀ ਦੀ ਜ਼ਰੂਰਤ ਵੀ ਜ਼ਿਆਦਾ ਹੁੰਦੀ ਹੈ ਪਰ ਵੋਲਟੇਜ਼ ਬਹੁਤ ਘੱਟ ਆਉਂਦੀ ਹੈ। ਜਿਸ ਕਾਰਨ ਗਰਮੀ ਦਾ ਸਾਹਮਣਾ ਕਰਨਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ। ਬੱਚਿਆਂ ਤੇ ਬਜ਼ੁਰਗਾਂ ਦਾ ਤਾਂ ਬਹੁਤ ਹੀ ਔਖਾ ਹੈ। ਜਿਸ ਟਰਾਂਸਫਾਰਮ ਤੋਂ ਸਪਲਾਈ ਆਉਂਦੀ ਹੈ, ਉਹ ਛੋਟਾ ਵੀ ਹੈ ਤੇ ਸਿੰਗਲ ਫੇਸ ਹੈ। ਜਿਸ ਕਾਰਨ ਸਾਡੇ ਘਰਾਂ ਤੱਕ ਪਿਛਲੇ 5 ਦਿਨਾਂ ਤੋਂ ਬਿਜਲੀ ਦੀ ਸਪਲਾਈ ਪੂਰੀ ਨਹੀਂ ਆਈ। ਰੋਜਾਨਾ ਬਿਜਲੀ ਦੇ ਨਾਲ ਚੱਲਣ ਵਾਲੇ ਯੰਤਰ ਵੀ ਨਹੀ ਚੱਲਦੇ ਬਿਜਲੀ ਦੀ ਸਪਲਾਈ ਪੂਰੀ ਨਾ ਹੋਣ ਕਾਰਨ ਪਾਣੀ ਵਾਲੇ ਸਬਮਰਸੀਬਲ ਪੰਪ ਨਹੀ ਚੱਲ ਰਹੇ। ਪਿਛਲੇ 5 ਦਿਨਾਂ ਤੋਂ ਮੁਹੱਲਾ ਨਿਵਾਸੀਆਂ ਨੂੰ ਪਾਣੀ ਸਬੰਧੀ ਬਹੁਤ ਮੁਸ਼ਕਿਲਾਂ ਆ ਰਹੀਆਂ ਹਨ। ਬਿਨ੍ਹਾਂ ਪਾਣੀ ਤੋਂ ਗੁਜਾਰਾ ਕੀਤਾ ਜਾ ਰਿਹਾ ਹੈ ਜਦਕਿ ਗਰਮੀ ਦੇ ਸੀਜਨ ’ਚ ਪਾਣੀ ਦੀ ਹਰ ਇੱਕ ਨੂੰ ਜਰੂਰਤ ਹੁੰਦੀ ਹੈ। ਲੋਕਾਂ ਨੇ ਮੰਗ ਕੀਤੀ ਕਿ ਇਸ ਸਬੰਧੀ ਜਲਦ ਤੋਂ ਜਲਦ ਮੌਕਾ ਦੇਖ ਕੇ ਇੱਕ ਨਵਾਂ ਤੇ ਵੱਡਾ ਟਰਾਸਫਾਰਮ ਲਗਾਇਆ ਜਾਵੇ ਤੇ ਸਾਡੇ ਘਰਾਂ ਦੀ ਵੋਲਟੇਜ਼ ਪੂਰੀ ਕੀਤੀ ਜਾਵੇ। ਇਸ ਮੌਕੇ ਹਰਦੀਪ ਸਿੰਘ, ਅਮੀਸ਼ ਕੁਮਾਰ, ਰਾਮ, ਜਗਪ੍ਰੀਤ ਸਿੰਘ, ਸੰਜੀਤ ਸ਼ਰਮਾ, ਤੇਜਿੰਦਰ ਕੁਮਾਰ, ਸੋਹਣ ਲਾਲ, ਜਸਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਪ੍ਰੇਮ ਚੰਦ, ਅਮਰ ਸਿੰਘ, ਰਾਮ ਗੋਇਲ, ਹਰਭਿੰਦਰ ਸਿੰਘ, ਸੁਰੇਸ਼ ਕੁਮਾਰ, ਰਾਹੁਲ ਸਿੰਘ, ਰਾਮਚੰਦਰ, ਜਸਪਾਲ ਸਿੰਘ ਆਦਿ ਹਾਜ਼ਰ ਸਨ।
-ਕੋਈ ਨਹੀਂ ਆਇਆਂ ਤਾਂ ਕੋਟਲੀ ਪੁੱਜੇ ਸਾਰ ਲੈਣ
ਲੋਕਾਂ ਦੀ ਸਾਰ ਲੈਣ ਲਈ ਸਾਬਕਾ ਮੰਤਰੀ ਗੁਰਕੀਰਤ ਕੋਟਲੀ ਵਾਰਡ ਨੰਬਰ 20 ’ਚ ਪੁੱਜੇ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਕੋਟਲੀ ਨੇ ਕਿਹਾ ਕਿ ਇਸ ਇਲਾਕੇ ’ਚ ਲੋਕਾਂ ਦੀ ਕਾਫ਼ੀ ਆਬਾਦੀ ਹੈ ਪਰ ਇੱਥੇ ਕਈ ਦਿਨਾਂ ਤੋਂ ਬਿਜਲੀ ਡਿੰਮ ਹੋਣ ਕਰਕੇ ਲੋਕਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਬਿਜਲੀ ਵਿਭਾਗ ਨੂੰ ਕਈ ਸ਼ਿਕਾਇਤਾਂ ਕੀਤੀਆਂ ਹਨ ਪਰ ਕੋਈ ਕਾਰਵਾਈ ਨਹੀਂ ਕੀਤੀ। ਲੋਕਾਂ ਦੀ ਮੰਗ ਅਧਿਕਾਰੀਆਂ ਦੇ ਧਿਆਨ ’ਚ ਲਿਆ ਕੇ ਹੱਲ ਕਰਵਾਇਆ ਜਾਵੇਗਾ। ਕੋਟਲੀ ਨੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਲੋਕਾਂ ਦੀ ਸਮੱਸਿਆ ਦਾ ਤੁਰੰਤ ਹੱਲ ਨਹੀਂ ਕੀਤਾ ਗਿਆ ਤਾਂ ਉਹ ਲੋਕਾਂ ਨਾਲ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।
ਐਕਸੀਅਨ ਖੰਨਾ ਅਮਨ ਗੁਪਤਾ ਨੇ ਕਿਹਾ ਕਿ ਇਹ ਮਸਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ, ਉਹ ਐੱਸਡੀਓ ਦੀ ਡਿਊਟੀ ਲਗਾ ਕੇ ਮਸਲਾ ਹੱਲ ਕਰਵਾ ਦੇਣਗੇ।