
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਉਨ੍ਹਾਂ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਚੋਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਚੁੱਕੇ ਸਨ।

ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ, ਲੁਧਿਆਣਾ: ਬਸੰਤ ਸਿਟੀ ਦੀ ਥਰੀਕੇ ਕਾਲੋਨੀ ਵਿੱਚ ਚੋਰਾਂ ਵੱਲੋਂ ਘਰ ਦੀਆਂ ਅਲਮਾਰੀਆਂ ਖੰਗਾਲ ਕੇ ਸੋਨੇ ਦੇ ਕੀਮਤੀ ਗਹਿਣੇ ਅਤੇ ਨਕਦੀ ਚੋਰੀ ਕਰਨ ਦੀ ਵਾਰਦਾਤ ਨੇ ਇੱਕ ਪਰਿਵਾਰ ਨੂੰ ਬਹੁਤ ਵੱਡਾ ਸਦਮਾ ਦੇ ਦਿੱਤਾ। ਚੋਰੀ ਦੀ ਵਾਰਦਾਤ ਨੂੰ ਬਰਦਾਸ਼ਤ ਨਾ ਕਰਦੇ ਹੋਏ ਘਰ ਦੀ 70 ਸਾਲਾ ਬਜ਼ੁਰਗ ਔਰਤ ਦੀ ਜਾਨ ਹੀ ਚਲੀ ਗਈ। ਸਵੇਰੇ ਉੱਠਣ ਤੋਂ ਬਾਅਦ ਜਦੋਂ ਸ਼ਕੁੰਤਲਾ ਦੇਵੀ ਨੇ ਘਰ ਦੀਆਂ ਅਲਮਾਰੀਆਂ ਖੁੱਲ੍ਹੀਆਂ ਦੇਖੀਆਂ ਅਤੇ ਉਨ੍ਹਾਂ ਵਿੱਚੋਂ ਸੋਨੇ-ਚਾਂਦੀ ਦੇ ਗਹਿਣੇ ਤੇ ਨਕਦੀ ਗਾਇਬ ਮਿਲੀ ਤਾਂ ਉਹ ਇਹ ਸਦਮਾ ਸਹਿ ਨਾ ਸਕੀ। ਉਨ੍ਹਾਂ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਚੋਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਚੁੱਕੇ ਸਨ।
ਥਰੀਕੇ ਕਾਲੋਨੀ ਵਾਸੀ ਹੌਜ਼ਰੀ ਕਾਰੋਬਾਰੀ ਗਗਨਦੀਪ ਅਰੋੜਾ ਦੇ ਘਰ ਵਿੱਚ ਦੇਰ ਰਾਤ ਨੂੰ ਅਣਪਛਾਤੇ ਚੋਰ ਦਾਖਲ ਹੋਏ। ਘਰ ਵਿੱਚ ਦਾਖਲ ਹੋਣ ਤੋਂ ਬਾਅਦ ਚੋਰਾਂ ਨੇ ਅਲਮਾਰੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਵਿੱਚ ਪਏ ਸੋਨੇ ਦੇ ਗਹਿਣੇ, ਸੋਨੇ-ਚਾਂਦੀ ਦੇ ਹੋਰ ਕੀਮਤੀ ਗਹਿਣੇ, ਨਕਦੀ ਅਤੇ ਮੋਬਾਈਲ ਫੋਨ ਚੋਰੀ ਕਰ ਲਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਚੋਰ ਮੌਕੇ ਤੋਂ ਫਰਾਰ ਹੋ ਗਏ।
ਹੌਜਰੀ ਕਾਰੋਬਾਰੀ ਗਗਨ ਅਰੋੜਾ ਨੇ ਦੱਸਿਆ ਕਿ ਤੜਕੇ ਜਦੋਂ ਪਰਿਵਾਰ ਜਾਗਿਆ ਤਾਂ ਘਰ ਵਿੱਚ ਸਾਮਾਨ ਖਿੱਲਰਿਆ ਪਿਆ ਸੀ ਅਤੇ ਅਲਮਾਰੀਆਂ ਖੁੱਲ੍ਹੀਆਂ ਹੋਈਆਂ ਸਨ। ਅਲਮਾਰੀਆਂ ਵਿੱਚੋਂ ਕੀਮਤੀ ਗਹਿਣੇ ਅਤੇ ਨਕਦੀ ਗਾਇਬ ਦੇਖ ਕੇ ਸ਼ਕੁੰਤਲਾ ਦੇਵੀ ਨੂੰ ਚੋਰੀ ਦਾ ਡੂੰਘਾ ਸਦਮਾ ਲੱਗਾ। ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਦੀ ਹਾਲਤ ਅਚਾਨਕ ਵਿਗੜ ਗਈ ਅਤੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਚੋਰੀ ਦੀ ਵਾਰਦਾਤ ਨੇ ਜਿੱਥੇ ਪਰਿਵਾਰ ਨੂੰ ਆਰਥਿਕ ਨੁਕਸਾਨ ਪਹੁੰਚਾਇਆ, ਉੱਥੇ ਬਜ਼ੁਰਗ ਔਰਤ ਦੀ ਮੌਤ ਕਾਰਨ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।
ਮਾਮਲੇ ਸਬੰਧੀ ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਘਰ ਅਤੇ ਆਲੇ ਦੁਆਲੇ ਲੱਗੇ ਨਿਗਰਾਨੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਚੋਰੀ ਹੋਏ ਗਹਿਣਿਆਂ ਅਤੇ ਨਕਦੀ ਸਬੰਧੀ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੇ ਆਧਾਰ ’ਤੇ ਚੋਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ।